ਸੁਸ਼ਾਂਤ ਖ਼ੁਦਕੁਸ਼ੀ ਮਾਮਲਾ: SC ਪਹੁੰਚੀ ਰਿਆ ਚੱਕਰਵਰਤੀ, ਮਾਮਲੇ ਨੂੰ ਮੁੰਬਈ ਤਬਦੀਲ ਕਰਨ ਦੀ ਕੀਤੀ ਮੰਗ

ਸੁਸ਼ਾਂਤ ਖ਼ੁਦਕੁਸ਼ੀ ਮਾਮਲਾ: SC ਪਹੁੰਚੀ ਰਿਆ ਚੱਕਰਵਰਤੀ, ਮਾਮਲੇ ਨੂੰ ਮੁੰਬਈ ਤਬਦੀਲ ਕਰਨ ਦੀ ਕੀਤੀ ਮੰਗ

ਮੁੰਬਈ  — ਬਾਲੀਵੁੱਡ ਅਦਾਕਾਰ ਸੁਸ਼ਾਂਤ ਸਿੰਘ ਰਾਜਪੂਤ ਦੀ ਖ਼ੁਦਕੁਸ਼ੀ ਦੇ ਮਾਮਲੇ 'ਚ ਅਦਾਕਾਰਾ ਰਿਆ ਚੱਕਰਵਰਤੀ, ਉਸ ਦੇ ਪਰਿਵਾਰ ਤੇ ਕਰਮਚਾਰੀਆਂ ਖ਼ਿਲਾਫ਼ ਐੱਫ. ਆਈ. ਆਰ. ਦਰਜ ਕਰਵਾਈ। ਐੱਫ. ਆਈ. ਆਰ. ਦਰਜ ਕਰਵਾਉਣ ਤੋਂ ਬਾਅਦ ਬਿਹਾਰ ਪੁਲਸ ਮਾਮਲੇ ਦੀ ਜਾਂਚ 'ਚ ਜੁੱਟ ਚੁੱਕੀ ਹੈ। ਬਿਹਾਰ ਪੁਲਸ ਵਲੋਂ ਚਾਰ ਮੈਂਬਰਾਂ ਦੀ ਟੀਮ ਜਾਂਚ ਲਈ ਮੁੰਬਈ ਪਹੁੰਚ ਚੁੱਕੀ ਹੈ, ਜਿਥੇ ਉਹ ਸਬੂਤ ਇਕੱਠੇ ਕਰਨ 'ਚ ਲੱਗੀ ਹੋਈ ਹੈ।
ਰਿਆ ਚੱਕਰਵਰਤੀ ਨੇ ਸੁਪਰੀਮ ਕੋਰਟ 'ਚ ਦਰਜ ਕਰਵਾਈ ਯਾਚਿਕਾ
ਰਿਆ ਚੱਕਰਵਰਤੀ ਦੇ ਵਕੀਲ ਸਤੀਸ਼ ਮਾਨੇਸ਼ਿੰਦੇ ਨੇ ਸੁਪਰੀਮ ਕੋਰਟ 'ਚ ਇੱਕ ਯਾਚਿਕਾ ਦਾਇਰ ਕਰਵਾਈ ਹੈ। ਇਸ 'ਚ ਕਿਹਾ ਗਿਆ ਹੈ ਕਿ ਸੁਸ਼ਾਂਤ ਸਿੰਘ ਰਾਜਪੂਤ ਕੇਸ ਦੀ ਜਾਂਚ ਨੂੰ ਮੁੰਬਈ ਟਰਾਂਸਫਰ ਕਰਵਾਇਆ ਜਾਵੇ।
ਮੁੰਬਈ ਪੁਲਸ ਦੀ ਮਦਦ ਨਾਲ ਸਬੂਤ ਇਕੱਠੇ ਕਰ ਰਿਹਾ - ਬਿਹਾਰ ਇੰਸਪੈਕਟਰ
ਇੱਕ ਨਿੱਜੀ ਚੈਨਲ ਨਾਲ ਗੱਲਬਾਤ ਕਰਦਿਆਂ ਇੰਸਪੈਕਟਰ ਮਨੋਰੰਜਨ ਭਾਰਤੀ ਨੇ ਕਿਹਾ, 'ਅਸੀਂ ਇਥੇ ਹੀ ਹਾਂ ਅਤੇ ਮੁੰਬਈ ਪੁਲਸ ਦੀ ਮਦਦ ਨਾਲ ਸਬੂਤ ਇਕੱਠੇ ਕੀਤੇ ਜਾ ਰਹੇ ਹਨ। ਇਸ ਤੋਂ ਬਾਅਦ ਹੀ ਅਸੀਂ ਅੱਗੇ ਵਧਾਗੇ। ਮੁੰਬਈ ਪੁਲਸ ਸਾਡੀ ਮਦਦ ਕਰ ਰਹੀ ਹੈ। ਸੁਸ਼ਾਂਤ ਸਿੰਘ ਦੇ ਪਿਤਾ ਦੇ ਸਾਰੇ ਦੋਸ਼ਾਂ ਦੀ ਜਾਂਚ ਕੀਤੀ ਜਾਵੇਗੀ। ਹਾਲੇ ਅਸੀਂ ਸਬੂਤ ਇਕੱਠੇ ਕਰ ਰਹੇ ਹਾਂ। ਸਭ ਕੁਝ ਕਾਨੂੰਨੀ ਪ੍ਰਕਿਰਿਆ ਦੇ ਤਹਿਤ ਹੋਵੇਗਾ।
2019 ਤੋਂ ਪਹਿਲਾਂ ਸੁਸ਼ਾਂਤ ਨੂੰ ਨਹੀਂ ਸੀ ਕੋਈ ਦਿਮਾਗੀ ਪ੍ਰੇਸ਼ਾਨੀ
ਦੱਸਣਯੋਗ ਹੈ ਕਿ ਇਸ ਤੋਂ ਪਹਿਲਾਂ ਖ਼ਬਰਾਂ ਆਈਆਂ ਸਨ ਕਿ ਐੱਫ. ਆਈ. ਆਰ. ਦਰਜ ਹੋਣ ਤੋਂ ਬਾਅਦ ਰਿਆ ਅਗਾਊਂ ਜ਼ਮਾਨਤ ਲਈ ਪਟੀਸ਼ਨ ਦਾਇਰ ਕਰੇਗੀ। ਸੁਸ਼ਾਂਤ ਦੇ ਪਿਤਾ ਕ੍ਰਿਸ਼ਣਾ ਕਿਸ਼ੋਰ ਸਿੰਘ ਨੇ ਆਪਣੀ ਐੱਫ. ਆਈ. ਆਰ. 'ਚ ਰਿਆ ਚੱਕਰਵਰਤੀ 'ਤੇ ਦੋਸ਼ ਲਾਇਆ ਹੈ ਕਿ ਸਾਲ 2019 ਤੋਂ ਪਹਿਲਾਂ ਸੁਸ਼ਾਂਤ ਸਿੰਘ ਕਿਸੇ ਵੀ ਦਿਮਾਗੀ ਪ੍ਰੇਸ਼ਾਨੀ 'ਚ ਨਹੀਂ ਸਨ। ਰਿਆ ਦੇ ਸੰਪਰਕ 'ਚ ਆਉਣ ਤੋਂ ਬਾਅਦ ਅਚਾਨਕ ਸੁਸ਼ਾਂਤ ਨੂੰ ਕੀ ਹੋ ਗਿਆ? ਇਸ ਦੀ ਜਾਂਚ ਹੋਵੇ। ਸੁਸ਼ਾਂਤ ਦੇ ਬੈਂਕ ਖ਼ਾਤੇ ਤੋਂ ਵੀ 15 ਕਰੋੜ ਰੁਪਏ ਕਢਵਾਉਣ ਦੀ ਜਾਂਚ ਦੀ ਮੰਗ ਕੀਤੀ ਹੈ। ਸੁਸ਼ਾਂਤ ਦੇ ਪਰਿਵਾਰ ਵਾਲਿਆਂ ਨੇ ਸ਼ੱਕ ਜ਼ਾਹਿਰ ਕੀਤਾ ਹੈ ਕਿ ਰਿਆ ਤੇ ਉਸ ਦੇ ਪਰਿਵਾਰ ਨੇ ਸੁਸ਼ਾਂਤ ਨੂੰ ਧੋਖਾ ਦਿੱਤਾ ਹੈ।

ad