ਬੰਗਲਾਦੇਸ਼ ’ਚ ਘੱਟ ਗਿਣਤੀਆਂ ’ਤੇ ਹਮਲਿਆਂ ਖ਼ਿਲਾਫ਼ ਹਿਊਸਟਨ ਵਿੱਚ ਰੋਸ ਪ੍ਰਦਰਸ਼ਨ

ਬੰਗਲਾਦੇਸ਼ ’ਚ ਘੱਟ ਗਿਣਤੀਆਂ ’ਤੇ ਹਮਲਿਆਂ ਖ਼ਿਲਾਫ਼ ਹਿਊਸਟਨ ਵਿੱਚ ਰੋਸ ਪ੍ਰਦਰਸ਼ਨ

ਹਿਊਸਟਨ,(ਇੰਡੋ ਕਨੇਡੀਅਨ ਟਾਇਮਜ਼)- ਬੰਗਲਾਦੇਸ਼ ’ਚ ਇਸਲਾਮੀ ਕੱਟੜਪੰਥੀਆਂ ਵੱਲੋਂ ਹਿੰਦੂਆਂ ਅਤੇ ਹੋਰ ਘੱਟ ਗਿਣਤੀਆਂ ਨੂੰ ਨਿਸ਼ਾਨਾ ਬਣਾ ਕੇ ਕੀਤੇ ਗਏ ਹਮਲਿਆਂ ਖ਼ਿਲਾਫ਼ ਪ੍ਰਦਰਸ਼ਨ ਲਈ 300 ਤੋਂ ਵਧ ਭਾਰਤੀ-ਅਮਰੀਕੀ ਅਤੇ ਬੰਗਲਾਦੇਸ਼ੀ ਮੂਲ ਦੇ ਹਿੰਦੂ ਐਤਵਾਰ ਸਵੇਰੇ ਹਿਊਸਟਨ ਦੇ ਸ਼ੂਗਰ ਲੈਂਡ ਸਿਟੀ ਹਾਲ ’ਚ ਇਕੱਤਰ ਹੋਏ। ਮੁਜ਼ਾਹਰਾਕਾਰੀਆਂ ਨੇ ਅਮਰੀਕਾ ਦੇ ਰਾਸ਼ਟਰਪਤੀ ਜੋਅ ਬਾਇਡਨ ਨੂੰ ਅਪੀਲ ਕੀਤੀ ਕਿ ਉਹ ਬੰਗਲਾਦੇਸ਼ ’ਚ ਘੱਟ ਗਿਣਤੀਆਂ ਖ਼ਿਲਾਫ਼ ਤਸ਼ੱਦਦ ਨੂੰ ਰੋਕਣ ਅਤੇ ਕਮਜ਼ੋਰ ਫਿਰਕਿਆਂ ਦੀ ਰੱਖਿਆ ਲਈ ਫੌਰੀ ਤੇ ਫ਼ੈਸਲਾਕੁੰਨ ਕਦਮ ਚੁੱਕੇ ਜਾਣ। ਹਿੰਦੂ ਭਾਈਚਾਰੇ ਖ਼ਿਲਾਫ਼ ਹਿੰਸਾ ਦੀਆਂ ਘਟਨਾਵਾਂ ’ਚ ਵਾਧਾ ਖ਼ਿੱਤੇ ’ਚ ਸ਼ਾਂਤੀ ਅਤੇ ਸਥਿਰਤਾ ਲਈ ਗੰਭੀਰ ਖ਼ਤਰਾ ਬਣ ਗਿਆ ਹੈ। ਪ੍ਰਦਰਸ਼ਨ ਦੇ ਪ੍ਰਬੰਧਕਾਂ ਨੇ ਬੰਗਲਾਦੇਸ਼ ’ਚ ਸਾਰੇ ਘੱਟ ਗਿਣਤੀਆਂ ਦੀ ਫੌਰੀ ਸੁਰੱਖਿਆ ਯਕੀਨੀ ਬਣਾਉਣ ਦੀ ਮੰਗ ਕੀਤੀ ਅਤੇ ਬਾਇਡਨ ਪ੍ਰਸ਼ਾਸਨ ਨੂੰ ਅਪੀਲ ਕੀਤੀ ਕਿ ਉਹ ਮਨੁੱਖਤਾ ਖ਼ਿਲਾਫ਼ ਹੋ ਰਹੇ ਘਿਨਾਉਣੇ ਜੁਰਮਾਂ ਦੌਰਾਨ ਮੂਕ ਦਰਸ਼ਕ ਬਣ ਕੇ ਨਾ ਰਹੇ। ਪ੍ਰਬੰਧਕਾਂ ਨੇ ਬੰਗਲਾਦੇਸ਼ੀ ਹਿੰਦੂਆਂ ਨੂੰ ਚੌਕਸ ਰਹਿਣ ਲਈ ਕਿਹਾ। 

ad