ਅੰਮਿ੍ਤਪਾਲ ਦੇ ਸ਼ਾਹਬਾਦ 'ਚ ਹੋਣ ਬਾਰੇ ਬਲਜੀਤ ਕੌਰ ਤੇ ਉਸ ਦੇ ਭਰਾ ਨੇ ਖ਼ੁਦ ਦਿੱਤੀ ਸੀ ਜਾਣਕਾਰੀ

ਸ਼ਾਹਬਾਦ - ਅੰਮਿ੍ਤਪਾਲ ਸਿੰਘ ਨੂੰ ਪਨਾਹ ਦੇਣ ਦੇ ਦੋਸ਼ 'ਚ ਗਿ੍ਫ਼ਤਾਰ ਸ਼ਾਹਬਾਦ ਦੀ ਸਿਧਾਰਥ ਕਾਲੋਨੀ ਵਾਸੀ ਬਲਜੀਤ ਕੌਰ ਦੇ ਭਰਾ ਹਰਜਿੰਦਰ ਸਿੰਘ ਨੇ ਪੁਲਿਸ ਦੀ ਗਿ੍ਫ਼ਤ ਤੋਂ ਬਾਹਰ ਆਉਣ ਤੋਂ ਬਾਅਦ ਮੀਡੀਆ ਦੇ ਸਾਹਮਣੇ ਕਈ ਗੱਲਾਂ ਦਾ ਖੁਲਾਸਾ ਕੀਤਾ ਹੈ | ਹਰਜਿੰਦਰ ਸਿੰਘ ਨੇ ਦੱਸਿਆ ਕਿ ਜਦੋਂ ਉਸ ਨੂੰ ਪਤਾ ਚੱਲਿਆ ਕਿ ਉਸ ਦੇ ਘਰ ਰੁਕਣ ਵਾਲਾ ਸ਼ਖਸ ਅੰਮਿ੍ਤਪਾਲ ਸਿੰਘ ਹੈ ਤਾਂ ਉਸ ਨੇ ਅੰਮਿ੍ਤਪਾਲ ਦੇ ਸਮਰਥਕਾਂ ਤੇ ਸੰਗਠਨ ਤੋਂ ਡਰ ਕੇ ਚੁੱਪੀ ਸਾਧ ਲਈ ਸੀ ਪਰ ਜਦ ਬੁੱਧਵਾਰ ਨੂੰ ਉਸ ਨੇ ਸਾਰਾ ਘਟਨਾਕ੍ਰਮ ਲਾਡਵਾ ਦੇ ਐਸ.ਡੀ.ਐਮ. ਦੇ ਨਾਲ ਸਾਂਝਾ ਕੀਤਾ ਤਾਂ ਉਨ੍ਹਾਂ ਨੇ ਸਾਰਾ ਮਾਮਲਾ ਡੀ. ਸੀ. ਦੇ ਸਾਹਮਣੇ ਰੱਖਣ ਨੂੰ ਕਿਹਾ | ਹਰਜਿੰਦਰ ਸਿੰਘ ਨੇ ਦੱਸਿਆ ਕਿ ਉਸ ਦੇ ਘਰ ਅੰਮਿ੍ਤਪਾਲ ਸਿੰਘ ਪਨਾਹ ਦੇਣ ਦਾ ਸੁਰਾਗ ਹਰਿਆਣਾ ਜਾਂ ਪੰਜਾਬ ਪੁਲਿਸ ਨੂੰ ਨਹੀਂ ਲੱਗਿਆ ਸੀ, ਬਲਕਿ ਉਹ ਦੋਵੇਂ ਭੈਣ-ਭਰਾ ਹਰਜਿੰਦਰ ਸਿੰਘ ਤੇ ਬਲਜੀਤ ਕੌਰ ਨੇ ਖ਼ੁਦ ਹੀ ਐਸ.ਡੀ.ਐਮ. ਲਾਡਵਾ ਦੇ ਮਾਧਿਅਮ ਨਾਲ ਕੁਰੂਕਸ਼ੇਤਰ ਦੇ ਡੀ.ਸੀ. ਤੇ ਐਸ.ਪੀ. ਦੇ ਸਾਹਮਣੇ ਪੇਸ਼ ਹੋ ਕੇ ਇਸ ਮਾਮਲੇ ਦੀ ਸਾਰੀ ਜਾਣਕਾਰੀ ਦਿੱਤੀ ਸੀ | ਇਸ ਤੋਂ ਬਾਅਦ ਕੁਰੂਕਸ਼ੇਤਰ ਪੁਲਿਸ ਨੇ ਬੁੱਧਵਾਰ ਰਾਤ ਨੂੰ ਬਲਜੀਤ ਕੌਰ ਨੂੰ ਗਿ੍ਫ਼ਤਾਰ ਕਰਕੇ ਪੰਜਾਬ ਪੁਲਿਸ ਨੂੰ ਸੌਂਪ ਦਿੱਤਾ ਸੀ ਤੇ ਮੈਨੂੰ ਵੀ ਪੂਰੀ ਜਾਣਕਾਰੀ ਦੇਣ ਲਈ ਬੁਲਾਇਆ ਸੀ, ਜਿਸ ਤੋਂ ਬਾਅਦ ਵੀਰਵਾਰ ਸਵੇਰੇ ਪੰਜਾਬ ਐਸ.ਟੀ.ਐਫ. ਨੇ ਹਰਜਿੰਦਰ ਸਿੰਘ ਤੇ ਬਲਜੀਤ ਕੌਰ ਤੋਂ ਪੁੱਛਗਿਛ ਕੀਤੀ | ਵੀਰਵਾਰ ਦੇਰ ਰਾਤ ਪੰਜਾਬ ਐਸ.ਟੀ.ਐਫ. ਨੇ ਪੁੱਛਗਿਛ ਤੋਂ ਬਾਅਦ ਹਰਜਿੰਦਰ ਸਿੰਘ ਨੂੰ ਘਰ ਭੇਜ ਦਿੱਤਾ ਸੀ, ਜਦੋਂਕਿ ਬਲਜੀਤ ਕੌਰ ਨੂੰ ਪੰਜਾਬ ਐਸ.ਟੀ.ਐਫ. ਪੁੱਛਗਿਛ ਲਈ ਆਪਣੇ ਨਾਲ ਲੈ ਗਈ | ਹਰਜਿੰਦਰ ਸਿੰਘ ਤੇ ਉਸ ਦੇ ਪਰਿਵਾਰ ਨੇ ਕਿਹਾ ਕਿ ਉਨ੍ਹਾਂ ਨੂੰ ਇਸ ਗੱਲ ਦਾ ਗਿਲਾ ਹੈ ਕਿ ਜਦੋਂ ਉਸ ਨੇ ਅਤੇ ਉਸ ਦੀ ਭੈਣ ਨੇ ਖ਼ੁਦ ਹੀ ਅੰਮਿ੍ਤਪਾਲ ਸਿੰਘ ਦੇ ਆਪਣੇ ਘਰ ਠਹਿਰਨ ਦੀ ਜਾਣਕਾਰੀ ਪੁਲਿਸ ਪ੍ਰਸ਼ਾਸਨ ਨੂੰ ਦਿੱਤੀ ਹੈ ਤਾਂ ਉਸ ਦੇ ਬਾਵਜੂਦ ਉਸ ਦੀ ਭੈਣ ਨੂੰ ਇਸ ਤਰੀਕੇ ਨਾਲ ਗਿ੍ਫ਼ਤਾਰ ਕਿਉਂ ਕੀਤਾ ਗਿਆ ਹੈ | ਵੀਰਵਾਰ ਨੂੰ ਆਪਣੇ ਜੱਦੀ ਪਿੰਡ ਮਾਮੁਮਾਜਰਾ 'ਚ ਪਹੁੰਚਣ ਤੋਂ ਬਾਅਦ ਸ਼ੁੱਕਰਵਾਰ ਨੂੰ ਹਰਜਿੰਦਰ ਸਿੰਘ ਨੇ ਪਿਤਾ ਗੁਰਨਾਮ ਸਿੰਘ, ਭਾਰਤੀ ਕਿਸਾਨ ਯੂਨੀਅਨ ਦੇ ਨੇਤਾ ਜਸਬੀਰ ਸਿੰਘ ਮਾਮੁਮਾਜਰਾ, ਪੰਚਾਇਤ ਮੈਂਬਰਾਂ ਤੇ ਕੁਝ ਪਿੰਡ ਦੇ ਲੋਕਾਂ ਨੂੰ ਨਾਲ ਲੈ ਕੇ ਪੁਲਿਸ ਕਮਿਸ਼ਨਰ ਕੁਰੂਕਸ਼ੇਤਰ ਨਾਲ ਮੁਲਾਕਾਤ ਕੀਤੀ | ਇਸ ਦੌਰਾਨ ਉਨ੍ਹਾਂ ਨੇ ਆਪਣੀ ਭੈਣ ਨੂੰ ਰਿਹਾਅ ਕਰਨ ਅਤੇ ਆਪਣੇ ਘਰ 'ਚ ਸੁਰੱਖਿਆ ਦਾ ਪ੍ਰਬੰਧ ਕਰਨ ਦੀ ਮੰਗ ਕੀਤੀ | ਹਰਜਿੰਦਰ ਸਿੰਘ ਤੇ ਉਸ ਦੇ ਪਰਿਵਾਰ ਨੂੰ ਡਰ ਹੈ ਕਿ ਉਨ੍ਹਾਂ ਅੰਮਿ੍ਤਪਾਲ ਸਿੰਘ ਨਾਲ ਸੰਬੰਧਿਤ ਜਾਣਕਾਰੀ ਐਸ.ਟੀ.ਐਫ. ਅਤੇ ਪੁਲਿਸ ਨਾਲ ਸਾਂਝੀ ਕੀਤੀ ਹੈ | ਇਸ ਲਈ ਉਨ੍ਹਾਂ ਦੇ ਪਰਿਵਾਰ 'ਤੇ ਕੋਈ ਹਮਲਾ ਨਾ ਹੋ ਜਾਵੇ | ਇਸ ਮੰਗ 'ਤੇ ਤੁਰੰਤ ਕਾਰਵਾਈ ਕਰਦਿਆਂ ਪੁਲਿਸ ਕਮਿਸ਼ਨਰ ਨੇ ਤੁਰੰਤ ਸ਼ਾਹਬਾਦ ਦੀ ਸਿਧਾਰਥ ਕਾਲੋਨੀ 'ਚ ਭੈਣ-ਭਰਾ ਦੇ ਘਰ 'ਚ ਪੁਲਿਸ ਸੁਰੱਖਿਆ ਵਿਵਸਥਾ ਨੂੰ ਲਾਗੂ ਕਰਨ ਦੇ ਹੁਕਮ ਦਿੱਤੇ ਪਰ ਖ਼ਬਰ ਲਿਖੇ ਜਾਣ ਤੱਕ ਘਰ ਦੇ ਬਾਹਰ ਕੋਈ ਪੁਲਿਸ ਤਾਇਨਾਤ ਨਹੀਂ ਸੀ | ਪੁਲਿਸ ਕਮਿਸ਼ਨਰ ਨਾਲ ਮਿਲਣ ਤੋਂ ਬਾਅਦ ਸ਼ਾਹਬਾਦ ਦੇ ਊਧਮ ਸਿੰਘ ਮੈਮੋਰੀਅਲ 'ਚ ਹਰਜਿੰਦਰ ਸਿੰਘ ਨੇ ਦੱਸਿਆ ਕਿ ਕੁਰੂਕਸ਼ੇਤਰ ਦੇ ਐਸ.ਪੀ. ਸੁਰੇਂਦਰ ਸਿੰਘ ਭੈਰੀਆ ਨੇ ਉਨ੍ਹਾਂ ਦੇ ਸਾਹਮਣੇ ਜਲੰਧਰ ਦੇ ਐਸ.ਪੀ. ਨੂੰ ਫੋਨ ਕੀਤਾ ਅਤੇ ਬਲਜੀਤ ਕੌਰ ਦੇ ਬਾਰੇ 'ਚ ਵਿਸਥਾਰ ਨਾਲ ਜਾਣਕਾਰੀ ਲਈ, ਜਿਸ ਦੌਰਾਨ ਜਲੰਧਰ ਦੇ ਐਸ.ਪੀ. ਨੇ ਦੱਸਿਆ ਕਿ ਪਰਿਵਾਰ ਕਿਸੇ ਵੀ ਸਮੇਂ ਇਥੇ ਆ ਕੇ ਬਲਜੀਤ ਕੌਰ ਦੀ ਜ਼ਮਾਨਤ ਕਰਵਾ ਸਕਦਾ ਹੈ |
ਪੰਜਾਬ ਨੰਬਰ ਦੀ ਐਕਟਿਵਾ 'ਤੇ ਆਏ ਅਤੇ ਪੈਦਲ ਵਾਪਸ ਗਏ, ਕਿਥੇ ਗਏ ਪਤਾ ਨਹੀਂ
ਹਰਜਿੰਦਰ ਸਿੰਘ ਨੇ ਦੱਸਿਆ ਕਿ 19 ਮਾਰਚ ਦੀ ਰਾਤ ਕਰੀਬ 10 ਵਜੇ ਅਚਾਨਕ ਉਨ੍ਹਾਂ ਦੇ ਘਰ ਦੋ ਅਣਜਾਣ ਨੌਜਵਾਨਾਂ ਨੇ ਦਸਤਕ ਦਿੱਤੀ, ਜਿਸ ਤੋਂ ਬਾਅਦ ਉਸ ਦੇ ਪਿਤਾ ਗੁਰਨਾਮ ਸਿੰਘ ਨੇ ਗੇਟ ਖੋਲਿਆ ਅਤੇ ਉਹ ਨੌਜਵਾਨ ਅਚਾਨਕ ਐਕਟਿਵਾ ਦੇ ਨਾਲ ਹੀ ਉਨ੍ਹਾਂ ਦੇ ਗੇਟ ਦੇ ਅੰਦਰ ਆ ਗਏ, ਜਿਸ ਤੋਂ ਬਾਅਦ ਐਕਟਿਵਾ ਚਲਾ ਰਹੇ ਨੌਜਵਾਨ ਨੇ ਦੱਸਿਆ ਕਿ ਉਹ ਪਪਲਪ੍ਰੀਤ ਸਿੰਘ ਹੈ ਪਰ ਉਸ ਨੇ ਐਕਟਿਵਾ ਦੇ ਪਿੱਛੇ ਬੈਠੇ ਨੌਜਵਾਨ ਦੀ ਪਛਾਣ ਨਹੀਂ ਦੱਸੀ | ਜਦੋਂ ਦੋਵੇਂ ਨੌਜਵਾਨ ਘਰ ਦੇ ਅੰਦਰ ਆਏ ਤਾਂ ਦੂਜੇ ਨੌਜਵਾਨ ਨੇ ਸਿਰ 'ਤੇ ਪਰਨਾ ਅਤੇ ਮੂੰਹ 'ਤੇ ਮਾਸਕ ਲਗਾਇਆ ਹੋਇਆ ਸੀ ਅਤੇ ਕਿਸੇ ਨੂੰ ਵੀ ਛੱਕ ਨਹੀਂ ਹੋਇਆ ਕਿ ਉਹ ਅੰਮਿ੍ਤਪਾਲ ਸਿੰਘ ਹੈ | ਹਰਜਿੰਦਰ ਸਿੰਘ ਨੇ ਦੱਸਿਆ ਕਿ ਉਸ ਨੇ ਅਤੇ ਉਸ ਦੀ ਭੈਣ ਨੇ ਪਪਲਪ੍ਰੀਤ ਸਿੰਘ ਤੇ ਸਾਥੀ ਨੂੰ ਖਾਣਾ ਖਾਣ ਲਈ ਕਿਹਾ ਤਾਂ ਦੂਜੇ ਨੌਜਵਾਨ ਨੇ ਮੂੰਹ ਤੋਂ ਮਾਸਕ ਉਤਾਰ ਕੇ ਕਿਹਾ ਕਿ ਉਹ ਅੰਮਿ੍ਤਪਾਲ ਸਿੰਘ ਹੈ ਤੇ ਸਵੇਰ ਹੁੰਦੇ ਹੀ ਉਹ ਇਥੋਂ ਚਲੇ ਜਾਣਗੇ | ਹਰਜਿੰਦਰ ਸਿੰਘ ਨੇ ਦੱਸਿਆ ਕਿ ਉਹ ਡਰ ਗਏ ਅਤੇ ਜਾਨ ਦੇ ਡਰ ਕਾਰਨ ਚੁੱਪੀ ਸਾਧਣਾ ਹੀ ਠੀਕ ਸਮਝਿਆ, ਜਿਸ ਤੋਂ ਬਾਅਦ ਅੰਮਿ੍ਤਪਾਲ ਸਿੰਘ ਤੇ ਪਪਲਪ੍ਰੀਤ ਸਿੰਘ 20 ਮਾਰਚ ਨੂੰ ਦੁਪਹਿਰ ਕਰੀਬ ਇਕ ਵਜੇ ਸ਼ਾਹਬਾਦ ਦੀ ਸਿਧਾਰਥ ਕਾਲੋਨੀ ਤੋਂ ਪੈਦਲ ਹੀ ਚਲੇ ਗਏ | ਹਰਜਿੰਦਰ ਸਿੰਘ ਨੇ ਦੱਸਿਆ ਕਿ ਉਸ ਸਮੇਂ ਉਹ ਆਪਣੀ ਨੌਕਰੀ 'ਤੇ ਸੀ | ਇਸ ਲਈ ਉਨ੍ਹਾਂ ਨੂੰ ਨਹੀਂ ਪਤਾ ਕਿ ਉਹ ਘਰ ਤੋਂ ਬਾਹਰ ਕਿਸ ਪਾਸੇ ਨਿਕਲੇ ਅਤੇ ਉਨ੍ਹਾਂ ਨੇ ਕਿਥੇ ਜਾਣ ਦਾ ਸੋਚਿਆ ਹੈ |