ਖੇਤਰੀ ਪਾਰਟੀਆਂ ਨੂੰ ਇਕ ਮੰਚ ’ਤੇ ਲਿਆਉਣ ਲਈ ਅਕਾਲੀ ਪੱਬਾਂ ਭਾਰ

ਖੇਤਰੀ ਪਾਰਟੀਆਂ ਨੂੰ ਇਕ ਮੰਚ ’ਤੇ ਲਿਆਉਣ ਲਈ ਅਕਾਲੀ ਪੱਬਾਂ ਭਾਰ

ਸ਼੍ਰੋਮਣੀ ਅਕਾਲੀ ਦਲ ਨੇ ਸੰਘੀ ਢਾਂਚੇ ਦੀ ਮਜ਼ਬੂਤੀ ਅਤੇ ਖੇਤੀ ਕਾਨੂੰਨਾਂ ਖਿਲਾਫ਼ ਸਿਆਸੀ ਲਹਿਰ ਖੜ੍ਹੀ ਕਰਨ ਲਈ ਖੇਤਰੀ ਸਿਆਸੀ ਧਿਰਾਂ ਨੂੰ ਇੱੱਕ ਮੰਚ ’ਤੇ ਲਿਆਉਣ ਦੀ ਮੁਹਿੰਮ ਵਿੱਢੀ ਹੈ। ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਮੀਤ ਪ੍ਰਧਾਨ ਪ੍ਰੇਮ ਸਿੰਘ ਚੰਦੂਮਾਜਰਾ ਨੇ ਵੱਖ ਵੱਖ ਸੂਬਿਆਂ ਦਾ ਦੌਰਾ ਕਰਕੇ ਸਿਆਸੀ ਆਗੂਆਂ ਨੂੰ ਮਿਲਣਾ ਸ਼ੁਰੂ ਕਰ ਦਿੱਤਾ ਹੈ। ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਵੱਲੋਂ ਸੌਂਪੀ ਜ਼ਿੰਮੇਵਾਰੀ ਮਗਰੋਂ ਚੰਦੂਮਾਜਰਾ ਹੁਣ ਤਕ ਪੱਛਮੀ ਬੰਗਾਲ ਵਿੱਚ ਤ੍ਰਿਣਮੂਲ ਕਾਂਗਰਸ ਦੇ ਆਗੂਆਂ ਨਾਲ ਮੀਟਿੰਗਾਂ ਕਰ ਚੁੱਕੇ ਹਨ। ਸ਼੍ਰੋਮਣੀ ਅਕਾਲੀ ਦਲ ਦੀ ਕੋਰ ਕਮੇਟੀ ਦੀ ਪਿਛਲੇ ਸਮੇਂ ਦੌਰਾਨ ਹੋਈ ਮੀਟਿੰਗ ਵਿਚ ਫੈਸਲਾ ਕੀਤਾ ਗਿਆ ਕਿ ਸੂਬਿਆਂ ਨੂੰ ਵੱਧ ਅਧਿਕਾਰਾਂ ਦੇ ਮਾਮਲੇ ਨੂੰ ਲੈ ਕੇ ਸਭਨਾਂ ਖੇਤਰੀ ਪਾਰਟੀਆਂ ਨੂੰ ਇੱਕਮੁੱਠ ਕੀਤਾ ਜਾਵੇ ਕਿਉਂਕਿ ਕੇਂਦਰ ਸਰਕਾਰ ਵੱਲੋਂ ਪੜਾਅਵਾਰ ਸੂਬਾਈ ਤਾਕਤਾਂ ਨੂੰ ਖੋਰਾ ਲਾਇਆ ਜਾ ਰਿਹਾ ਹੈ।
ਸ੍ਰੀ ਚੰਦੂਮਾਜਰਾ ਅੱਜ ਇਸੇ ਲੜੀ ਵਿੱਚ ਮਹਾਰਾਸ਼ਟਰ ਦੇ ਮੁੱਖ ਮੰਤਰੀ ਊਧਵ ਠਾਕਰੇ ਨੂੰ ਮਿਲੇ ਅਤੇ ਇਸ ਗੰਭੀਰ ਮੁੱਦੇ ’ਤੇ ਚਰਚਾ ਕੀਤੀ। ਇਸ ਮੌਕੇ ਉਨ੍ਹਾਂ ਦੇ ਨਾਲ ਸੱਚਖੰਡ ਬੋਰਡ ਸ੍ਰੀ ਹਜ਼ੂਰ ਸਾਹਿਬ ਦੇ ਪ੍ਰਧਾਨ ਭੁਪਿੰਦਰ ਸਿੰਘ ਮਿਨਹਾਸ, ਬੋਰਡ ਮੈਂਬਰਾਨ ਗੁਰਿੰਦਰ ਸਿੰਘ ਬਾਵਾ ਤੇ ਹਰਪ੍ਰੀਤ ਸਿੰਘ ਅਤੇ ਸੇਵਾ ਮੁਕਤ ਜੱਜ ਵੀ ਸਨ। ਮੀਟਿੰਗ ਮਗਰੋਂ ਚੰਦੂਮਾਜਰਾ ਨੇ ਦੱਸਿਆ ਕਿਹਾ ਕਿ ਦੇਸ ਦਾ ਕਿਸਾਨ ਅੱਜ ਸੜਕਾਂ ’ਤੇ ਹੈ ਅਤੇ ਉਨ੍ਹਾਂ ਦਾ ਸਮਰਥਨ ਕਰਨਾ ਸਾਡਾ ਸਾਰਿਆਂ ਦਾ ਫ਼ਰਜ਼ ਹੈ। ਉਨ੍ਹਾਂ ਕਿਹਾ ਕਿ ਅਕਾਲੀ ਦਲ ਕਿਸਾਨਾਂ ਦੀ ਪਾਰਟੀ ਹੈ ਤੇ ਕਿਸਾਨੀ ਘੋਲ ਨੂੰ ਦੇਸ਼ ਦੀਆਂ ਸਮੁੱਚੀਆਂ ਖੇਤਰੀ ਪਾਰਟੀਆਂ ਦੀ ਹਮਾਇਤ ਦਿਵਾਉਣ ਲਈ ਇਹ ਮੁਹਿੰਮ ਸ਼ੁਰੂ ਕੀਤੀ ਹੈ। ਸ੍ਰੀ ਚੰਦੂਮਾਜਰਾ ਨੇ ਸ਼ਨਿੱਚਰਵਾਰ ਨੂੰ ਟੀਐੱਮਸੀ ਭਵਨ, ਕੋਲਕਾਤਾ ਵਿੱਚ ਸੁਦੀਪ ਬੰਦੋਪਾਧਿਆਏ, ਡੈਰੇਕ ਓ’ਬ੍ਰਾਇਨ ਅਤੇ ਮਲਿਕ ਘਟਕ ਨਾਲ ਮੀਟਿੰਗ ਕੀਤੀ ਸੀ। ਉਨ੍ਹਾਂ ਦੱਸਿਆ ਕਿ ਜਲਦੀ ਹੀ ਉਹ ਟੀਆਰਐੱਸ, ਐੱਨਸੀਪੀ ਦੇ ਸ਼ਰਦ ਪਵਾਰ, ਬੀਜੂ ਜਨਤਾ ਦਲ, ਅਖਿਲੇਸ਼ ਯਾਦਵ, ਹਰਿਆਣਾ ਵਿੱਚ ਇਨੈਲੋ ਆਗੂਆਂ ਨਾਲ ਮੀਟਿੰਗਾਂ ਕਰਨਗੇ। ਉਨ੍ਹਾਂ ਕਿਹਾ ਕਿ ਸਮੇਂ ਦੀ ਮੰਗ ਹੈ ਕਿ ਸਮੁੱਚੀਆਂ ਪਾਰਟੀਆਂ ਕੇਂਦਰ ਸਰਕਾਰ ’ਤੇ ਖੇਤੀ ਸੁਧਾਰ ਕਾਨੂੰਨਾਂ ਨੂੰ ਰੱਦ ਕਰਨ ਲਈ ਦਬਾਅ ਬਣਾਉਣ।

ad