ਅੰਮਿ੍ਤਪਾਲ ਸਿੰਘ ਹਾਲੇ ਵੀ ਫ਼ਰਾਰ
ਚੰਡੀਗੜ੍ਹ, - ਸਨਿਚਰਵਾਰ ਦੀ ਕਾਰਵਾਈ ਤੋਂ ਬਾਅਦ ਫਰਾਰ ਹੋਏ 'ਵਾਰਿਸ ਪੰਜਾਬ ਦੇ' ਜਥੇਬੰਦੀ ਦੇ ਮੁਖੀ ਅੰਮਿ੍ਤਪਾਲ ਸਿੰਘ ਤੇ ਉਸ ਦੇ ਸਾਥੀਆਂ ਦੀ ਭਾਲ ਪੁਲਿਸ ਨੇ ਕਾਰਵਾਈ ਤੇਜ਼ ਕਰ ਦਿੱਤੀ ਹੈ | ਜਦਕਿ ਸੂਬੇ 'ਚ ਹਾਈ ਅਲਰਟ ਦੇ ਦਰਮਿਆਨ ਕਈ ਥਾਵਾਂ 'ਤੇ ਸੁਰੱਖਿਆ ਬਲਾਂ ਨੇ ਫਲੈਗ ਮਾਰਚ ਕੀਤਾ ਤੇ ਮੋਬਾਈਲ ਇੰਟਰਨੈੱਟ ਤੇ ਐਸ. ਐਮ. ਐਸ. ਸੇਵਾਵਾਂ ਨੂੰ ਸੋਮਵਾਰ ਦੁਪਹਿਰ ਤੱਕ ਮੁਅੱਤਲ ਕਰ ਦਿੱਤਾ ਗਿਆ | ਜਦੋਂ ਕਿ ਕੱਲ੍ਹ ਗਿ੍ਫ਼ਤਾਰ ਕੀਤੇ ਗਏ ਅੰਮਿ੍ਤਪਾਲ ਦੇ ਸਲਾਹਕਾਰ ਦਲਜੀਤ ਸਿੰਘ ਕਲਸੀ ਤੇ 3 ਹੋਰ ਸਾਥੀਆਂ ਨੂੰ ਅੱਜ ਪੰਜਾਬ ਤੋਂ ਵਿਸ਼ੇਸ਼ ਉਡਾਣ ਰਾਹੀਂ ਆਸਾਮ ਦੀ ਡਿਬਰੂਗੜ੍ਹ ਕੇਂਦਰੀ ਜੇਲ੍ਹ 'ਚ ਭੇਜ ਦਿੱਤਾ ਗਿਆ | ਪੰਜਾਬ ਪੁਲਿਸ ਦੇ ਸੀਨੀਅਰ ਅਧਿਕਾਰੀਆਂ ਨੇ ਜ਼ੋਰ ਦੇ ਕੇ ਕਿਹਾ ਕਿ ਕਾਨੂੰਨ ਵਿਵਸਥਾ ਦੀ ਸਥਿਤੀ ਕਾਬੂ ਹੇਠ ਹੈ ਅਤੇ ਅਫਵਾਹਾਂ ਫੈਲਾਉਣ ਵਾਲਿਆਂ ਖ਼ਿਲਾਫ਼ ਸਖਤ ਕਾਰਵਾਈ ਦੀ ਚਿਤਾਵਨੀ ਦਿੰਦਿਆਂ ਕਿਹਾ ਕਿ ਵੱਖ-ਵੱਖ ਦੇਸ਼ਾਂ, ਸੂਬਿਆਂ ਅਤੇ ਸ਼ਹਿਰਾਂ ਤੋਂ ਆ ਰਹੀਆਂ ਝੂਠੀਆਂ ਖਬਰਾਂ ਅਤੇ ਨਫਰਤੀ ਭਾਸ਼ਨਾਂ ਦੀ ਨਿਗਰਾਨੀ ਕਰ ਰਹੇ ਸਨ | ਉਨ੍ਹਾਂ ਦੱਸਿਆ ਕਿ ਅੰਮਿ੍ਤਪਾਲ ਸਿੰਘ ਤੇ ਉਸ ਦੇ ਕੁਝ ਸਾਥੀਆਂ ਵਿਰੁੱਧ ਅੰਮਿ੍ਤਸਰ ਵਿਚ ਇਕ ਐਫ ਆਈ ਆਰ ਅਤੇ ਜਲੰਧਰ 'ਚ ਦੋ ਐਫ. ਆਈ. ਆਰ. ਦਰਜ ਕੀਤੀਆਂ ਗਈਆਂ ਹਨ | ਫਿਰੋਜ਼ਪੁਰ, ਬਠਿੰਡਾ, ਰੂਪਨਗਰ, ਫਰੀਦਕੋਟ, ਬਟਾਲਾ, ਫਾਜ਼ਿਲਕਾ, ਹੁਸ਼ਿਆਰਪੁਰ, ਗੁਰਦਾਸਪੁਰ, ਮੋਗਾ ਅੰਮਿ੍ਤਸਰ, ਜਲੰਧਰ ਤੇ ਲੁਧਿਆਣਾ ਸਮੇਤ ਸੂਬੇ ਦੇ ਕਈ ਸਥਾਨਾਂ 'ਤੇ ਸੁਰੱਖਿਆ ਬਲਾਂ ਨੇ ਫਲੈਗ ਮਾਰਚ ਕੀਤਾ | ਪੰਜਾਬ ਪੁਲਿਸ ਨੇ ਐਤਵਾਰ ਨੂੰ ਅਪਰਾਧਿਕ ਦੋਸ਼ਾਂ ਵਿਚ ਲੋੜੀਂਦੇ 'ਵਾਰਿਸ ਪੰਜਾਬ ਦੇ' ਦੇ ਅਨਸਰਾਂ ਵਿਰੁੱਧ ਆਪਣੀ ਕਾਰਵਾਈ ਜਾਰੀ ਰੱਖੀ ਅਤੇ ਸੂਬੇ 'ਚ ਸ਼ਾਂਤੀ ਅਤੇ ਕਾਨੂੰਨ-ਵਿਵਸਥਾ ਨੂੰ ਭੰਗ ਕਰਨ ਦੀ ਕੋਸ਼ਿਸ਼ ਕਰਨ ਵਾਲੇ ਵਿਅਕਤੀਆਂ ਨੂੰ ਗਿ੍ਫ਼ਤਾਰ ਵੀ ਕੀਤਾ | ਪੰਜਾਬ ਪੁਲਿਸ ਦੇ ਸਰਕਾਰੀ ਬੁਲਾਰੇ ਨੇ ਦੱਸਿਆ ਕਿ ਅੰਮਿ੍ਤਪਾਲ ਸਿੰਘ ਭਗੌੜਾ ਹੈ ਤੇ ਉਸ ਦੀ ਗਿ੍ਫ਼ਤਾਰੀ ਲਈ ਯਤਨ ਕੀਤੇ ਜਾ ਰਹੇ ਹਨ | ਉਨ੍ਹਾਂ ਕਿਹਾ ਕਿ ਜ਼ਿਲ੍ਹਾ ਪੁਲਿਸ ਅਤੇ ਅਰਧ ਸੈਨਿਕ ਬਲਾਂ (ਪੀ. ਐੱਮ. ਐੱਫ.) ਦੀਆਂ ਕੰਪਨੀਆਂ ਵਲੋਂ ਨਿੱਜੀ ਤੌਰ 'ਤੇ ਐਸ.ਐਸ.ਪੀਜ਼ ਤੇ ਪੁਲਿਸ ਕਮਿਸ਼ਨਰਾਂ ਦੀ ਅਗਵਾਈ 'ਚ ਸੂਬੇ ਭਰ 'ਚ ਫਲੈਗ ਮਾਰਚ ਕੀਤੇ ਗਏ, ਉਨ੍ਹਾਂ ਕਿਹਾ ਕਿ ਸਾਰੇ ਜ਼ਿਲਿ੍ਹਆਂ ਵਿਚ ਸ਼ਾਂਤੀ ਕਮੇਟੀਆਂ ਦੀਆਂ ਮੀਟਿੰਗਾਂ ਕੀਤੀਆਂ ਗਈਆਂ ਅਤੇ ਸੂਬੇ ਵਿਚ ਪੂਰਨ ਸ਼ਾਂਤੀ ਅਤੇ ਸਦਭਾਵਨਾ ਬਣੀ ਹੋੋਈ ਹੈ | ਸੂਬੇ ਵਿਚ ਸ਼ਾਂਤੀ ਤੇ ਸਦਭਾਵਨਾ ਨੂੰ ਭੰਗ ਕਰਨ ਦੀ ਕੋਸ਼ਿਸ਼ ਕਰਨ ਵਾਲੇ ਵਿਅਕਤੀਆਂ ਵਿਰੁੱਧ ਚੱਲ ਰਹੇ ਅਪਰੇਸ਼ਨਾਂ ਦੌਰਾਨ, ਐਤਵਾਰ ਨੂੰ ਰਾਜ ਭਰ ਵਿਚ 34 ਹੋਰ ਗਿ੍ਫ਼ਤਾਰੀਆਂ ਕੀਤੀਆਂ ਗਈਆਂ | ਹੁਣ ਤੱਕ ਕੁੱਲ 112 ਵਿਅਕਤੀਆਂ ਨੂੰ ਗਿ੍ਫ਼ਤਾਰ ਕੀਤਾ ਗਿਆ ਹੈ | ਬੁਲਾਰੇ ਨੇ ਦੱਸਿਆ ਕਿ ਚੱਲ ਰਹੀ ਤਲਾਸ਼ੀ ਮੁਹਿੰਮ ਦੌਰਾਨ ਪਿੰਡ ਸਲੀਣਾ, ਥਾਣਾ ਮਹਿਤਪੁਰ, ਜ਼ਿਲ੍ਹਾ ਜਲੰਧਰ ਦਿਹਾਤੀ ਤੋਂ ਰਜਿਸਟਰੇਸ਼ਨ ਨੰਬਰ ਪੀ.ਬੀ.10ਐਫਡਬਲਯੂ 6797 ਵਾਲੀ ਇਕ ਛੱਡੀ ਹੋਈ ਈਸੂਜ਼ੂ ਗੱਡੀ ਬਰਾਮਦ ਕੀਤੀ ਗਈ | ਉਕਤ ਗੱਡੀ ਦੀ ਵਰਤੋਂ ਅੰਮਿ੍ਤਪਾਲ ਸਿੰਘ ਨੇ ਕੀਤੀ ਸੀ | ਉਨ੍ਹਾਂ ਦੱਸਿਆ ਕਿ ਛੱਡੀ ਗਈ ਗੱਡੀ 'ਚੋਂ ਇਕ .315 ਬੋਰ ਰਾਈਫਲ ਸਮੇਤ 57 ਜ਼ਿੰਦਾ ਕਾਰਤੂਸ, ਇਕ ਤਲਵਾਰ ਤੇ ਇਕ ਵਾਕੀ-ਟਾਕੀ ਸੈੱਟ ਬਰਾਮਦ ਕੀਤਾ ਗਿਆ ਹੈ | ਉਨ੍ਹਾਂ ਦੱਸਿਆ ਕਿ ਇਹ ਗੱਡੀ ਮਨਪ੍ਰੀਤ ਸਿੰਘ ਵਾਸੀ ਪਿੰਡ ਅਨੋਖਰਵਾਲ, ਐਸ.ਬੀ.ਐਸ. ਨਗਰ ਦੀ ਹੈ | ਨਾਗਰਿਕਾਂ ਨੂੰ ਸ਼ਾਂਤੀ ਤੇ ਸਦਭਾਵਨਾ ਬਣਾਈ ਰੱਖਣ ਦੀ ਅਪੀਲ ਕਰਨ ਲਈ ਸਾਰੇ ਜ਼ਿਲਿ੍ਹਆਂ 'ਚ ਸਿਵਲ ਪ੍ਰਸ਼ਾਸਨ ਤੇ ਪੰਜਾਬ ਪੁਲਿਸ ਵਲੋਂ ਸਾਂਝੇ ਤੌਰ 'ਤੇ ਸ਼ਾਂਤੀ ਕਮੇਟੀ ਦੀਆਂ ਮੀਟਿੰਗਾਂ ਕੀਤੀਆਂ ਗਈਆਂ ਹਨ | ਬੁਲਾਰੇ ਨੇ ਅੱਗੇ ਕਿਹਾ ਕਿ ਜੇਕਰ ਕੋਈ ਜਾਅਲੀ ਖ਼ਬਰਾਂ, ਅਫਵਾਹਾਂ ਅਤੇ ਨਫ਼ਰਤ ਭਰਿਆ ਭਾਸ਼ਨ ਫੈਲਾਉਂਦਾ ਪਾਇਆ ਗਿਆ ਤਾਂ ਕਾਨੂੰਨ ਅਨੁਸਾਰ ਸਖ਼ਤ ਕਾਰਵਾਈ ਕੀਤੀ ਜਾਵੇਗੀ | ਉਨ੍ਹਾਂ ਕਿਹਾ ਕਿ ਸਾਰੇ ਨਾਗਰਿਕਾਂ, ਮੀਡੀਆ ਕਰਮੀਆਂ ਤੇ ਸੋਸ਼ਲ ਮੀਡੀਆ ਪਲੇਟਫਾਰਮ ਵਿਚੋਲਿਆਂ ਨੂੰ ਬੇਨਤੀ ਕੀਤੀ ਜਾਂਦੀ ਹੈ ਕਿ ਉਹ ਜ਼ਿੰਮੇਵਾਰੀ ਨਾਲ ਕੰਮ ਕਰਨ ਤੇ ਵੱਖ-ਵੱਖ ਸੋਸ਼ਲ ਮੀਡੀਆ, ਇਲੈਕਟ੍ਰਾਨਿਕ ਮੀਡੀਆ ਅਤੇ ਪਿ੍ੰਟ ਮੀਡੀਆ ਪਲੇਟਫਾਰਮਾਂ 'ਤੇ ਉਨ੍ਹਾਂ ਵਲੋਂ ਸਾਂਝੀ ਕੀਤੀ ਜਾ ਰਹੀ ਸਮੱਗਰੀ ਦੀ ਪ੍ਰਮਾਣਿਕਤਾ ਦੀ ਤੱਥਾਂ ਦੀ ਜਾਂਚ ਕਰਨ | ਉਨ੍ਹਾਂ ਨੇ ਨਾਗਰਿਕਾਂ ਨੂੰ ਵੀ ਅਪੀਲ ਕੀਤੀ ਕਿ ਉਹ ਝੂਠੀਆਂ ਖ਼ਬਰਾਂ ਅਤੇ ਅਫਵਾਹਾਂ 'ਤੇ ਧਿਆਨ ਨਾ ਦੇਣ ਤੇ ਪੁਲਿਸ ਤੋਂ ਤੱਥਾਂ ਦੀ ਜਾਂਚ ਕਰਨ | ਉਨ੍ਹਾਂ ਕਿਹਾ ਕਿ ਸੂਬੇ ਦੀ ਸ਼ਾਂਤੀ ਤੇ ਸਦਭਾਵਨਾ ਨੂੰ ਭੰਗ ਕਰਨ ਦੀ ਕੋਸ਼ਿਸ਼ ਕਰਨ ਵਾਲੇ ਸਾਰੇ ਸ਼ਰਾਰਤੀ ਅਨਸਰਾਂ ਨਾਲ ਸਖ਼ਤੀ ਨਾਲ ਨਿਪਟਿਆ ਜਾਵੇਗਾ | ਪੰਜਾਬ ਪੁਲਿਸ ਸੂਬੇ 'ਚ ਅਮਨ-ਕਾਨੂੰਨ ਤੇ ਕਾਨੂੰਨ ਦੇ ਰਾਜ ਨੂੰ ਕਾਇਮ ਰੱਖਣ ਲਈ ਵਚਨਬੱਧ ਹੈ |
ਅੰਮਿ੍ਤਪਾਲ ਸਿੰਘ ਦਾ ਪਿੰਡ ਜੱਲੂਪੁਰ ਖੈਰਾ ਵਿਖੇ ਸਖ਼ਤ ਸੁਰੱਖਿਆ ਘੇਰੇ ਹੇਠ ਹੈ | ਉਸ ਦੇ ਪਿਤਾ ਤਰਸੇਮ ਸਿੰਘ ਨੇ ਕਿਹਾ ਕਿ ਉਸ ਦੇ ਪੁੱਤਰ ਨੂੰ ਪਹਿਲਾਂ ਹੀ ਹਿਰਾਸਤ 'ਚ ਲੈ ਲਿਆ ਗਿਆ ਹੈ | ਉਨ੍ਹਾਂ ਕਿਹਾ ਕਿ ਉਸ ਨੂੰ ਜਾਨ ਦਾ ਖ਼ਤਰਾ ਹੈ | ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਉਸ ਬਾਰੇ ਕੱਲ੍ਹ ਦੀ ਕੋਈ ਸੂਚਨਾ ਨਹੀਂ ਹੈ | ਉਨ੍ਹਾਂ ਨੂੰ ਲਗਦਾ ਹੈ ਕਿ ਅੰਮਿ੍ਤਪਾਲ ਨੂੰ ਪਹਿਲਾਂ ਹੀ ਹਿਰਾਸਤ 'ਚ ਲੈ ਲਿਆ ਗਿਆ ਹੈ | ਆਈ. ਜੀ. ਸੁਖਚੈਨ ਸਿੰਘ ਗਿੱਲ ਨੇ ਕਿਹਾ ਕਿ ਅੰਮਿ੍ਤਪਾਲ ਸਿੰਘ ਅਜੇ ਫਰਾਰ ਹੈ | ਉਨ੍ਹਾਂ ਕਿਹਾ ਕਿ ਇਸ ਕੇਸ ਵਿਚ ਪੰਜਾਬ ਪੁਲਿਸ ਜੋ ਵੀ ਕਰੇਗੀ ਉਹ ਕਾਨੂੰਨ ਦੇ ਦਾਇਰੇ 'ਚ ਹੋਵੇਗਾ | ਉਨ੍ਹਾਂ ਕਿਹਾ ਕਿ ਹਰ ਕਿਸੇ ਕੋਲ ਕਾਨੂੰਨੀ ਅਧਿਕਾਰ ਹੈ ਤੇ ਕਾਨੂੰਨ ਤਹਿਤ ਜੋ ਵੀ ਉਪਾਅ ਉਪਲੱਬਧ ਹਨ ਉਹ ਉਸਦਾ ਲਾਭ ਲੈ ਸਕਦੇ ਹਨ |
.jpg)

.jpg)



.jpg)
.jpg)
.jpg)


.jpg)


.jpg)
.jpg)

.jpg)
.jpg)