ਪੰਜਾਬ 'ਚ ਨਹੀਂ ਖ਼ਤਮ ਹੋ ਰਿਹਾ 'ਵੀ.ਆਈ.ਪੀ.' ਕਲਚਰ

ਪੰਜਾਬ 'ਚ ਨਹੀਂ ਖ਼ਤਮ ਹੋ ਰਿਹਾ 'ਵੀ.ਆਈ.ਪੀ.' ਕਲਚਰ

ਹੁਸ਼ਿਆਰਪੁਰ, - ਇਕ ਪਾਸੇ ਸੂਬਾ ਸਰਕਾਰ ਵਲੋਂ ਵੀ.ਆਈ.ਪੀ. ਕਲਚਰ ਨੂੰ ਖ਼ਤਮ ਕਰਨ ਦੇ ਵੱਡੇ-ਵੱਡੇ ਦਾਅਵੇ ਕੀਤੇ ਜਾ ਰਹੇ ਹਨ, ਪ੍ਰੰਤੂ ਮੰਜ਼ਰ ਇਹ ਹੈ ਕਿ ਮੁੱਖ ਮੰਤਰੀ ਦੀ ਆਮਦ ਨੂੰ ਲੈ ਕੇ ਘੰਟਿਆਂਬੱਧੀ ਹੁਸ਼ਿਆਰਪੁਰ-ਚੰਡੀਗੜ੍ਹ ਮੁੱਖ ਮਾਰਗ ਨੂੰ ਨੰਗਲ ਸ਼ਹੀਦਾਂ ਟੋਲ ਪਲਾਜ਼ੇ ਨਜ਼ਦੀਕ ਬੰਦ ਰੱਖਿਆ ਗਿਆ | ਉਕਤ ਮਾਰਗ 'ਤੇ ਬੈਰੀਕੇਡ ਅਤੇ ਪੁਲਿਸ ਲਗਾ ਕੇ ਇਸ ਨੂੰ ਆਵਾਜਾਈ ਲਈ ਬੰਦ ਕਰ ਦਿੱਤਾ ਗਿਆ, ਜਿਸ ਦੇ ਚੱਲਦਿਆਂ ਟੋਲ ਪਲਾਜ਼ੇ ਦੇ ਦੋਨੋਂ ਪਾਸੇ ਕਈ ਕਿੱਲੋਮੀਟਰ ਤੱਕ ਜਾਮ ਲੱਗ ਗਿਆ | ਇਸ ਦੇ ਨਾਲ ਹੀ ਸਕੂਲਾਂ/ਕਾਲਜਾਂ ਤੋਂ ਘਰ ਪਰਤ ਰਹੇ ਵਿਦਿਆਰਥੀਆਂ ਦੀਆਂ ਬੱਸਾਂ ਨੂੰ ਵੀ ਰੋਕ ਦਿੱਤਾ ਗਿਆ ਅਤੇ ਉਹ ਵੀ ਕਈ ਕਿੱਲੋਮੀਟਰ ਤੱਕ ਪੈਦਲ ਚੱਲ ਕੇ ਖੱਜਲ ਖੁਆਰ ਹੁੰਦੇ ਰਹੇ | ਏਨਾ ਹੀ ਨਹੀਂ ਪੁਲਿਸ ਵਲੋਂ ਪੱਤਰਕਾਰਾਂ ਦੀ ਨਜ਼ਰ ਤੋਂ ਬਚਣ ਲਈ ਵਿਦਿਆਰਥੀਆਂ ਨੂੰ ਖੇਤਾਂ ਰਾਹੀਂ ਜਾਣ ਲਈ ਕਹਿ ਦਿੱਤਾ ਗਿਆ | ਇਸ ਮੌਕੇ ਜਦੋਂ ਮੁੱਖ ਮੰਤਰੀ ਨੂੰ ਮੰਗ ਪੱਤਰ ਦੇਣ ਲਈ ਪਾਵਰਕਾਮ ਦੇ ਸੀ.ਐਚ.ਬੀ. ਦੇ ਠੇਕਾ ਮੁਲਾਜ਼ਮ ਆਏ ਤਾਂ ਪੁਲਿਸ ਵਲੋਂ ਉਨ੍ਹਾਂ ਨੂੰ ਹਿਰਾਸਤ 'ਚ ਲੈ ਲਿਆ ਗਿਆ | ਇਸੇ ਤਰ੍ਹਾਂ ਫਾਇਰ ਬਿ੍ਗੇਡ ਦੇ ਕੱਚੇ ਕਾਮਿਆਂ ਨੇ ਵੀ ਮੰਗ ਪੱਤਰ ਦੇਣਾ ਚਾਹਿਆ ਤਾਂ ਪੁਲਿਸ ਨੇ ਉਨ੍ਹਾਂ ਨੂੰ ਵੀ ਰੋਕ ਦਿੱਤਾ | ਇਸ ਮੌਕੇ ਉਕਤ ਵਿਭਾਗਾਂ ਨਾਲ ਸੰਬੰਧਿਤ ਮੁਲਾਜ਼ਮਾਂ ਵਲੋਂ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਵੀ ਕੀਤੀ ਗਈ |
ਬਰਾਤ ਵੀ ਜਾਮ 'ਚ ਫਸੀ
ਇਸ ਘੰਟਿਆਂ ਬੱਧੀ ਲੱਗੇ ਜਾਮ 'ਚ ਲੁਧਿਆਣਾ ਤੋਂ ਆਈ ਇਕ ਬਰਾਤ ਨੂੰ ਵੀ ਅੱਗੇ ਜਾਣ ਨਹੀਂ ਦਿੱਤਾ ਗਿਆ | ਇਸ ਮੌਕੇ ਜਦੋਂ ਲਾੜੇ ਦੇ ਪਿਤਾ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਦੱਸਿਆ ਕਿ ਉਹ ਲੁਧਿਆਣਾ ਤੋਂ ਬਰਾਤ ਲੈ ਕੇ ਆਏ ਹਨ ਅਤੇ ਪੁਲਿਸ ਨੇ ਉਨ੍ਹਾਂ ਨੂੰ ਅੱਗੇ ਜਾਣ ਤੋਂ ਰੋਕ ਦਿੱਤਾ | ਜ਼ਿਕਰਯੋਗ ਹੈ ਕਿ ਸੱਤਾ 'ਚ ਆਉਣ ਤੋਂ ਪਹਿਲਾਂ 'ਆਪ' ਦੇ ਸੀਨੀਅਰ ਆਗੂ ਵੀ.ਆਈ.ਪੀ. ਕਲਚਰ ਦੇ ਨਾਂਅ 'ਤੇ ਹੋਰਨਾਂ ਰਾਜਸੀ ਪਾਰਟੀਆਂ 'ਤੇ ਤੰਜ ਕੱਸਦੇ ਸਨ ਤੇ ਹੁਣ ਸੱਤਾ 'ਚ ਆਉਣ ਤੋਂ ਬਾਅਦ ਮੁੱਖ ਮੰਤਰੀ ਤੇ ਹੋਰ ਮੰਤਰੀ/ਆਗੂ ਵੀ.ਆਈ.ਪੀ. ਕਲਚਰ ਦਾ ਖੁੱਲ੍ਹ ਕੇ ਨਿੱਘ ਮਾਣ ਰਹੇ ਹਨ |
ਝੂਠੀ ਵਾਹ-ਵਾਹ ਖੱਟਣ ਲਈ ਡਰਾਮਾ ਕੀਤਾ ਮੁੱਖ ਮੰਤਰੀ ਨੇ-ਭਾਜਪਾ ਆਗੂ
ਹੁਸ਼ਿਆਰਪੁਰ, - ਸਾਬਕਾ ਮੇਅਰ ਸ਼ਿਵ ਸੂਦ, ਕਮਲਜੀਤ ਸੇਤੀਆ, ਅਸ਼ਵਨੀ ਗੈਂਦ, ਯਸ਼ਪਾਲ ਸ਼ਰਮਾ, ਜੀਵੇਦ ਸੂਦ, ਪੁਨੀਤ ਸ਼ਰਮਾ ਆਦਿ ਨੇ ਕਿਹਾ ਕਿ ਅਸਲੀ ਮੁੱਦਿਆਂ ਨਸ਼ੇ ਅਤੇ ਚਰਮਰਾ ਚੁੱਕੀ ਕਾਨੂੰਨ ਵਿਵਸਥਾ ਤੋਂ ਲੋਕਾਂ ਦੇ ਧਿਆਨ ਨੂੰ ਹਟਾਉਣ ਅਤੇ ਝੂਠੀ ਵਾਹ-ਵਾਹ ਖੱਟਣ ਦੇ ਚੱਕਰ ਵਿਚ ਸਮਝੌਤੇ ਮੁਤਾਬਿਕ ਬੀਤੀ ਅੱਧੀ ਰਾਤ ਨੂੰ ਬੰਦ ਹੋ ਚੁੱਕੇ ਟੋਲ ਪਲਾਜ਼ਿਆਂ ਨੂੰ ਮੁੱਖ ਮੰਤਰੀ ਭਗਵੰਤ ਮਾਨ ਦੁਆਰਾ ਵਿਸ਼ਾਲ ਪ੍ਰੋਗਰਾਮ ਕਰਕੇ ਬੰਦ ਕਰਨ ਦਾ ਡਰਾਮਾ ਕੀਤਾ ਗਿਆ | ਅਜਿਹਾ ਕਰਕੇ ਮੁੱਖ ਮੰਤਰੀ ਨੇ ਜਿੱਥੇ ਲੋਕਾਂ ਨੂੰ ਗੁੰਮਰਾਹ ਕਰਨ ਦਾ ਯਤਨ ਕੀਤਾ ਉੱਥੇ ਸਰਕਾਰ ਦੇ ਪੈਸੇ ਦੀ ਵੀ ਬਰਬਾਦੀ ਕੀਤੀ ਹੈ | ਭਾਜਪਾ ਨੇਤਾਵਾਂ ਨੇ ਕਿਹਾ ਕਿ 17 ਸਾਲ ਪਹਿਲਾਂ ਜਦੋਂ ਕਾਂਗਰਸ ਦੀ ਸਰਕਾਰ ਦੇ ਸਮੇਂ ਇਹ ਟੋਲ ਪਲਾਜ਼ੇ ਲਗਾਏ ਗਏ ਸਨ ਤਾਂ ਇਨ੍ਹਾਂ ਦਾ ਕਾਫ਼ੀ ਵਿਰੋਧ ਹੋਇਆ ਸੀ ਪਰ ਸਰਕਾਰ ਨੇ ਪਹਿਲਾਂ ਹੀ ਇਨ੍ਹਾਂ ਦੀ ਮਿਆਦ ਖਤਮ ਹੋਣ ਦੀਆਂ ਤਰੀਕਾਂ ਦਾ ਐਲਾਨ ਕਰ ਦਿੱਤਾ ਸੀ |

sant sagar