ਸਲੋਵਾਕੀਆ: ਪ੍ਰਧਾਨ ਮੰਤਰੀ ਫਿਕੋ ਦੀ ਹਾਲਤ ਗੰਭੀਰ, ਪਰ ਸਥਿਰ

ਸਲੋਵਾਕੀਆ: ਪ੍ਰਧਾਨ ਮੰਤਰੀ ਫਿਕੋ ਦੀ ਹਾਲਤ ਗੰਭੀਰ, ਪਰ ਸਥਿਰ

(ਇੰਡੋ ਕਨੇਡੀਅਨ ਟਾਈਮਜ਼)-ਮਨੋਨੀਤ ਰਾਸ਼ਟਰਪਤੀ ਪੀਟਰ ਪੈਲੇਗਰੀਨੀ ਮੀਡੀਆ ਨੂੰ ਸੰਬੋਧਨ ਕਰਦੇ ਹੋਏ। -ਫੋਟੋ: ਰਾਇਟਰਜ਼
ਬਾਂਸਕਾ ਬਿਸਟ੍ਰਿਕਾ(ਸਲੋਵਾਕੀਆ),-ਸਲੋਵਾਕ ਪ੍ਰਧਾਨ ਮੰਤਰੀ ਰੌਬਰਟ ਫਿਕੋ ਦੀ ਹੱਤਿਆ ਦੀ ਕੋਸ਼ਿਸ਼ ਤੋਂ ਇਕ ਦਿਨ ਮਗਰੋਂ ਸਲੋਵਾਕ ਸਿਆਸਤਦਾਨਾਂ ਨੇ ਕੇਂਦਰੀ ਯੂਰਪੀ ਮੁਲਕ ਵਿਚ ਸ਼ਾਂਤੀ ਬਣਾ ਕੇ ਰੱਖਣ ਦੀ ਅਪੀਲ ਕੀਤੀ ਹੈ। ਹਸਪਤਾਲ ਦੇ ਅਧਿਕਾਰੀਆਂ ਨੇ ਕਿਹਾ ਕਿ ਪ੍ਰਧਾਨ ਮੰਤਰੀ ਦੀ ਹਾਲਤ ਗੰਭੀਰ ਪਰ ਸਥਿਰ ਹੈ। ਡਾਕਟਰਾਂ ਨੇ ਉਨ੍ਹਾਂ ਦਾ ਪੰਜ ਘੰਟੇ ਅਪਰੇਸ਼ਨ ਕੀਤਾ ਸੀ ਤੇ ਹਾਲ ਦੀ ਘੜੀ ਉਨ੍ਹਾਂ ਨੂੰ ਆਈਸੀਯੂ ’ਚ ਰੱਖਿਆ ਗਿਆ ਹੈ। ਫਿਕੋ ’ਤੇ ਬੁੱਧਵਾਰ ਨੂੰ ਰਾਜਧਾਨੀ ਤੋਂ ਕਰੀਬ 140 ਕਿਲੋਮੀਟਰ ਦੂਰ ਹੈਂਡਲੋਵਾ ਕਸਬੇ ਵਿਚ ਇਕ ਸਭਿਆਚਾਰਕ ਕੇਂਦਰ ਦੇ ਬਾਹਰ ਪੰਜ ਗੋਲੀਆਂ ਚਲਾਈਆਂ ਗਈਆਂ ਸਨ। ਹਮਲੇ ਮੌਕੇ ਫਿਕੋ ਆਪਣੇ ਹਮਾਇਤੀਆਂ ਨੂੰ ਮਿਲ ਰਹੇ ਸਨ। ਪੁਲੀਸ ਨੇ ਇਸ ਮਾਮਲੇ ਵਿਚ ਇਕ ਮਸ਼ਕੂਕ ਨੂੰ ਕਾਬੂ ਕੀਤਾ ਹੈ। ਉਧਰ ਸਲੋਵਾਕੀਆ ਦੀ ਸੁਰੱਖਿਆ ਕੌਂਸਲ ਨੇ ਹਾਲਾਤ ਦੇ ਜਾਇਜ਼ੇ ਲਈ ਰਾਜਧਾਨੀ ਬ੍ਰਾਤੀਸਲਾਵਾ ਵਿਚ ਬੈਠਕ ਸੱਦ ਲਈ ਹੈ। ਫਿਕੋ ’ਤੇ ਹਮਲਾ ਅਜਿਹੇ ਮੌਕੇ ਹੋਇਆ ਹੈ ਜਦੋਂ ਯੂਰਪੀ ਸੰਸਦ ਦੀ ਚੋਣ ਲਈ ਸਿਆਸੀ ਪ੍ਰਚਾਰ ਤੇਜ਼ ਹੋ ਗਿਆ ਹੈ ਅਤੇ ਸਲੋਵਾਕੀਅਨ ਰਾਜਧਾਨੀ ਤੇ ਪੂਰੇ ਦੇਸ਼ ਵਿਚ ਫਿਕੋ ਦੀਆਂ ਨੀਤੀਆਂ ਦਾ ਵਿਰੋਧ ਹੋ ਰਿਹਾ ਹੈ। ਅਹੁਦੇ ਤੋਂ ਲਾਂਭੇ ਹੋ ਰਹੇ ਰਾਸ਼ਟਰਪਤੀ ਜ਼ੁਜ਼ਾਨਾ ਕਾਪੁਟੋਵਾ ਨੇ ਕਿਹਾ ਕਿ ਦੇਸ਼ ਦੀਆਂ ਸਿਆਸੀ ਪਾਰਟੀਆਂ ਦੇ ਆਗੂਆਂ ਨੂੰ ‘ਹਿੰਸਾ ਤੋਂ ਬਚਣ’ ਤੇ ‘ਸ਼ਾਂਤੀ ਬਣਾ’ ਕੇ ਰੱਖਣ ਲਈ ਸਿਰ ਜੋੜ ਕੇ ਬੈਠਣਾ ਚਾਹੀਦਾ ਹੈ।

sant sagar