‘ਇਕੋ ਮਿੱਕੇ’ ਦਾ ਟਰੇਲਰ ਬਣਿਆ ਸਭ ਦੀ ਪਸੰਦ, 13 ਮਾਰਚ ਨੂੰ ਰਿਲੀਜ਼ ਹੋਵੇਗੀ ਫਿਲਮ

ਜਲੰਧਰ- ਸਤਿੰਦਰ ਸਰਤਾਜ ਦੀ ਗਾਇਕੀ ਵਾਂਗ ਉਸ ਦੀ ਫਿਲਮ ਵੀ ਆਮ ਨਹੀਂ ਬਲਕਿ ਖਾਸ ਹੋਵੇਗੀ। ਪੰਜਾਬੀ ਗਾਇਕੀ ’ਚ ਵੱਖਰੀਆਂ ਪੈੜਾਂ ਪਾਉਣ ਵਾਲੇ ਨਾਮਵਰ ਗਾਇਕ, ਗੀਤਕਾਰ ਤੇ ਹੁਣ ਅਦਾਕਾਰ ਸਤਿੰਦਰ ਸਰਤਾਜ ਦੀ ਪਹਿਲੀ ਪੰਜਾਬੀ ਫਿਲਮ ‘ਇਕੋ ਮਿੱਕੇ’ ਦੇ ਟਰੇਲਰ ਨੇ ਇਹ ਸਾਬਤ ਕਰ ਦਿੱਤਾ ਹੈ ਕਿ ਪੰਜਾਬੀ ਦਰਸ਼ਕ ਲੀਕ ਤੋਂ ਹਟਵਾਂ ਕੁਝ ਦੇਖਣਾ ਲੋਚਦੇ ਹਨ। ਹਾਲ ਹੀ ’ਚ ਰਿਲੀਜ਼ ਹੋਏ ਇਸ ਫਿਲਮ ਦੇ ਟਰੇਲਰ ਨੂੰ ਹਰ ਪਾਸਿਓਂ ਸ਼ਾਨਦਾਰ ਹੁੰਗਾਰਾ ਮਿਲ ਰਿਹਾ ਹੈ। 13 ਮਾਰਚ ਨੂੰ ਰਿਲੀਜ਼ ਹੋ ਰਹੀ ਇਸ ਪੰਜਾਬੀ ਫਿਲਮ ਜ਼ਰੀਏ ਸਤਿੰਦਰ ਸਰਤਾਜ ਪੰਜਾਬੀ ਫਿਲਮ ਜਗਤ ਦੇ ਵਿਹੜੇ ’ਚ ਆਪਣਾ ਪਹਿਲਾ ਕਦਮ ਰੱਖਣ ਜਾ ਰਹੇ ਹਨ। ਨੌਜਵਾਨ ਫਿਲਮ ਨਿਰਦੇਸ਼ਕ ਪੰਕਜ ਵਰਮਾ ਦੀ ਲਿਖੀ ਅਤੇ ਨਿਰਦੇਸ਼ਿਤ ਇਸ ਫਿਲਮ ਦਾ ਟਰੇਲਰ ਸ਼ੁੱਕਰਵਾਰ ਨੂੰ ‘ਸਾਗਾ ਮਿਊਜ਼ਿਕ’ ਦੇ ਯੂ-ਟਿਊਬ ਚੈਨਲ ’ਤੇ ਰਿਲੀਜ਼ ਕੀਤਾ ਗਿਆ, ਜਿਸ ਨੂੰ ਦਰਸ਼ਕਾਂ ਦਾ ਸ਼ਾਨਦਾਰ ਹੁੰਗਾਰਾ ਮਿਲ ਰਿਹਾ ਹੈ। ਇਸ ਫਿਲਮ ’ਚ ਸਤਿੰਦਰ ਸਰਤਾਜ ਦੀ ਹੀਰੋਇਨ ਬਾਲੀਵੁੱਡ ਅਦਾਕਾਰਾ ਅਦਿੱਤੀ ਸ਼ਰਮਾ ਹੈ। ਦੋਵਾਂ ਤੋਂ ਇਲਾਵਾ ਫਿਲਮ ’ਚ ਸਰਦਾਰ ਸੋਹੀ, ਮਹਾਵੀਰ ਭੁੱਲਰ, ਸ਼ਿਵਾਨੀ ਸੈਣੀ, ਵੰਦਨਾ ਸ਼ਰਮਾ, ਬੇਗੋ ਬਲਵਿੰਦਰ, ਵਿਜੇ ਕੁਮਾਰ, ਨਵਦੀਪ ਕਲੇਰ, ਮਨਿੰਦਰ ਵੈਲੀ, ਰਾਜ ਧਾਲੀਵਾਲ ਤੇ ਉਮੰਗ ਸ਼ਰਮਾ ਸਮੇਤ ਕਈ ਹੋਰ ਵੱਡੇ ਚਿਹਰੇ ਨਜ਼ਰ ਆਉਣਗੇ।