ਚੀਨ ਨੂੰ ਕਰਾਰਾ ਜਵਾਬ ਦੇਵੇ ਭਾਰਤ: ਕੈਪਟਨ

ਚੀਨ ਨੂੰ ਕਰਾਰਾ ਜਵਾਬ ਦੇਵੇ ਭਾਰਤ: ਕੈਪਟਨ

ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅੱਜ ਗੁੱਸੇ ਭਰੇ ਲਹਿਜ਼ੇ ਵਿਚ ਕਿਹਾ ਕਿ ਗਲਵਾਨ ਘਾਟੀ ਦੀ ਘਟਨਾ ’ਚ ਕੀਮਤੀ ਜਾਨਾਂ ਚਲੇ ਜਾਣ ਦੀ ਜ਼ਿੰਮੇਵਾਰੀ ਤੈਅ ਹੋਣੀ ਚਾਹੀਦੀ ਹੈ ਅਤੇ ਕੇਂਦਰ ਸਰਕਾਰ ਨੂੰ ਇਸ ਘਟਨਾ ਬਾਰੇ ਸਪੱਸ਼ਟ ਕਰਨਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਚੀਨ ਵੱਲੋਂ 20 ਭਾਰਤੀ ਫੌਜੀਆਂ ਦਾ ਕਤਲ ਕਰਨਾ ਵਹਿਸ਼ੀ ਕਾਰਾ ਹੈ, ਜਿਸ ਨੇ ਹਰ ਭਾਰਤ ਵਾਸੀ ਨੂੰ ਝੰਜੋੜਿਆ ਹੈ।
ਕੈਪਟਨ ਨੇ ਭਾਵੁਕ ਸੁਰ ’ਚ ਕਿਹਾ, ‘‘ਸਰਹੱਦ ’ਤੇ ਭਾਰਤੀ ਸੈਨਿਕਾਂ ਨੂੰ ਸਪੱਸ਼ਟ ਆਖਿਆ ਜਾਵੇ ਕਿ ਇੱਕ ਦੇ ਬਦਲੇ ਤਿੰਨ ਮਾਰੋ।’’ ਮੁੱਖ ਮੰਤਰੀ ਨੇ ਸੁਆਲ ਕੀਤਾ ਕਿ ਦਰਦਨਾਕ ਕਾਰੇ ਮਗਰੋਂ ਚੀਨੀ ਫੌਜੀਆਂ ’ਤੇ ਗੋਲੀ ਚਲਾਏ ਜਾਣ ਦੇ ਹੁਕਮ ਕਿਉਂ ਨਹੀਂ ਦਿੱਤੇ ਗਏ। ਮੌਕੇ ’ਤੇ ਜੋ ਜ਼ਿੰਮੇਵਾਰੀ ਨਿਭਾਉਣ ਵਿਚ ਫੇਲ੍ਹ ਰਹੇ ਹਨ, ਉਨ੍ਹਾਂ ਦੀ ਸ਼ਨਾਖ਼ਤ ਕੀਤੀ ਜਾਣੀ ਬਣਦੀ ਹੈ। ਉਨ੍ਹਾਂ ਕਿਹਾ ਕਿ ਕਮਾਂਡਿੰਗ ਅਫਸਰ ਚੀਨੀ ਫੌਜ ਦੇ ਧੋਖੇ ਦਾ ਸ਼ਿਕਾਰ ਹੋਇਆ ਹੈ। ਕਮਾਂਡਿੰਗ ਅਫਸਰ ਨੂੰ ਉਦੋਂ ਹੀ ਹਥਿਆਰਬੰਦ ਯੂਨਿਟ ਨੂੰ ਫਾਇਰਿੰਗ ਕਰਨ ਦੇ ਹੁਕਮ ਦੇਣੇ ਚਾਹੀਦੇ ਸਨ। ਮੁੱਖ ਮੰਤਰੀ ਨੇ ਕਿਹਾ ਕਿ ਕੌਮ ਇਹ ਜਾਣਨਾ ਚਾਹੁੰਦੀ ਹੈ ਕਿ ਭਾਰਤੀ ਯੂਨਿਟ ਵਲੋਂ ਮੋੜਵਾਂ ਹਮਲਾ ਕਿਉਂ ਨਹੀਂ ਕੀਤਾ ਗਿਆ ਜਦੋਂ ਕਿ ਉਨ੍ਹਾਂ ਕੋਲ ਵੀ ਹਥਿਆਰ ਸਨ। ਹਰ ਭਾਰਤੀ ਜਾਣਨਾ ਚਾਹੁੰਦਾ ਹੈ ਕਿ ਉਥੇ ਅਸਲ ਵਿਚ ਕੀ ਵਾਪਰਿਆ। ਉਨ੍ਹਾਂ ਕਿਹਾ ਕਿ ਇਸ ਘਟਨਾ ਨੇ ਖ਼ੁਫ਼ੀਆ ਏਜੰਸੀਆਂ ਨੂੰ ਫੇਲ੍ਹ ਕੀਤਾ ਹੈ। ਕੈਪਟਨ ਨੇ ਕਿਹਾ ਕਿ ਪਰਬਤਾਂ ’ਤੇ ਬੈਠੇ ਜਵਾਨ ਜੁਆਬ ਦੇ ਹੱਕਦਾਰ ਹਨ ਅਤੇ ਉਹ ਸਖ਼ਤ ਹੁੰਗਾਰੇ ਦੀ ਉਮੀਦ ਕਰਦੇ ਹਨ। ਹੁਣ ਚੀਨ ਨੂੰ ਸਖ਼ਤ ਸੰਦੇਸ਼ ਜਾਣਾ ਚਾਹੀਦਾ ਹੈ ਕਿ ਉਨ੍ਹਾਂ ਦੀਆਂ ਚਾਲਾਂ ਨੂੰ ਹੋਰ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਊਨ੍ਹਾਂ ਇਹ ਵੀ ਆਖਿਆ ਕਿ ਜੇਕਰ ਚੀਨ ਵਿਸ਼ਵ ਸ਼ਕਤੀ ਹੈ ਤਾਂ ਅਸੀਂ ਵੀ ਘੱਟ ਨਹੀਂ ਹਾਂ। ਚੀਨੀ ਲੋਕ ਭਰੋਸੇਯੋਗ ਨਹੀਂ ਹਨ ਅਤੇ ਹੁਣ ਉਹ ਹੋਰ ਭਾਰਤੀ ਖੇਤਰ ਵਿਚ ਕਾਬਜ਼ ਹੋਣਾ ਚਾਹੁੰਦੇ ਹਨ। ਭਾਰਤੀ ਫੌਜ ਕਿਸੇ ਵੀ ਤਰ੍ਹਾਂ ਘੱਟ ਨਹੀਂ ਹੈ ਅਤੇ ਪੂਰੀ ਪੇਸ਼ੇਵਾਰ ਪਹੁੰਚ ਵਾਲੀ ਹੈ। ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਭਾਰਤੀ ਫੌਜ ਹਥਿਆਰਾਂ, ਪੱਥਰਾਂ ਜਾਂ ਕਿੱਲ ਜੜੀਆਂ ਰਾਡਾਂ ਅਤੇ ਲਾਠੀਆਂ ਦਾ ਮੁਕਾਬਲਾ ਕਰਨ ਦੇ ਸਮਰੱਥ ਹੈ। ਉਨ੍ਹਾਂ ਕਿਹਾ ਕਿ ਜੇਕਰ ਭਾਰਤ ਸਰਕਾਰ ਚੀਨੀਆਂ ਨਾਲ ਘਸੁੰਨ-ਮੁੱਕੀਆਂ ਜਾਂ ਲਾਠੀਆਂ ਵਾਲੀ ਲੜਾਈ ਲੜਨਾ ਚਾਹੁੰਦੀ ਹੈ ਤਾਂ ਉਸ ਨੂੰ ਆਰ.ਐੱਸ.ਐੱਸ. ਕਾਡਰ ਨੂੰ ਲੜਾਈ ਦੇ ਮੈਦਾਨ ਵਿਚ ਭੇਜਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਸਾਡੇ ਜਵਾਨਾਂ ਨੂੰ ਹਥਿਆਰਾਂ ਦੀ ਲੋੜ ਹੈ ਅਤੇ ਉਨ੍ਹਾਂ ਨੂੰ ਸਪੱਸ਼ਟ ਆਦੇਸ਼ ਹੋਣੇ ਚਾਹੀਦੇ ਹਨ ਕਿ ਉਹ ਆਪਣੇ-ਆਪ ਨੂੰ ਬਚਾਉਣ ਅਤੇ ਕਿਸੇ ਵੀ ਕੀਮਤ ’ਤੇ ਦੇਸ਼ ਦੀ ਰੱਖਿਆ ਕਰਨ ਲਈ ਹਥਿਆਰਾਂ ਦੀ ਵਰਤੋਂ ਕਰਨ ਲਈ ਤਿਆਰ ਰਹਿਣ।

ad