ਰਾਸ਼ਟਰੀ ਖੇਡਾਂ : ਵੇਟਲਿਫਟਿੰਗ ’ਚ ਮੀਰਾਬਾਈ ਨੇ ਸੰਜੀਤਾ ਨੂੰ ਹਰਾ 49 ਕਿਲੋਗ੍ਰਾਮ ਵਰਗ ’ਚ ਜਿੱਤਿਆ ਸੋਨ ਤਮਗਾ

ਰਾਸ਼ਟਰੀ ਖੇਡਾਂ : ਵੇਟਲਿਫਟਿੰਗ ’ਚ ਮੀਰਾਬਾਈ ਨੇ ਸੰਜੀਤਾ ਨੂੰ ਹਰਾ 49 ਕਿਲੋਗ੍ਰਾਮ ਵਰਗ ’ਚ ਜਿੱਤਿਆ ਸੋਨ ਤਮਗਾ

ਗਾਂਧੀਨਗਰ : ਓਲੰਪਿਕ ਦੀ ਚਾਂਦੀ ਤਮਗਾ ਜੇਤੂ ਮੀਰਾਬਾਈ ਚਾਨੂ ਨੇ ਸ਼ੁੱਕਰਵਾਰ ਇਥੇ 36ਵੀਆਂ ਰਾਸ਼ਟਰੀ ਖੇਡਾਂ ਦੇ ਮਹਿਲਾ ਵੇਟਲਿਫਟਿੰਗ ਮੁਕਾਬਲੇ ਦੇ 49 ਕਿਲੋਗ੍ਰਾਮ ਵਰਗ ’ਚ 191 ਕਿਲੋਗ੍ਰਾਮ ਭਾਰ ਚੁੱਕ ਕੇ ਸੋਨ ਤਮਗਾ ਜਿੱਤਿਆ। ਅਗਸਤ ’ਚ ਬਰਮਿੰਘਮ ਵਿਚ ਰਾਸ਼ਟਰਮੰਡਲ ਖੇਡਾਂ ’ਚ ਸੋਨ ਤਮਗਾ ਜਿੱਤਣ ਵਾਲੀ ਮੀਰਾਬਾਈ ਨੇ ਸਨੈਚ ’ਚ 84 ਕਿਲੋ ਅਤੇ ਕਲੀਨ ਐਂਡ ਜਰਕ ’ਚ 107 ਕਿਲੋਗ੍ਰਾਮ ਭਾਰ ਚੁੱਕ ਕੇ ਖ਼ਿਤਾਬ ਜਿੱਤਿਆ। ਮੀਰਾਬਾਈ, ਜੋ ਆਪਣੀਆਂ ਦੂਜੀਆਂ ਰਾਸ਼ਟਰੀ ਖੇਡਾਂ ’ਚ ਹਿੱਸਾ ਲੈ ਰਹੀ ਹੈ, ਨੇ ਖ਼ੁਲਾਸਾ ਕੀਤਾ ਕਿ ਉਸ ਦੇ ਖੱਬੇ ਗੁੱਟ ’ਚ ਸੱਟ ਲੱਗੀ ਹੈ, ਇਸ ਲਈ ਉਹ ਦੋਵਾਂ ਵਰਗਾਂ ’ਚ ਆਪਣੀ ਤੀਜੀ ਕੋਸ਼ਿਸ਼ ਲਈ ਨਹੀਂ ਉੱਤਰੀ । ਮੀਰਾਬਾਈ ਨੇ ਕਿਹਾ, “ਹਾਲ ਹੀ ’ਚ NIS ਪਟਿਆਲਾ ’ਚ ਸਿਖਲਾਈ ਦੌਰਾਨ ਮੇਰੇ ਖੱਬੇ ਗੁੱਟ ’ਤੇ ਸੱਟ ਲੱਗ ਗਈ ਸੀ, ਜਿਸ ਤੋਂ ਬਾਅਦ ਮੈਂ ਇਹ ਯਕੀਨੀ ਬਣਾਇਆ ਕਿ ਬਹੁਤ ਜ਼ਿਆਦਾ ਜੋਖ਼ਮ ਨਾ ਚੁੱਕਾਂ। ਵਿਸ਼ਵ ਚੈਂਪੀਅਨਸ਼ਿਪ ਵੀ ਦਸੰਬਰ ’ਚ ਹੋਣੀ ਹੈ।
ਉਨ੍ਹਾਂ ਕਿਹਾ ਕਿ “ਰਾਸ਼ਟਰੀ ਖੇਡਾਂ ’ਚ ਮਣੀਪੁਰ ਦੀ ਨੁਮਾਇੰਦਗੀ ਕਰਨਾ ਮੇਰੇ ਲਈ ਮਾਣ ਵਾਲਾ ਪਲ ਹੈ ਅਤੇ ਜਦੋਂ ਮੈਨੂੰ ਉਦਘਾਟਨੀ ਸਮਾਰੋਹ ’ਚ ਦਲ ਦੀ ਅਗਵਾਈ ਕਰਨ ਲਈ ਕਿਹਾ ਗਿਆ ਤਾਂ ਉਤਸ਼ਾਹ ਦੁੱਗਣਾ ਹੋ ਗਿਆ। ਆਮ ਤੌਰ ’ਤੇ ਉਦਘਾਟਨੀ ਸਮਾਰੋਹ ਵਿਚ ਸ਼ਾਮਲ ਹੋਣਾ ਬਹੁਤ ਮੁਸ਼ਕਿਲ ਹੁੰਦਾ ਹੈ ਕਿਉਂਕਿ ਮੇਰੇ ਸਮਾਗਮ ਅਗਲੇ ਦਿਨ ਜਲਦੀ ਸ਼ੁਰੂ ਹੁੰਦੇ ਹਨ ਪਰ ਮੈਨੂੰ ਲੱਗਾ ਕਿ ਆਪਣੇ ਆਪ ਨੂੰ ਚੁਣੌਤੀ ਦੇਣੀ ਚਾਹੀਦੀ ਹੈ। ਅਗਲੇ ਸਾਲ ਏਸ਼ਿਆਈ ਖੇਡਾਂ ’ਚ ਪਹਿਲਾ ਤਮਗਾ ਜਿੱਤਣ ਦਾ ਟੀਚਾ ਰੱਖਣ ਵਾਲੀ ਮਣੀਪੁਰ ਦੀ ਇਹ ਖਿਡਾਰਨ ਮੌਜੂਦਾ ਸਮੇਂ ’ਚ ਰਹਿਣਾ ਪਸੰਦ ਕਰਦੀ ਹੈ ਅਤੇ ਉਨ੍ਹਾਂ ਦਾ ਧਿਆਨ ਵਿਸ਼ਵ ਚੈਂਪੀਅਨਸ਼ਿਪ ’ਤੇ ਕੇਂਦ੍ਰਿਤ ਹੈ, ਜਿੱਥੇ ਉਨ੍ਹਾਂ ਦਾ ਸਾਹਮਣਾ ਏਸ਼ੀਆ ਦੇ ਕੁਝ ਵੱਡੇ ਲਿਫਟਰਾਂ ਨਾਲ ਹੋਣ ਦੀ ਉਮੀਦ ਹੈ। 28 ਸਾਲਾ ਵੇਟਲਿਫਟਰ ਨੇ ਕਿਹਾ, ''ਹਾਂ, ਮੇਰੇ ਕੋਲ ਏਸ਼ੀਆਈ ਖੇਡਾਂ ਦਾ ਕੋਈ ਤਮਗਾ ਨਹੀਂ ਹੈ ਅਤੇ ਇਹ ਮੇਰੇ ਦਿਮਾਗ ’ਚ ਹੈ। ਪਿੱਠ ਦੀ ਸੱਟ ਕਾਰਨ 2018 ਦੇ ਸੀਜ਼ਨ ਤੋਂ ਬਾਹਰ ਹੋਣ ਤੋਂ ਬਾਅਦ ਇਹ ਮੇਰੀਆਂ ਪਹਿਲੀਆਂ ਏਸ਼ੀਆਈ ਖੇਡਾਂ ਹੋਣਗੀਆਂ।
ਏਸ਼ੀਆਡ ’ਚ ਮੁਕਾਬਲੇ ਦਾ ਪੱਧਰ ਸ਼ਾਨਦਾਰ ਹੋਵੇਗਾ ਪਰ ਮੇਰਾ ਧਿਆਨ ਹੁਣ ਵਿਸ਼ਵ ਚੈਂਪੀਅਨਸ਼ਿਪ ’ਤੇ ਹੈ, ਜਿੱਥੇ ਮੈਨੂੰ ਉਨ੍ਹਾਂ ਹੀ ਲਿਫਟਰਾਂ ਨਾਲ ਮੁਕਾਬਲਾ ਕਰਨ ਦਾ ਮੌਕਾ ਮਿਲੇਗਾ। ਸੰਜੀਤਾ ਚਾਨੂ ਨੇ ਕੁਲ 187 ਕਿਲੋ (ਸਨੈਚ ’ਚ 82 ਕਿਲੋ, ਕਲੀਨ ਐਂਡ ਜਰਕ ’ਚ 105 ਕਿਲੋ) ਭਾਰ ਚੁੱਕ ਕੇ ਚਾਂਦੀ ਤਮਗਾ ਜਿੱਤਿਆ। ਓਡਿਸ਼ਾ ਦੀ ਸਨੇਹਾ ਸੋਰੇਨ ਨੇ ਕੁਲ 169 ਕਿਲੋ (ਸਨੈਚ ’ਚ 73 ਕਿਲੋ, ਕਲੀਨ ਐਂਡ ਜਰਕ ’ਚ 96 ਕਿਲੋ) ਭਾਰ ਚੁੱਕ ਕੇ ਕਾਂਸੀ ਤਮਗਾ ਜਿੱਤਿਆ। ਸਨੈਚ ’ਚ ਮੀਰਾਬਾਈ ਨੇ ਆਪਣੀ ਪਹਿਲੀ ਕੋਸ਼ਿਸ਼ ’ਚ 81 ਕਿਲੋ ਭਾਰ ਚੁੱਕ ਕੇ ਸ਼ੁਰੂਆਤੀ ਬੜ੍ਹਤ ਹਾਸਲ ਕਰ ਲਈ। ਉਨ੍ਹਾਂ ਨੇ ਦੂਜੀ ਕੋਸ਼ਿਸ਼ ’ਚ 84 ਕਿਲੋਗ੍ਰਾਮ ਭਾਰ ਚੁੱਕ ਕੇ ਮਣੀਪੁਰ ਦੀ ਆਪਣੀ ਸਾਥੀ ਵੇਟਲਿਫਟਰ ਸੰਜੀਤਾ ’ਤੇ ਦੋ ਕਿਲੋਗ੍ਰਾਮ ਦੀ ਬੜ੍ਹਤ ਬਣਾਈ, ਜੋ ਆਪਣੀਆਂ ਪਹਿਲੀਆਂ ਦੋ ਕੋਸ਼ਿਸ਼ਾਂ ’ਚ ਸਿਰਫ 80 ਕਿਲੋ ਅਤੇ 82 ਕਿਲੋਗ੍ਰਾਮ ਹੀ ਚੁੱਕ ਸਕੀ। ਸੰਜੀਤਾ ਦੀ 84 ਕਿਲੋਗ੍ਰਾਮ ਦੀ ਤੀਜੀ ਕੋਸ਼ਿਸ਼ ਨੂੰ ਫਾਊਲ ਕਰਾਰ ਦਿੱਤਾ ਗਿਆ। ਮੀਰਾਬਾਈ ਨੇ ਆਪਣੀ ਊਰਜਾ ਬਚਾਉਣ ਦਾ ਫ਼ੈਸਲਾ ਕੀਤਾ ਅਤੇ ਤੀਜੀ ਕੋਸ਼ਿਸ਼ ਲਈ ਨਹੀਂ ਆਈ। ਕਲੀਨ ਐਂਡ ਜਰਕ ’ਚ ਸੰਜੀਤਾ ਨੇ ਆਪਣੀ ਪਹਿਲੀ ਕੋਸ਼ਿਸ਼ ’ਚ 95 ਕਿਲੋ ਭਾਰ ਚੁੱਕਿਆ ਅਤੇ ਫਿਰ ਸਫ਼ਲਤਾਪੂਰਵਕ 100 ਅਤੇ 105 ਕਿਲੋ ਭਾਰ ਚੁੱਕਿਆ।

ad