‘ਥੱਪੜ’ ਵਿਚਲਾ ਕਿਰਦਾਰ ਜੋਖਮ ਭਰਿਆ: ਪਾਵੇਲ ਗੁਲਾਟੀ

ਅਦਾਕਾਰ ਪਾਵੇਲ ਗੁਲਾਟੀ ਦਾ ਕਹਿਣਾ ਹੈ ਕਿ ‘ਥੱਪੜ’ ਵਿਚਲਾ ਕਿਰਦਾਰ ਉਸ ਲਈ ਜੋਖਮ ਭਰਿਆ ਹੈ। ਅਨੁਭਵ ਸਿਨਹਾ ਦੇ ਨਿਰਦੇਸ਼ਨ ਵਿਚ ਅਦਾਕਾਰਾ ਤਾਪਸੀ ਪੰਨੂ ਨਾਲ ਅਹਿਮ ਭੂਮਿਕਾ ਨਿਭਾਅ ਰਹੇ ਪਾਵੇਲ ਦਾ ਕਹਿਣਾ ਹੈ ਕਿ ਅਦਾਕਾਰ ਵਜੋਂ ਇਸ ਫ਼ਿਲਮ ਤੋਂ ਬਾਅਦ ਉਸ ਦਾ ਹੌਸਲਾ ਵਧਿਆ ਹੈ। ਪਾਵੇਲ (21) ‘ਥੱਪੜ’ ਵਿਚ ਤਾਪਸੀ ਦੇ ਪਤੀ ਦਾ ਕਿਰਦਾਰ ਨਿਭ ਰਿਹਾ ਹੈ। ਗੁਲਾਟੀ ਨੇ ਕਿਹਾ ਕਿ ਅਨੁਭਵ ਸਿਨਹਾ ਕਲਾਕਾਰਾਂ ਨੂੰ ਗਲਤੀਆਂ ਕਰਨ ਦਾ ਮੌਕਾ ਦਿੰਦੇ ਹਨ ਤੇ ਅਭਿਨੈ ਵਰਗੀ ਸਿਰਜਣਸ਼ੀਲ ਪ੍ਰਕਿਰਿਆ ਲਈ ਕੀਮਤੀ ਸੁਝਾਅ ਵੀ ਉਨ੍ਹਾਂ ਕੋਲੋਂ ਮਿਲਦੇ ਹਨ। ਇਸ ਨਾਲ ਹੌਸਲਾ ਵਧਦਾ ਹੈ। ਫ਼ਿਲਮ ਵਿਚ ਕੁਮੁਦ ਮਿਸ਼ਰਾ, ਰਤਨਾ ਪਾਠਕ ਸ਼ਾਹ, ਤਨਵੀ ਆਜ਼ਮੀ, ਦੀਆ ਮਿਰਜ਼ਾ, ਰਾਮ ਕਪੂਰ ਤੇ ਹੋਰ ਵੀ ਅਹਿਮ ਕਿਰਦਾਰ ਅਦਾ ਕਰ ਰਹੇ ਹਨ। ਫ਼ਿਲਮ ’ਚ ਪਾਵੇਲ ਗੁਲਾਟੀ ਦਾ ਕਿਰਦਾਰ ਨਾਕਾਰਾਤਮਕ ਕਿਸਮ ਦਾ ਹੈ। ਉਸਨੇ ਕਿਹਾ ‘ਇਹ ਜੋਖਮ ਭਰਿਆ ਸੀ। ਲੋਕ ਸ਼ਾਇਦ ਇਸ ਲਈ ਮੈਨੂੰ ਪਸੰਦ ਨਾ ਕਰਨ ਕਿਉਂਕਿ ਮੇਰਾ ਕਿਰਦਾਰ ਅਜਿਹਾ ਹੈ ਜੋ ਔਰਤ ਦੇ ਭਰੀ ਪਾਰਟੀ ’ਚ ਥੱਪੜ ਮਾਰ ਦਿੰਦਾ ਹੈ। ਇਸ ਮਗਰੋਂ ਉਨ੍ਹਾਂ ਦਾ ਰਿਸ਼ਤਾ ਟੁੱਟ ਜਾਂਦਾ ਹੈ।’ ਅਦਾਕਾਰ ਨੇ ਕਿਹਾ ਕਿ ਜਦ ਉਸ ਨੇ ਪਟਕਥਾ ਪੜ੍ਹੀ ਤਾਂ ਮਹਿਸੂਸ ਹੋਇਆ ਕਿ ਪੁਰਸ਼ ਕਿਰਦਾਰ ਵੀ ਸਮਾਜਿਕ ਹਾਲਾਤ ਦਾ ਸ਼ਿਕਾਰ ਹੈ, ਅਜਿਹੇ ਵਿਹਾਰ ਲਈ ਕਾਫ਼ੀ ਹੱਦ ਤੱਕ ਤੁਹਾਡਾ ਪਾਲਣ ਕਿਵੇਂ ਹੋਇਆ ਹੈ, ਉਹ ਵੀ ਜ਼ਿੰਮੇਵਾਰ ਹੁੰਦਾ ਹੈ। ਫ਼ਿਲਮ ਕਹਾਣੀ ਦੇ ਦੋਵੇਂ ਪੱਖਾਂ ਨੂੰ ਪਰਦੇ ’ਤੇ ਪੇਸ਼ ਕਰੇਗੀ।