ਨਿੱਝਰ ਦੀ ਹੱਤਿਆ ’ਚ ਭਾਰਤੀ ਏਜੰਟਾਂ ਦਾ ਹੱਥ ਹੋਣ ਦੇ ਦੋਸ਼ਾਂ ’ਤੇ ਕਾਇਮ: ਕੈਨੇਡਾ
ਨਿੱਝਰ ਦੀ ਹੱਤਿਆ ’ਚ ਭਾਰਤੀ ਏਜੰਟਾਂ ਦਾ ਹੱਥ ਹੋਣ ਦੇ ਦੋਸ਼ਾਂ ’ਤੇ ਕਾਇਮ: ਕੈਨੇਡਾ
ਓਟਵਾ-ਕੈਨੇਡਾ ਦੀ ਵਿਦੇਸ਼ ਮੰਤਰੀ ਮੇਲਾਨੀ ਜੌਲੀ ਨੇ ਕਿਹਾ ਹੈ ਕਿ ਓਟਵਾ ਸਿੱਖ ਵੱਖਵਾਦੀ ਹਰਦੀਪ ਸਿੰਘ ਨਿੱਝਰ ਦੀ ਹੱਤਿਆ ਵਿੱਚ ਭਾਰਤੀ ਏਜੰਟਾਂ ਦਾ ਹੱਥ ਹੋਣ ਦੇ ਦੋਸ਼ਾਂ ’ਤੇ ਕਾਇਮ ਹੈ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਜੌਲੀ ਨੇ ਕਿਹਾ ਕਿ ਨਿੱਝਰ ਦੀ ਹੱਤਿਆ ਦੀ ਜਾਂਚ ਰੌਇਲ ਕੈਨੇਡੀਅਨ ਮਾਊਂਟਿਡ ਪੁਲੀਸ ਵੱਲੋਂ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ, ‘ਕੈਨੇਡਾ ਆਪਣੇ ਨਾਗਰਿਕਾਂ ਦੀ ਸੁਰੱਖਿਆ ਕਰਨ ਲਈ ਕੋਈ ਕਸਰ ਨਹੀਂ ਛੱਡੇਗਾ। ਅਸੀਂ ਉਨ੍ਹਾਂ ਦੋਸ਼ਾਂ ’ਤੇ ਕਾਇਮ ਹਾਂ ਕਿ ਕੈਨੇਡੀਅਨ ਜ਼ਮੀਨ ’ਤੇ ਭਾਰਤੀ ਏਜੰਟਾਂ ਵੱਲੋਂ ਕੈਨੇਡੀਅਨ ਦੀ ਹੱਤਿਆ ਕੀਤੀ ਗਈ ਸੀ। ਇਸ ਦੀ ਆਰਸੀਐੱਮਪੀ ਜਾਂਚ ਕਰ ਰਹੀ ਹੈ। ਮੈਂ ਅੱਗੇ ਕੋਈ ਟਿੱਪਣੀ ਨਹੀਂ ਕਰਾਂਗੀ।’’ ਉਧਰ ਭਾਰਤ ਇਸ ਮਾਮਲੇ ’ਚ ਕੈਨੇਡਾ ਤੋਂ ਸਬੂਤ ਮੰਗ ਰਿਹਾ ਹੈ ਪਰ ਹਾਲੇ ਤੱਕ ਉਸ ਨੇ ਕੋਈ ਸਬੂਤ ਪੇਸ਼ ਨਹੀਂ ਕੀਤਾ।
ਉਧਰ ਖਾਲਿਸਤਾਨੀ ਵੱਖਵਾਦੀ ਹਰਦੀਪ ਸਿੰਘ ਨਿੱਝਰ ਦੀ ਹੱਤਿਆ ਦੇ ਦੋਸ਼ ਵਿਚ ਗ੍ਰਿਫ਼ਤਾਰ ਤਿੰਨ ਭਾਰਤੀ ਨਾਗਰਿਕਾਂ ਨੂੰ ਮੰਗਲਵਾਰ ਨੂੰ ਵਰਚੁਅਲੀ ਕੈਨੇਡੀਅਨ ਅਦਾਲਤ ਵਿਚ ਪੇਸ਼ ਕੀਤਾ ਗਿਆ ਹੈ। ਐਡਮਿੰਟਨ ਰਹਿੰਦੇ ਭਾਰਤੀ ਨਾਗਰਿਕਾਂ ਕਰਨ ਬਰਾੜ (22), ਕਮਲਪ੍ਰੀਤ ਸਿੰਘ (22) ਤੇ ਕਰਨਪ੍ਰੀਤ ਸਿੰਘ (28) ਨੂੰ ਸ਼ੁੁੱਕਰਵਾਰ ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ ਤੇ ਉਨ੍ਹਾਂ ਉੱਤੇ ਪਹਿਲਾ ਦਰਜਾ ਕਤਲ ਤੇ ਕਤਲ ਦੀ ਸਾਜ਼ਿਸ਼ ਘੜਨ ਦੇ ਦੋਸ਼ ਆਇਦ ਹਨ। ਤਿੰਨਾਂ ਨੂੰ ਖਚਾਖਚ ਭਰੇ ਸਰੀ ਦੇ ਸੂਬਾਈ ਕੋਰਟ ਰੂਮ ਵਿਚ ਮੰਗਲਵਾਰ ਨੂੰ ਵੱਖੋ ਵੱਖਰੇ ਰੂਪ ਵਿਚ ਵਰਚੁਅਲੀ ਪੇਸ਼ ਕੀਤਾ ਗਿਆ। ਰੋਜ਼ਨਾਮਚਾ ‘ਵੈਨਕੂਵਰ ਸਨ’ ਦੀ ਰਿਪੋਰਟ ਮੁਤਾਬਕ ਮੁਲਜ਼ਮਾਂ ਨੂੰ ਆਪਣੇ ਵਕੀਲਾਂ ਨਾਲ ਸਲਾਹ ਮਸ਼ਵਰੇ ਲਈ ਸਮਾਂ ਦਿੰਦਿਆਂ ਕੇਸ ਦੀ ਅਗਲੀ ਸੁਣਵਾਈ 21 ਮਈ ਲਈ ਨਿਰਧਾਰਿਤ ਕੀਤੀ ਗਈ ਹੈ। ਉਂਜ ਸੁਣਵਾਈ ਮੌਕੇ ਅਦਾਲਤ ਦੇ ਬਾਹਰ ਸੈਂਕੜੇ ਸਥਾਨਕ ਖਾਲਿਸਤਾਨੀ ਸਮਰਥਕ ਮੌਜੂਦ ਸਨ ਜਿਨ੍ਹਾਂ ਹੱਥਾਂ ਵਿਚ ਖਾਲਿਸਤਾਨੀ ਝੰਡੇ ਤੇ ਸਿੱਖ ਵੱਖਵਾਦ ਨਾਲ ਸਬੰਧਤ ਪੋਸਟਰ ਫੜੇ ਹੋਏ ਸਨ। ਨਿੱਝਰ ਦੀ ਪਿਛਲੇ ਸਾਲ 18 ਜੂਨ ਨੂੰ ਸਰੀ ਦੇ ਇਕ ਗੁਰਦੁਆਰੇ ਦੇ ਬਾਹਰ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ ਗਈ ਸੀ। ਰਿਪੋਰਟ ਵਿਚ ਕਿਹਾ ਗਿਆ ਕਿ ਮੰਨਿਆ ਜਾਂਦਾ ਹੈ ਕਿ ਤਿੰਨੇ ਮੁਲਜ਼ਮ ਕਥਿਤ ਹਿੱਟ ਸਕੁਐਡ ਦੇ ਮੈਂਬਰ ਹਨ। ਪੇਸ਼ੀ ਮੌਕੇ ਮੁਲਜ਼ਮਾਂ ਨੇ ਜੇਲ੍ਹ ਵੱਲੋਂ ਦਿੱਤੀਆਂ ਲਾਲ ਟੀ-ਸ਼ਰਟਾਂ ਤੇ ਪੈਂਟਾਂ ਪਾਈਆਂ ਹੋਈਆਂ ਸਨ। ਕਰਨ ਬਰਾੜ ਤੇ ਕਰਨਪ੍ਰੀਤ ਸਿੰਘ ਸਵੇਰ ਵੇਲੇ ਜਦੋਂਕਿ ਕਮਲਪ੍ਰੀਤ ਸਿੰਘ ਲੰਚ ਤੋਂ ਬਾਅਦ ਕੋਰਟ ਵਿਚ ਵਰਚੁਅਲੀ ਪੇਸ਼ ਹੋਇਆ। ਤਿੰਨਾਂ ਨੇ ਕੇਸ ਦੀ ਕਾਰਵਾਈ ਅੰਗਰੇਜ਼ੀ ਵਿਚ ਸੁਣਨ ਦੀ ਸਹਿਮਤੀ ਦਿੱਤੀ ਤੇ ਉਨ੍ਹਾਂ ਕਿਹਾ ਕਿ ਉਹ ਆਪਣੇ ਖਿਲਾਫ਼ ਲੱਗੇ ਪਹਿਲਾ ਦਰਜਾ ਕਤਲ ਤੇ ਨਿੱਝਰ ਦੀ ਹੱਤਿਆ ਦੀ ਸਾਜ਼ਿਸ਼ ਘੜਨ ਦੇ ਦੋਸ਼ਾਂ ਤੋਂ ਵਾਕਿਫ਼ ਹਨ। ਇਸ ਦੌਰਾਨ ਕੋਰਟ ਨੇ ਸਰਕਾਰੀ ਧਿਰ ਦੇ ਵਕੀਲ ਦੀ ਉਹ ਅਪੀਲ ਮੰਨ ਲਈ ਜਿਸ ਵਿਚ ਕੈਨੇਡਾ ਦੇ ਕ੍ਰਿਮੀਨਲ ਕੋਡ ਦੀ ਇਕ ਧਾਰਾ ਤਹਿਤ ਮੁਲਜ਼ਮਾਂ ਨੂੰ ਸੱਤ ਵਿਅਕਤੀਆਂ ਨਾਲ ਸਿੱਧੇ ਜਾਂ ਅਸਿੱਧੇ ਰੂਪ ਵਿਚ ਮਿਲਣ ਤੋਂ ਰੋਕਣ ਦੀ ਮੰਗ ਕੀਤੀ ਗਈ ਸੀ। ਰਿਪੋਰਟ ਮੁਤਾਬਕ ਇਨ੍ਹਾਂ ਸੱਤ ਵਿਅਕਤੀਆਂ ਵਿਚ ਨਿੱਝਰ ਦਾ ਪੁੱਤਰ ਬਲਰਾਜ ਨਿੱਝਰ (21), ਹਰਜਿੰਦਰ ਨਿੱਝਰ, ਮਹਿਤਾਬ ਨਿੱਝਰ, ਸਰਨਦੀਪ ਸਹਿਜ, ਹਰਸਿਮਰਨਜੀਤ ਸਿੰਘ, ਅਰਸ਼ਦੀਪ ਕਪੂਰ ਤੇ ਮਲਕੀਤ ਸਿੰਘ ਸ਼ਾਮਲ ਹਨ। ਮੁਲਜ਼ਮਾਂ ਵੱਲੋਂ ਦਾਇਰ ਅੰਤਰਿਮ ਜ਼ਮਾਨਤ ’ਤੇ ਸ਼ਨਿਚਰਵਾਰ ਨੂੰ ਸੁਣਵਾਈ ਹੋਈ ਸੀ, ਜਿਸ ਮਗਰੋਂ ਇਨ੍ਹਾਂ ਨੂੰ ਨਿਆਂਇਕ ਹਿਰਾਸਤ ਵਿਚ ਰੱਖਿਆ ਗਿਆ ਹੈ।
ਸਰੀ ਦੇ ਕ੍ਰਿਮੀਨਲ ਤੇ ਇਮੀਗ੍ਰੇਸ਼ਨ ਵਕੀਲ ਅਫਾਨ ਬਾਜਵਾ ਨੇ ਕਿਹਾ ਕਿ ਅਗਲੀ ਪੇਸ਼ਕਦਮੀ ਵਜੋਂ ਮੁਲਜ਼ਮਾਂ ਦੇ ਵਕੀਲ ਜ਼ਮਾਨਤ ਲਈ ਪਟੀਸ਼ਨ ਦਾਖਲ ਕਰਨਗੇ। ਬਾਜਵਾ ਨੇ ਕਿਹਾ ਕਿ ਉਨ੍ਹਾਂ ਦੇ ਵਕੀਲ ਜਿੰਨਾ ਮਜ਼ਬੂਤ ਕੇਸ ਜੱਜ ਅੱਗੇ ਰੱਖਣਗੇ, ਓਨੀ ਉਨ੍ਹਾਂ ਦੀ ਰਿਹਾਈ ਦੇ ਆਸਾਰ ਵਧਣਗੇ। ਬਾਜਵਾ ਨੇ ਕਿਹਾ, ‘‘ਮੈਨੂੰ ਲੱਗਦਾ ਹੈ ਕਿ ਸੰਭਾਵੀ ਫਲਾਈਟ ਰਿਸਕ (ਮੁਲਕ ਛੱਡਣ) ਤੇ ਲੋਕਾਂ ਦੀ ਸੁਰੱਖਿਆ ਨੂੰ ਖ਼ਤਰੇ ਨਾਲ ਜੁੜੇ ਜੋਖ਼ਮਾਂ ਕਰਕੇ ਉਨ੍ਹਾਂ ਨੂੰ ਜ਼ਮਾਨਤ ਮਿਲਣੀ ਮੁੁਸ਼ਕਲ ਹੋ ਸਕਦੀ ਹੈ। ਬਾਜਵਾ ਨੇ ਕਿਹਾ ਕਿ ਜੇਕਰ ਕੇਸ ਅੱਗੇ ਵਧਦਾ ਹੈ ਤੇ ਉਹ ਪਹਿਲਾ ਦਰਜਾ ਕਤਲ ਦੇ ਦੋਸ਼ੀ ਪਾਏ ਜਾਂਦੇ ਹਨ ਤਾਂ ਉਨ੍ਹਾਂ ਨੂੰ ਘੱਟੋ-ਘੱਟ 25 ਸਾਲ ਪੈਰੋਲ ਨਹੀਂ ਮਿਲੇਗੀ। ਬਾਜਵਾ ਮੁਤਾਬਕ ਜੇਕਰ ਉਹ ਵਿਦੇਸ਼ੀ ਨਾਗਰਿਕ ਜਾਂ ਸਥਾਈ ਵਸਨੀਕ (ਪੀਆਰ) ਹਨ, ਤਾਂ ਜਿਵੇਂ ਹੀ ਉਹ ਰਿਹਾਅ ਹੋਣਗੇ ਤਾਂ ਕੈਨੇਡਾ ਬਾਰਡਰ ਸਰਵਿਸ ਏਜੰਸੀ ਉਨ੍ਹਾਂ ਨੂੰ ਜਲਾਵਤਨ ਕਰਨ ਬਾਰੇ ਸੁਣਵਾਈ ਕਰ ਸਕਦੀ ਹੈ। ਵੈਨਕੂਵਰ ਸਨ ਨੇ ਕਿਹਾ ਕਿ ਕੈਨੇਡੀਅਨ ਲਾਇਰ ਮੈਗਜ਼ੀਨ ਮੁਤਾਬਕ, ‘‘ਕੈਨੇਡਾ ਦੀ ਸੁਪਰੀਮ ਕੋਰਟ ਵੱਲੋਂ ਪਿਛਲੇ ਸਾਲ ਸਤੰਬਰ ਵਿਚ ਸੁਣਾਏ ਇਕ ਫੈਸਲੇ ਮੁਤਾਬਕ ਜੇਕਰ ਮੁਲਜ਼ਮ ਦੋਸ਼ੀ ਨਹੀਂ ਵੀ ਪਾਏ ਜਾਂਦੇ ਤਾਂ ਵੀ ਉਨ੍ਹਾਂ ਨੂੰ ਵਾਪਸ ਭਾਰਤ ਭੇਜਿਆ ਜਾ ਸਕਦਾ ਹੈ। ਨੌਂ ਜੱਜਾਂ ਵੱਲੋਂ ਸਰਬਸੰਮਤੀ ਨਾਲ ਸੁਣਾਏ ਫੈਸਲੇ ਮੁਤਾਬਕ ਇਮੀਗ੍ਰੇਸ਼ਨ ਤੇ ਰਫਿਊਜ਼ੀ ਪ੍ਰੋਟੈਕਸ਼ਨ ਐਕਟ ਤਹਿਤ ਕੈਨੇਡਾ ਦੀ ਸੁਰੱਖਿਆ ਲਈ ਖਤਰਾ ਬਣਨ ’ਤੇ ਅਜਿਹੇ ਵਿਦੇਸ਼ੀ ਨਾਗਰਿਕ ਕੈਨੇਡਾ ਵਿਚ ਦਾਖ਼ਲੇ ਦੇ ਅਯੋਗ ਹੋ ਜਾਣਗੇ।’’