ਹਮਾਸ ਆਗੂ ਇਸਮਾਈਲ ਹਨੀਯੇਹ ਦੀ ਤਹਿਰਾਨ ’ਚ ਹੱਤਿਆ

ਹਮਾਸ ਆਗੂ ਇਸਮਾਈਲ ਹਨੀਯੇਹ ਦੀ ਤਹਿਰਾਨ ’ਚ ਹੱਤਿਆ

ਬੈਰੂਤ, (ਇੰਡੋ ਕਨੇਡੀਅਨ ਟਾਇਮਜ਼)- ਦਹਿਸ਼ਤੀ ਜਥੇਬੰਦੀ ਹਮਾਸ ਦਾ ਜਲਾਵਤਨ ਤੇ ਸੁਪਰੀਮ ਆਗੂ ਇਸਮਾਈਲ ਹਨੀਯੇਹ (62) ਇਰਾਨ ਦੀ ਰਾਜਧਾਨੀ ਤਹਿਰਾਨ ਵਿਚ ਬੁੱਧਵਾਰ ਤੜਕੇ ਹੋਏ ਇਕ ਹਵਾਈ ਹਮਲੇ ਵਿਚ ਮਾਰਿਆ ਗਿਆ। ਹਨੀਯੇਹ ਪਿਛਲੇ ਸਾਲ 7 ਅਕਤੂਬਰ ਨੂੰ ਹਮਾਸ ਦੀ ਅਗਵਾਈ ਹੇਠ ਇਜ਼ਰਾਈਲ ’ਤੇ ਕੀਤੇ ਹਮਲਿਆਂ ਮਗਰੋਂ ਯਹੂਦੀ ਮੁਲਕ ਦੇ ਨਿਸ਼ਾਨੇ ’ਤੇ ਸੀ। ਹਮਾਸ ਨੇ ਕਿਹਾ ਕਿ ਇਜ਼ਰਾਈਲ ਵੱਲੋਂ ਕੀਤੇ ਹਵਾਈ ਹਮਲੇ ਮੌਕੇ ਹਨੀਯੇਹ ਤਹਿਰਾਨ ਵਿਚਲੀ ਆਪਣੀ ਰਿਹਾਇਸ਼ ’ਤੇ ਮੌਜੂਦ ਸੀ। ਹਮਲੇ ਤੋਂ ਪਹਿਲਾਂ ਹਮਾਸ ਆਗੂ ਨੇ ਇਰਾਨ ਦੇ ਨਵੇਂ ਰਾਸ਼ਟਰਪਤੀ ਦੇ ਹਲਫ਼ਦਾਰੀ ਸਮਾਗਮ ’ਚ ਸ਼ਿਰਕਤ ਕੀਤੀ ਸੀ। ਉਧਰ ਇਜ਼ਰਾਈਲ ਨੇ ਹਮਾਸ ਦੇ ਇਨ੍ਹਾਂ ਦੋਸ਼ਾਂ ਬਾਰੇ ਅਜੇ ਤੱਕ ਕੋਈ ਅਧਿਕਾਰਤ ਟਿੱਪਣੀ ਨਹੀਂ ਕੀਤੀ।

ਹਨੀਯੇਹ ਆਪਣੀ ਮਰਜ਼ੀ ਨਾਲ ਸਾਲ 2019 ਤੋਂ ਕਤਰ ਵਿਚ ਜਲਾਵਤਨੀ ਹੰਢਾ ਰਿਹਾ ਸੀ। ਇਜ਼ਰਾਈਲ ਨਾਲ ਜਾਰੀ ਜੰਗ ਦਰਮਿਆਨ ਹੀ ਹਮਾਸ ਆਗੂ ਨੇ ਤੁਰਕੀ ਤੇ ਇਰਾਨ ਦਾ ਦੌਰਾ ਕੀਤਾ ਸੀ। ਉਹ ਜੰਗਬੰਦੀ ਤੇ ਅਗਵਾ ਇਜ਼ਰਾਇਲੀ ਨਾਗਰਿਕਾਂ ਨੂੰ ਛੱਡਣ ਲਈ ਦੋਹਾ ਤੋਂ ਚੱਲ ਰਹੀ ਗੱਲਬਾਤ ਵਿਚ ਵੀ ਸ਼ਾਮਲ ਸੀ। ਹਨੀਯੇਹ ਨੂੰ ਹਮਾਸ ਲੀਡਰਸ਼ਿਪ ਵਿਚ ਆਪਣੀ ਭੂਮਿਕਾ ਕਾਫ਼ੀ ਮਹਿੰਗੀ ਪਈ ਸੀ। ਇਜ਼ਰਾਈਲ ਵੱਲੋਂ ਅਪਰੈਲ ਵਿਚ ਗਾਜ਼ਾ ’ਤੇ ਕੀਤੇ ਹਵਾਈ ਹਮਲਿਆਂ ਵਿਚ ਹਨੀਯੇਹ ਦੇ ਤਿੰਨ ਪੁੱਤਰ ਮਾਰੇ ਗਏ ਸਨ। ਇਸ ਮਗਰੋਂ ਹਮਾਸ ਆਗੂ ਨੇ ਇਜ਼ਰਾਈਲ ’ਤੇ ‘ਬਦਲਾਖੋਰੀ ਤੇ ਕਤਲ’ ਦਾ ਦੋਸ਼ ਲਾਇਆ ਸੀ। ਹਮਾਸ ਨੇ ਕਿਹਾ ਕਿ ਪਿਛਲੇ ਮਹੀਨੇ ਇਕ ਵੱਖਰੇ ਹਵਾਈ ਹਮਲੇ ਵਿਚ ਹਨੀਯੇਹ ਦੀ ਭੈਣ ਤੇ ਪੋਤਰੇ-ਦੋਹਤਰੇ ਮਾਰੇ ਗਏ ਸਨ। ਗਾਜ਼ਾ ਦੇ ਸ਼ਹਿਰੀ ਸ਼ਾਤੀ ਸ਼ਰਨਾਰਥੀ ਕੈਂਪ ਵਿਚ ਪੈਦਾ ਹੋਇਆ ਹਨੀਯੇਹ ਹਮਾਸ ਦੇ ਬਾਨੀ ਮੈਂਬਰਾਂ ਵਿਚੋਂ ਸੀ। ਉਹ ਹਮਾਸ ਦੇ ਬਾਨੀ ਅਹਿਮਦ ਯਾਸੀਨ ਦਾ ਨੇੜਲਾ ਸਾਥੀ ਵੀ ਰਿਹਾ ਤੇ 2017 ਵਿਚ ਖਾਲਿਦ ਮਸ਼ਾਲ ਦੀ ਥਾਂ ਲੈ ਕੇ ਜਥੇਬੰਦੀ ਦਾ ਸਿਖਰਲਾ ਸਿਆਸੀ ਆਗੂ ਬਣ ਗਿਆ। ਹਮਾਸ ਵੱਲੋਂ 2006 ਦੀਆਂ ਚੋਣਾਂ ਜਿੱਤਣ ਮਗਰੋਂ ਹਨੀਯੇਹ ਫਲਸਤੀਨੀ ਸਰਕਾਰ ਵਿਚ ਪ੍ਰਧਾਨ ਮੰਤਰੀ ਦੇ ਅਹੁਦੇ ’ਤੇ ਵੀ ਰਿਹਾ।

ad