ਸੰਵਿਧਾਨ ਬਦਲਣ ਦੇ ਰਾਹ ਪਈ ਕੇਂਦਰ ਦੀ ਭਾਜਪਾ ਸਰਕਾਰ: ਪ੍ਰਿਯੰਕਾ

ਸੰਵਿਧਾਨ ਬਦਲਣ ਦੇ ਰਾਹ ਪਈ ਕੇਂਦਰ ਦੀ ਭਾਜਪਾ ਸਰਕਾਰ: ਪ੍ਰਿਯੰਕਾ

ਗੋਡਾ - (ਇੰਡੋ ਕਨੇਡੀਅਨ ਟਾਇਮਜ਼)-ਕਾਂਗਰਸ ਆਗੂ ਪ੍ਰਿਯੰਕਾ ਗਾਂਧੀ ਵਾਡਰਾ ਨੇ ਅੱਜ ਦੋਸ਼ ਲਾਇਆ ਕਿ ਭਾਜਪਾ ਦੀ ਅਗਵਾਈ ਹੇਠਲੀ ਕੇਂਦਰ ਸਰਕਾਰ ਸੰਵਿਧਾਨ ਨੂੰ ਬਦਲਣ ’ਤੇ ਤੁਲੀ ਹੋਈ ਹੈ ਅਤੇ ਉਸ ਨੇ ਪਿਛਲੇ 10 ਸਾਲਾਂ ’ਚ ਸੰਸਦ ਤੇ ਨਿਆਂਪਾਲਿਕਾ ਜਿਹੀਆਂ ਸੰਸਥਾਵਾਂ ਨੂੰ ਕਮਜ਼ੋਰ ਕੀਤਾ ਹੈ। ਉਨ੍ਹਾਂ ਇੱਥੇ ਇੱਕ ਚੋਣ ਰੈਲੀ ਨੂੰ ਸੰਬੋਧਨ ਕਰਦਿਆਂ ਇਹ ਵੀ ਦਾਅਵਾ ਕੀਤਾ ਕਿ ਕੇਂਦਰ ਦੀਆਂ ਨੀਤੀਆਂ ਦਾ ਵਿਰੋਧ ਕਰਨ ਵਾਲੇ ਸਾਰੇ ਲੋਕਾਂ ’ਤੇ ਤਸ਼ੱਦਦ ਕੀਤਾ ਜਾ ਰਿਹਾ ਹੈ। ਕਾਂਗਰਸ ਆਗੂ ਨੇ ਕਿਹਾ ਕਿ ਭਾਜਪਾ ਸਰਕਾਰ ਦੇ ਉਲਟ ਕਾਂਗਰਸ ਦੀਆਂ ਨੀਤੀਆਂ ਦਾ ਮਕਸਦ ਆਦਿਵਾਸੀਆਂ ਦੇ ਹੱਕਾਂ ਨੂੰ ਮਜ਼ਬੂਤ ਕਰਨਾ ਹੈ। ਉਨ੍ਹਾਂ ਕਿਹਾ, ‘ਪ੍ਰਧਾਨ ਮੰਤਰੀ ਨੇ ਝੂਠੇ ਮਾਮਲੇ ’ਚ ਝਾਰਖੰਡ ਦੇ ਸਾਬਕਾ ਮੁੱਖ ਮੰਤਰੀ ਹੇਮੰਤ ਸੋਰੇਨ ਨੂੰ ਜੇਲ੍ਹ ਭਿਜਵਾ ਦਿੱਤਾ ਹੈ। ਉਨ੍ਹਾਂ ਦੀ ਪਤਨੀ ਸ਼ੇਰਨੀ ਦੀ ਤਰ੍ਹਾਂ ਲੜ ਰਹੀ ਹੈ। ਪਹਿਲਾਂ ਕਾਨੂੰਨ ਬਣਾਉਣ ਲਈ ਸੰਸਦ ’ਚ ਬਹਿਸ ਹੁੰਦੀ ਸੀ ਪਰ ਹੁਣ ਉਹ (ਭਾਜਪਾ ਆਗੂ) ਵਿਰੋਧੀ ਧਿਰ ’ਤੇ ਹਮਲਾ ਕਰਦੇ ਹਨ।’ ਉਨ੍ਹਾਂ ਇਹ ਵੀ ਦਾਅਵਾ ਕੀਤਾ ਕਿ ਪ੍ਰਧਾਨ ਮੰਤਰੀ ਨੇ ਕੋਵਿਡ ਟੀਕੇ ਬਣਾਉਣ ਵਾਲੀ ਇੱਕ ਕੰਪਨੀ ਤੋਂ ‘52 ਕਰੋੜ ਰੁਪਏ’ ਦਾ ਚੰਦਾ ਲਿਆ ਸੀ। ਉਨ੍ਹਾਂ ਕਿਹਾ, ‘ਇਹ ਟੀਕਾ ਹੁਣ ਲੋਕਾਂ ਦੇ ਸਰੀਰ ’ਚ ਮਾੜੇ ਪ੍ਰਭਾਵ ਪੈਦਾ ਕਰ ਰਿਹਾ ਹੈ, ਕਈ ਲੋਕਾਂ ਦੀ ਜਿਮ ’ਚ ਕਸਰਤ ਕਰਦਿਆਂ ਜਾਂ ਕੰਮ ਦੌਰਾਨ ਅਚਾਨਕ ਮੌਤ ਹੋ ਗਈ।’ ਵਾਡਰਾ ਨੇ ਕਿਹਾ ਕਿ ਭਾਜਪਾ ਨੇ ਹੇਮੰਤ ਸੋਰੇਨ ਨੂੰ ਸਲਾਖਾਂ ਪਿੱਛੇ ਪਾ ਕੇ ਸੋਚਿਆ ਸੀ ਕਿ ਉਹ ਅਸਾਨੀ ਨਾਲ ਅੱਗੇ ਵਧ ਜਾਵੇਗੀ ਪਰ ਇਸ ਦੀ ਥਾਂ ਆਦਿਵਾਸੀ ਮਜ਼ਬੂਤ ਹੋ ਕੇ ਉੱਭਰੇ ਹਨ ਤੇ ਭਾਜਪਾ ਨੂੰ ਚੁਣੌਤੀ ਦੇ ਰਹੇ ਹਨ। ਉਨ੍ਹਾਂ ਦਾਅਵਾ ਕੀਤਾ ਕਿ ਕੇਂਦਰ ਸਰਕਾਰ ਅਰਬਪਤੀਆਂ ਲਈ ਨੀਤੀਆਂ ਬਣਾ ਰਹੀ ਹੈ ਤੇ ਉਸ ਨੇ ਹਵਾਈ ਅੱਡਿਆਂ ਤੇ ਬੰਦਰਗਾਹਾਂ ਜਿਹੀਆਂ ਦੇਸ਼ ਦੀਆਂ ਜਾਇਦਾਦਾਂ ਉਦਯੋਗਪਤੀਆਂ ਨੂੰ ਵੇਚ ਦਿੱਤੀਆਂ ਹਨ। ਇਸ ਸਰਕਾਰ ਨੇ ਕਈ ਅਰਬਪਤੀਆਂ ਦੇ 16 ਲੱਖ ਕਰੋੜ ਰੁਪਏ ਦੇ ਕਰਜ਼ੇ ਵੀ ਮੁਆਫ਼ ਕਰ ਦਿੱਤੇ ਪਰ ਆਤਮਹੱਤਿਆ ਕਰ ਰਹੇ ਕਿਸਾਨਾਂ ਨੂੰ ਕੋਈ ਰਾਹਤ ਨਹੀਂ ਦਿੱਤੀ।

ad