ਭਾਰਤੀ ਵਿਦਿਆਰਥਣਾਂ ਵੱਲੋਂ ਬਾਇਡਨ ਨੂੰ ਗਾਜ਼ਾ ਬਾਰੇ ਅਪੀਲ

ਭਾਰਤੀ ਵਿਦਿਆਰਥਣਾਂ ਵੱਲੋਂ ਬਾਇਡਨ ਨੂੰ ਗਾਜ਼ਾ ਬਾਰੇ ਅਪੀਲ

ਵਾਸ਼ਿੰਗਟਨ, (ਇੰਡੋ ਕਨੇਡੀਅਨ ਟਾਇਮਜ਼)- ਭਾਰਤੀ ਮੂਲ ਦੀਆਂ ਦੋ ਅਮਰੀਕੀ ਵਿਦਿਆਰਥਣਾਂ ਨੇ ਕਿਹਾ ਹੈ ਕਿ ਬਾਇਡਨ ਪ੍ਰਸ਼ਾਸਨ ਨੂੰ ਗਾਜ਼ਾ ’ਚ ਜੰਗ ਨੂੰ ਲੈ ਕੇ ਨੌਜਵਾਨਾਂ ਦੀ ਆਵਾਜ਼ ਸੁਣਨੀ ਚਾਹੀਦੀ ਹੈ। ਵਿਦਿਆਰਥਣਾਂ ਨੇ ਇਜ਼ਰਾਈਲ ਦੀ ਹਮਾਇਤ ਨਾ ਕਰਨ ਦੀ ਮੰਗ’ਤੇ ਪੂਰੇ ਅਮਰੀਕਾ ਦੇ ਕਾਲਜ ਕੈਂਪਸਾਂ’ਚ ਚੱਲ ਰਹੇ ਰੋਸ ਮੁਜ਼ਾਹਰਿਆਂ ਦੇ ਪੱਖ’ਚ ਇਹ ਗੱਲ ਕਹੀ ਹੈ। ਇਜ਼ਰਾਈਲ-ਹਮਾਸ ਜੰਗ ਖ਼ਿਲਾਫ਼ ਰੋਸ ਮੁਜ਼ਾਹਰੇ ਹਾਲ ਹੀ ਦੇ ਹਫ਼ਤਿਆਂ’ਚ ਅਮਰੀਕੀ ਯੂਨੀਵਰਸਿਟੀਆਂ ਤੇ ਕਾਲਜ ਕੈਂਪਸਾਂ ਤੱਕ ਫੈਲ ਗਏ ਹਨ। ਇਸੇ ਵਜ੍ਹਾ ਕਾਰਨ ਵਿੱਦਿਅਕ ਗਤੀਵਿਧੀਆਂ’ਚ ਅੜਿੱਕੇ ਪੈ ਰਹੇ ਹਨ ਤੇ ਕਈ ਪ੍ਰਦਰਸ਼ਨਕਾਰੀਆਂ ਨੂੰ ਗ੍ਰਿਫ਼ਤਾਰ ਵੀ ਕੀਤਾ ਗਿਆ ਹੈ।
ਪੈਨਸਿਲਵੇਨੀਆ ਯੂਨੀਵਰਸਿਟੀ ਦੀ ਵਿਦਿਆਰਥਣ ਆਰਾ ਸੰਪਤ ਨੇ ਕਿਹਾ,‘ਬਹੁਤ ਸਾਰੇ ਵਿਦਿਆਰਥੀ ਮੌਜੂਦਾ ਸਮੇਂ ਵੱਖ ਵੱਖ ਤਰ੍ਹਾਂ ਰੋਸ ਮੁਜ਼ਾਹਰੇ ਕਰ ਰਹੇ ਹਨ। ਉਨ੍ਹਾਂ ਦੀ ਮੰਗ ਹੈ ਕਿ ਵਿੱਦਿਅਕ ਸੰਸਥਾਵਾਂ ਇਜ਼ਰਾਈਲ ਨਾਲੋਂ ਆਪਣੇ ਸਬੰਧ ਤੋੜ ਲੈਣ।’ਲੰਘੇ ਸਾਲ 7 ਅਕਤੂਬਰ ਨੂੰ ਹਮਾਸ ਦੇ ਹਮਲੇ ਤੇ ਇਜ਼ਰਾਈਲ ਦੇ ਜਵਾਬੀ ਹਮਲੇ ਤੋਂ ਬਾਅਦ ਵਿਦਿਆਰਥੀਆਂ ਨੇ ਜੰਗ ਖ਼ਿਲਾਫ਼ ਰੈਲੀਆਂ, ਧਰਨੇ ਤੇ ਭੁੱਖ ਹੜਤਾਲਾਂ ਕੀਤੀਆਂ ਹਨ ਤੇ ਹਾਲ ਹੀ ਵਿੱਚ ਤੰਬੂ ਗੱਡ ਕੇ ਤੇ ਕੈਂਪ ਲਗਾ ਕੇ ਵੀ ਮੁਜ਼ਾਹਰੇ ਕੀਤੇ ਹਨ। ਉਹ ਮੰਗ ਕਰ ਰਹੇ ਹਨ ਕਿ ਉਨ੍ਹਾਂ ਦੀਆਂ ਸੰਸਥਾਵਾਂ ਆਰਥਿਕ ਤੌਰ’ਤੇ ਇਜ਼ਰਾਈਲ ਤੋਂ ਵੱਖ ਹੋ ਜਾਣ ਜਿਨ੍ਹਾਂ’ਚ ਕਈ ਵੱਡੇ ਪੱਧਰ’ਤੇ ਉਸ ਨੂੰ ਚੰਦਾ ਦਿੰਦੀਆਂ ਹਨ। ਕਈ ਵਿਦਿਆਰਥੀਆਂ ਨੇ ਆਪਣੀਆਂ ਯੂਨੀਵਰਸਿਟੀਆਂ ਤੋਂ ਇਜ਼ਰਾਇਲੀ ਸੰਸਥਾਵਾਂ ਨਾਲ ਵਿੱਦਿਅਕ ਸਬੰਧ ਵੀ ਖਤਮ ਕਰਨ ਦੀ ਮੰਗ ਕੀਤੀ ਹੈ।
ਬਾਲਟੀਮੋਰ ਦੀ ਰਹਿਣ ਵਾਲੀ ਵਿਦਿਆਰਥਣ ਸ਼੍ਰੇਆ ਸ੍ਰੀਵਾਸਤਵ ਨੇ ਕਿਹਾ,‘ਇਹ ਅਹਿਮ ਹੈ ਕਿ ਬਾਇਡਨ ਪ੍ਰਸ਼ਾਸਨ ਸਾਨੂੰ ਸਮਝੇ ਤੇ ਸੁਣੇ ਅਤੇ ਸਾਨੂੰ ਦਬਾਇਆ ਨਾ ਜਾਵੇ। ਉਸ ਨੂੰ ਅਸਲ ਵਿੱਚ ਇਹ ਸਮਝਣਾ ਚਾਹੀਦਾ ਹੈ ਕਿ ਅਸੀਂ ਕੀ ਚਾਹੁੰਦੇ ਹਾਂ।’ਉਸ ਨੇ ਕਿਹਾ,‘ਮੈਨੂੰ ਲਗਦਾ ਹੈ ਕਿ ਤੁਸੀਂ ਵਿਦਿਆਰਥੀਆਂ ’ਤੇ ਜਿੰਨੇ ਜ਼ੁਲਮ ਕਰੋਗੇ, ਜਿੰਨਾ ਸਾਨੂੰ ਪਿੱਛੇ ਨੂੰ ਧੱਕੋਗੇ, ਅਸੀਂ ਵੀ ਓਨਾ ਹੀ ਪਿੱਛੇ ਨੂੰ ਧੱਕਾਂਗੇ। ਇਹ ਜੋ ਸਾਰੀ ਕਾਨੂੰਨੀ ਕਾਰਵਾਈ ਹੋ ਰਹੀ ਹੈ, ਜਿੰਨਾ ਯੂਨੀਵਰਸਿਟੀਆਂ ਮੌਜੂਦਾ ਸਥਿਤੀ ਤੋਂ ਦੂਰ ਜਾਣ ਦੀ ਕੋਸ਼ਿਸ਼ ਕਰ ਰਹੀਆਂ ਹਨ, ਇਹ ਸਾਡੇ ਅੰਦਰ ਹੋਰ ਵੱਧ ਜਨੂੰਨ ਜਗਾ ਰਹੀਆਂ ਹਨ।’ 

ad