ਮਰਨਾਈਆਂ ਪਿੰਡ 'ਤੇ ਡਰੋਨ ਰਾਹੀਂ ਰੱਖੀ ਜਾ ਰਹੀ ਨਿਗਰਾਨੀ

ਹੁਸ਼ਿਆਰਪੁਰ, - 2 ਦਿਨ ਬੀਤ ਜਾਣ ਦੇ ਬਾਵਜੂਦ ਅੰਮਿ੍ਤਪਾਲ ਸਿੰਘ ਅਤੇ ਉਸ ਦੇ ਸਾਥੀ ਦੀ ਭਾਲ 'ਚ ਹੁਸ਼ਿਆਰਪੁਰ-ਫਗਵਾੜਾ ਰੋਡ 'ਤੇ ਸਥਿਤ ਪਿੰਡ ਮਰਨਾਈਆਂ 'ਚ ਸ਼ੁਰੂ ਹੋਈ ਤਲਾਸ਼ੀ ਮੁਹਿੰਮ ਨੂੰ ਅੱਜ ਤੀਸਰੇ ਦਿਨ ਪੁਲਿਸ ਵਲੋਂ ਹੋਰ ਤੇਜ਼ ਕਰਦਿਆਂ ਜਿਥੇ ਵਾਧੂ ਫੋਰਸ ਲਗਾ ਕੇ ਸਾਰਾ ਦਿਨ ਮੁਹਿੰਮ ਜਾਰੀ ਰੱਖੀ ਗਈ, ਉਥੇ ਡਰੋਨ ਰਾਹੀਂ ਇਲਾਕੇ 'ਚ ਪੈਨੀ ਨਜ਼ਰ ਰੱਖੀ ਜਾ ਰਹੀ ਸੀ | ਇਸ ਦੇ ਨਾਲ ਹੀ ਪੁਲਿਸ ਵਲੋਂ ਪਿੰਡ ਕੋਟਫ਼ਤੂਹੀ ਨਜ਼ਦੀਕ ਉਸ ਧਾਰਮਿਕ ਅਸਥਾਨ 'ਤੇ ਜਾ ਕੇ ਵੀ ਪੜਤਾਲ ਕੀਤੀ ਗਈ, ਜਿਸ ਨਾਲ ਸੰਬੰਧਿਤ ਇਨੋਵਾ ਗੱਡੀ ਦੀ ਵਰਤੋਂ ਅੰਮਿ੍ਤਪਾਲ ਸਿੰਘ ਵਲੋਂ ਕੀਤੀ ਦੱਸੀ ਜਾ ਰਹੀ ਹੈ | ਇਸ ਦੌਰਾਨ ਮਰਨਾਈਆਂ ਦੇ ਨਾਲ-ਨਾਲ ਪੂਰੇ ਇਲਾਕੇ ਦੀ ਘੇਰਾਬੰਦੀ ਕੀਤੀ ਗਈ ਤੇ ਪੁਲਿਸ ਦੇ ਨਾਲ-ਨਾਲ ਪੈਰਾ-ਮਿਲਟਰੀ ਫੋਰਸ ਦੇ ਜਵਾਨਾਂ ਦੀ ਗਿਣਤੀ 'ਚ ਵੀ ਵਾਧਾ ਕੀਤਾ ਗਿਆ | ਇਥੇ ਜ਼ਿਕਰਯੋਗ ਹੈ ਕਿ 28 ਮਾਰਚ ਦੀ ਦੇਰ ਰਾਤ ਨੂੰ ਪਿੰਡ ਮਰਨਾਈਆਂ ਤੋਂ ਜੋ ਇਨੋਵਾ ਗੱਡੀ ਪੁਲਿਸ ਨੂੰ ਬਰਾਮਦ ਹੋਈ ਸੀ, ਉਸ 'ਚੋਂ ਪੁਲਿਸ ਨੂੰ ਚੋਲੇ, ਕਛਹਿਰਿਆਂ ਤੋਂ ਇਲਾਵਾ ਕਾਫ਼ੀ ਕੰਬਲ ਮਿਲੇ ਹਨ | ਸੂਤਰਾਂ ਅਨੁਸਾਰ ਕੁੱਝ ਅਜਿਹੇ ਕੱਪੜੇ ਵੀ ਮਿਲੇ ਹਨ, ਜੋ ਕਾਫ਼ੀ ਮੈਲੇ ਦੱਸੇ ਜਾ ਰਹੇ ਹਨ | ਗੱਡੀ 'ਚੋਂ ਕੋਈ ਵੀ ਇਲੈਕਟ੍ਰਾਨਿਕਸ ਵਸਤੂ ਨਹੀਂ ਮਿਲੀ | ਸੂਤਰਾਂ ਅਨੁਸਾਰ ਪੁਲਿਸ ਨੇ ਜੋ ਇਨੋਵਾ ਗੱਡੀ ਬਰਾਮਦ ਕੀਤੀ ਸੀ, ਉਸ 'ਤੇ ਦੋਆਬੇ ਦੇ ਇਕ ਪ੍ਰਸਿੱਧ ਧਾਰਮਿਕ ਅਸਥਾਨ ਦੇ ਮੁਖੀਆਂ ਦੇ ਨਾਂਅ ਲਿਖੇ ਹੋਏ ਹਨ, ਜਿਸ ਦੇ ਸੰਬੰਧ 'ਚ ਪੁਲਿਸ ਦੇ ਆਲਾ ਅਧਿਕਾਰੀਆਂ ਨੇ ਪਿੰਡ ਕੋਟਫ਼ਤੂਹੀ ਨਜ਼ਦੀਕ ਸਥਿਤ ਉਕਤ ਧਾਰਮਿਕ ਅਸਥਾਨ 'ਤੇ ਪਹੁੰਚ ਕੇ ਗੱਡੀ ਸੰਬੰਧੀ ਬਰੀਕੀ ਨਾਲ ਜਾਂਚ ਕੀਤੀ | ਆਪਣਾ ਨਾਂਅ ਨਾ ਦੱਸਣ ਦੀ ਸ਼ਰਤ 'ਤੇ ਪਿੰਡ ਦੇ ਵਾਸੀ ਇਕ ਵਿਅਕਤੀ ਨੇ ਦੱਸਿਆ ਕਿ ਉਕਤ ਧਾਰਮਿਕ ਅਸਥਾਨ ਨਾਲ ਸੰਬੰਧਿਤ ਇਕ ਸੇਵਾਦਾਰ ਨੂੰ ਪੁਲਿਸ ਨੇ ਹਿਰਾਸਤ 'ਚ ਵੀ ਲਿਆ ਹੈ | ਇਸ ਦੇ ਨਾਲ ਹੀ ਪੁਲਿਸ ਵਲੋਂ ਉਨ੍ਹਾਂ ਸਥਾਨਾਂ 'ਤੇ ਜਾ ਕੇ ਵੀ ਜਾਂਚ ਕੀਤੀ ਜਾ ਰਹੀ ਹੈ, ਜਿਥੇ ਅੰਮਿ੍ਤਪਾਲ ਸਿੰਘ ਪਹਿਲਾਂ ਆਇਆ ਸੀ | ਇਸ ਦੇ ਨਾਲ ਹੀ ਪੁਲਿਸ ਵਲੋਂ ਇਲਾਕੇ 'ਚ ਲੱਗੇ ਸੀ.ਸੀ.ਟੀ.ਵੀ. ਕੈਮਰਿਆਂ ਨੂੰ ਵੀ ਬਰੀਕੀ ਨਾਲ ਖੰਘਾਲਿਆ ਜਾ ਰਿਹਾ ਹੈ | ਉਕਤ ਸਾਰੇ ਘਟਨਾਕ੍ਰਮ ਨੂੰ ਲੈ ਕੇ ਪੁਲਿਸ ਵਲੋਂ ਚਲਾਈ ਤਲਾਸ਼ੀ ਮੁਹਿੰਮ ਦੇ ਚੱਲਦਿਆਂ ਜਿਥੇ ਇਲਾਕੇ 'ਚ ਦਹਿਸ਼ਤ ਦਾ ਮਾਹੌਲ ਬਣਿਆ ਹੋਇਆ ਹੈ, ਉਥੇ ਹੁਸ਼ਿਆਰਪੁਰ-ਫਗਵਾੜਾ ਮਾਰਗ 'ਤੇ ਕੀਤੀ ਨਾਕਾਬੰਦੀ ਕਾਰਨ ਲੋਕਾਂ ਨੂੰ ਭਾਰੀ ਖੱਜਲ-ਖੁਆਰੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ | ਸੂਤਰਾਂ ਅਨੁਸਾਰ ਪੁਲਿਸ ਵਲੋਂ ਅੰਮਿ੍ਤਪਾਲ ਸਿੰਘ ਅਤੇ ਉਸ ਦੇ ਸਾਥੀ ਦੀ ਭਾਲ ਲਈ ਸ਼ੁਰੂ ਕੀਤੀ ਇਹ ਵੱਡੀ ਤਲਾਸ਼ੀ ਮੁਹਿੰਮ ਇਸੇ ਕਾਰਨ ਚਲਾਈ ਦੱਸੀ ਜਾ ਰਹੀ ਹੈ ਕਿ ਪੁਲਿਸ ਨੂੰ ਪੂਰਾ ਸ਼ੱਕ ਹੈ ਕਿ ਉਹ ਅਜੇ ਵੀ ਉਕਤ ਇਲਾਕੇ 'ਚ ਹੀ ਕਿਧਰੇ ਲੁਕਿਆ ਹੋਇਆ ਹੈ | ਇਨ੍ਹਾਂ ਵੱਡੀਆਂ ਕੋਸ਼ਿਸ਼ਾਂ ਦੇ ਬਾਵਜੂਦ ਅਜੇ ਤੱਕ ਪੁਲਿਸ ਦੇ ਹੱਥ ਖਾਲੀ ਹੀ ਹਨ | ਇਥੇ ਦੱਸਣਯੋਗ ਹੈ ਕਿ ਇਸ ਸਾਰੇ ਮਾਮਲੇ ਸੰਬੰਧੀ ਪੁਲਿਸ ਦਾ ਕੋਈ ਵੀ ਅਧਿਕਾਰੀ ਕੁੱਝ ਵੀ ਦੱਸਣ ਲਈ ਤਿਆਰ ਨਹੀਂ |
'ਮੈਂ ਛੇਤੀ ਹੀ ਸੰਗਤ ਦੇ ਸਾਹਮਣੇ ਪੇਸ਼ ਹੋਵਾਂਗਾ'
ਅੰਮਿ੍ਤਪਾਲ ਵਲੋਂ ਦੂਜੀ ਵੀਡੀਓ ਜਾਰੀ
ਪੰਜਾਬ ਪੁਲਿਸ ਨੂੰ ਗਿ੍ਫ਼ਤਾਰ ਕਰਨ ਦੀ ਚੁਣੌਤੀ ਦੇਣ ਦੇ ਇਕ ਦਿਨ ਬਾਅਦ ਅੰਮਿ੍ਤਪਾਲ ਸਿੰਘ ਨੇ ਵੀਰਵਾਰ ਨੂੰ ਇਕ ਤਾਜ਼ਾ ਵੀਡੀਓ ਜਾਰੀ ਕਰ ਕੇ ਦਾਅਵਾ ਕੀਤਾ ਕਿ ਉਹ ਭਗੌੜਾ ਨਹੀਂ ਹੈ ਅਤੇ ਛੇਤੀ ਹੀ ਦੁਨੀਆ ਦੇ ਸਾਹਮਣੇ ਪੇਸ਼ ਹੋਵੇਗਾ | ਇਹ ਵੀਡੀਓ ਉਸ ਦੀ ਆਡੀਓ ਕਲਿਪ ਸਾਹਮਣੇ ਆਉਣ ਦੇ ਕੁਝ ਘੰਟਿਆਂ ਬਾਅਦ ਸਾਹਮਣੇ ਆਇਆ ਹੈ, ਜਿਸ ਵਿਚ ਉਸ ਨੇ ਇਨ੍ਹਾਂ ਅਟਕਲਾਂ ਨੂੰ ਖ਼ਾਰਜ ਕਰ ਦਿੱਤਾ ਕਿ ਉਹ ਆਤਮ ਸਮਰਪਣ ਲਈ ਗੱਲਬਾਤ ਕਰ ਰਿਹਾ ਹੈ | ਉਸ ਨੇ ਪੰਜਾਬੀ 'ਚ ਜਾਰੀ ਕੀਤੀ ਵੀਡੀਓ ਵਿਚ ਕਿਹਾ ਕਿ ਜਿਨ੍ਹਾਂ ਨੂੰ ਲਗਦਾ ਹੈ ਕਿ ਮੈਂ ਭਗੌੜਾ ਹੋ ਗਿਆ ਹਾਂ ਅਤੇ ਮੈਂ ਆਪਣੇ ਸਾਥੀਆਂ ਨੂੰ ਛੱਡ ਦਿੱਤਾ ਹੈ | ਉਨ੍ਹਾਂ ਨੂੰ ਇਹ ਭਰਮ ਆਪਣੇ ਮਨ 'ਚ ਨਹੀਂ ਰੱਖਣਾ ਚਾਹੀਦਾ | ਉਸ ਨੇ ਕਿਹਾ ਕਿ ਉਹ ਮਰਨ ਤੋਂ ਨਹੀਂ ਡਰਦਾ | ਉਸ ਨੇ ਕਿਹਾ ਕਿ ਛੇਤੀ ਹੀ ਉਹ ਦੁਨੀਆ ਸਾਹਮਣੇ ਪੇਸ਼ ਹੋਵੇਗਾ ਅਤੇ ਸੰਗਤ ਵਿਚ ਵੀ ਹੋਵੇਗਾ | ਉਸ ਨੇ ਕਿਹਾ ਕਿ ਬਿਖੜੇ ਪੈਂਡਿਆਂ ਦੌਰਾਨ ਬਹੁਤ ਕੁਝ ਸਹਿਣਾ ਪੈਂਦਾ ਹੈ | ਇਨ੍ਹਾਂ ਦਿਨਾਂ ਨੂੰ ਕੱਟਣਾ ਮੁਸ਼ਕਿਲ ਹੁੰਦਾ ਹੈ | 18 ਮਾਰਚ ਨੂੰ 'ਵਾਰਸ ਪੰਜਾਬ ਦੇ' ਜਥੇਬੰਦੀ 'ਤੇ ਪੁਲਿਸ ਕਾਰਵਾਈ ਦੇ ਬਾਅਦ ਤੋਂ ਅੰਮਿ੍ਤਪਾਲ ਦੀ ਇਹ ਦੂਜੀ ਵੀਡੀਓ ਸਾਹਮਣੇ ਆਈ ਹੈ |