ਨਾਈਟ ਕਲੱਬ ਦੀ ਛੱਤ ਡਿੱਗਣ ਕਾਰਨ ਘੱਟੋ-ਘੱਟ 79 ਵਿਅਕਤੀਆਂ ਦੀ ਮੌਤ ਅਤੇ 160 ਜ਼ਖਮੀ

ਕਈ ਪ੍ਰਮੁੱਖ ਸ਼ਖਸ਼ੀਅਤਾ ਹਾਦਸੇ ਦਾ ਸ਼ਿਕਾਰ ਹੋਈਆਂ
ਸੈਂਟੋ ਡੋਮਿੰਗੋ,(ਇੰਡੋ ਕਨੇਡੀਅਨ ਟਾਇਮਜ਼)- ਡੋਮਿਨਿਕਨ ਰਾਜਧਾਨੀ ਵਿਚ ਇਕ ਮਸ਼ਹੂਰ ਨਾਈਟ ਕਲੱਬ ਦੀ ਛੱਤ ਮੰਗਲਵਾਰ ਤੜਕੇ ਇਕ ਮੇਰੇਂਗੂ ਕੰਸਰਟ ਦੌਰਾਨ ਡਿੱਗ ਗਈ, ਜਿਸ ਕਾਰਨ ਘੱਟੋ-ਘੱਟ 79 ਵਿਅਕਤੀਆਂ ਦੀ ਮੌਤ ਹੋ ਗਈ ਅਤੇ 160 ਜ਼ਖਮੀ ਹੋ ਗਏ। ਅਧਿਕਾਰੀਆਂ ਨੇ ਦੱਸਿਆ ਕਿ ਇਸ ਪ੍ਰੋਗਰਾਮ ਵਿੱਚ ਸਿਆਸਤਦਾਨਾਂ, ਖਿਡਾਰੀਆਂ ਅਤੇ ਹੋਰਾਂ ਨੇ ਸ਼ਿਰਕਤ ਕੀਤੀ ਸੀ। ਸੈਂਟਰ ਆਫ਼ ਐਮਰਜੈਂਸੀ ਆਪ੍ਰੇਸ਼ਨਜ਼ ਦੇ ਡਾਇਰੈਕਟਰ ਜੁਆਨ ਮੈਨੂਅਲ ਮੈਂਡੇਜ਼ ਨੇ ਕਿਹਾ ਕਿ ਮਲਬਾ ਹਟਾਇਆ ਜਾ ਰਿਹਾ ਹੈ ਅਤੇ ਫਸੇ ਲੋਕਾਂ ਦੀ ਭਾਲ ਕੀਤੀ ਜਾ ਰਹੀ ਹੈ। ਛੱਤ ਡਿੱਗਣ ਤੋਂ 12 ਘੰਟੇ ਬਾਅਦ ਵੀ ਰਾਹਤ ਕਾਰਜ ਜਾਰੀ ਹਨ।
ਪ੍ਰਥਮ ਮਹਿਲਾ ਰਾਕੇਲ ਅਬਰਾਜੇ ਨੇ ਕਿਹਾ ਕਿ ਇਹ ਬਹੁਤ ਵੱਡੀ ਤ੍ਰਾਸਦੀ ਹੈ। ਡੋਮਿਨਿਕਨ ਰੀਪਬਲਿਕ ਦੀ ਪ੍ਰੋਫੈਸ਼ਨਲ ਬੇਸਬਾਲ ਲੀਗ ਨੇ X ‘ਤੇ ਪੋਸਟ ਕੀਤਾ ਕਿ 51 ਸਾਲਾ ਐੱਮਐੱਲਬੀ ਪਿੱਚਰ ਓਕਟਾਵੀਓ ਡੋਟੇਲ ਦੀ ਵੀ ਮੌਤ ਹੋ ਗਈ। ਅਧਿਕਾਰੀਆਂ ਨੇ ਪਹਿਲਾਂ ਡੋਟੇਲ ਨੂੰ ਮਲਬੇ ਤੋਂ ਕੱਢਿਆ ਸੀ ਅਤੇ ਉਸਨੂੰ ਹਸਪਤਾਲ ਲਿਆਂਦਾ ਸੀ। ਲੀਗ ਦੇ ਬੁਲਾਰੇ ਸਤੋਸਕੀ ਟੈਰੇਰੋ ਨੇ ਕਿਹਾ ਕਿ ਡੋਮਿਨਿਕਨ ਬੇਸਬਾਲ ਖਿਡਾਰੀ ਟੋਨੀ ਐਨਰਿਕ ਬਲੈਂਕੋ ਕੈਬਰੇਰਾ ਦੀ ਵੀ ਮੌਤ ਹੋ ਗਈ। ਜ਼ਖਮੀਆਂ ਵਿੱਚ ਰਾਸ਼ਟਰੀ ਸੰਸਦ ਮੈਂਬਰ ਬ੍ਰੇ ਵਰਗਸ ਵੀ ਸ਼ਾਮਲ ਸਨ। ਛੱਤ ਡਿੱਗਣ ਵੇਲੇ ਪ੍ਰੋਗਰਾਮ ਕਰ ਰਹੇ ਮੇਰੇਂਗੂ ਗਾਇਕ ਰੂਬੀ ਪੇਰੇਜ਼ ਵੀ ਮਲਬਾ ਡਿੱਗਣ ਕਾਰਨ ਹੇਠਾਂ ਦਬ ਗਏ। ਬਚਾਅ ਦਲ ਅਜੇ ਵੀ ਪੇਰੇਜ਼ ਦੀ ਭਾਲ ਕਰ ਰਹੇ ਹਨ।
ਕਲੱਬ ਨੇ ਇਕ ਬਿਆਨ ਜਾਰੀ ਕਰਕੇ ਕਿਹਾ ਕਿ ਉਹ ਅਧਿਕਾਰੀਆਂ ਨਾਲ ਸਹਿਯੋਗ ਕਰ ਰਿਹਾ ਹੈ। ਕਲੱਬ ਦਾ ਮਾਲਕ ਦੇਸ਼ ਤੋਂ ਬਾਹਰ ਸੀ ਅਤੇ ਮੰਗਲਵਾਰ ਦੇਰ ਰਾਤ ਵਾਪਸ ਆਇਆ। ਉਨ੍ਹਾਂ ਕਿਹਾ, ” ਇਸ ਘਟਨਾ ਨੂੰ ਬਿਆਨ ਕਰਨ ਲਈ ਉਸ ਕੋਲ ਕੋਈ ਸ਼ਬਦ ਨਹੀਂ ਹਨ। ਜੋ ਹੋਇਆ ਉਹ ਸਾਰਿਆਂ ਲਈ ਤਬਾਹਕੁੰਨ ਹੈ।