ਰਿੰਕੂ ਦੋ ਸਾਲ ਵਿੱਚ ਤੀਜੀ ਪਾਰਟੀ ਵੱਲੋਂ ਲੜਨਗੇ ਚੋਣ

ਰਿੰਕੂ ਦੋ ਸਾਲ ਵਿੱਚ ਤੀਜੀ ਪਾਰਟੀ ਵੱਲੋਂ ਲੜਨਗੇ ਚੋਣ

ਰਿੰਕੂ ਦੋ ਸਾਲ ਵਿੱਚ ਤੀਜੀ ਪਾਰਟੀ ਵੱਲੋਂ ਲੜਨਗੇ ਚੋਣ
ਜਲੰਧਰ-ਲੋਕ ਸਭਾ ਚੋਣਾਂ ਦੇ ਐਲਾਨ ਤੋਂ ਬਾਅਦ ਪੰਜਾਬ ਵਿੱਚ ਜਿਸ ਤਰ੍ਹਾਂ ਆਗੂ ਪਾਰਟੀਆਂ ਬਦਲ ਰਹੇ ਹਨ ਉਸ ਵਰਤਾਰੇ ਨੇ ਸਭ ਨੂੰ ਹੈਰਾਨ ਕਰਕੇ ਰੱਖ ਦਿੱਤਾ ਹੈ। ਸਾਲ 2022 ਦੀਆਂ ਪੰਜਾਬ ਵਿਧਾਨ ਸਭਾ ਚੋਣਾਂ ਦੌਰਾਨ ਜਲੰਧਰ ਦੇ ਪੱਛਮੀ ਵਿਧਾਨ ਸਭਾ ਹਲਕੇ ਤੋਂ ਕਾਂਗਰਸ ਦੇ ਉਮੀਦਵਾਰ ਸੁਸ਼ੀਲ ਰਿੰਕੂ ਸਨ ਤੇ ‘ਆਪ’ ਵੱਲੋਂ ਸ਼ੀਤਲ ਅੰਗੁਰਾਲ ਸਨ। ਦੋਹਾਂ ਵਿੱਚ ਸਖ਼ਤ ਮੁਕਾਬਲਾ ਵੀ ਹੋਇਆ। ਦੋਹਾਂ ਵਿੱਚ ਲਗਭਗ ਤਿੰਨ ਦਹਾਕੇ ਪੁਰਾਣੀਆਂ ਚੱਲਦੀਆਂ ਆ ਰਹੀਆਂ ਖੁੰਦਕਾਂ ਕਾਰਨ ਹਲਕੇ ਦਾ ਮਾਹੌਲ ਬੜਾ ਤਣਾਅਪੂਰਨ ਹੀ ਰਹਿੰਦਾ ਹੈ। ਰਿੰਕੂ ਤੇ ਅੰਗੁਰਾਲ ਦੋਹਾਂ ਵਿੱਚ ਇੱਕ ਤਰ੍ਹਾਂ ਨਾਲ ਸਿਰ ਵੱਢਵਾਂ ਵੈਰ ਚੱਲਦਾ ਰਿਹਾ।
ਸ਼ੀਤਲ ਅੰਗੁਰਾਲ ਭਾਜਪਾ ਵਿੱਚ ਸਰਗਰਮ ਸੀ ਤੇ 2022 ਦੀਆਂ ਵਿਧਾਨ ਸਭਾ ਚੋਣਾਂ ਦੌਰਾਨ ਹੀ ਉਹ ‘ਆਪ’ ਵਿੱਚ ਸ਼ਾਮਿਲ ਹੋਇਆ ਤੇ 24 ਘੰਟਿਆਂ ਬਾਅਦ ਹੀ ਉਸ ਨੂੰ ਟਿਕਟ ਦੇ ਕੇ ‘ਆਪ’ ਦਾ ਉਮੀਦਵਾਰ ਬਣਾ ਦਿੱਤਾ ਸੀ। ਜਲੰਧਰ ਪੱਛਮੀ ਤੋਂ ਪਹਿਲੀ ਵਾਰ ਵਿਧਾਇਕ ਬਣਨ ਤੋਂ ਬਾਅਦ ਸ਼ੀਤਲ ਅੰਗੁਰਾਲ ਤੇ ਸੁਸ਼ੀਲ ਕੁਮਾਰ ਰਿੰਕੂ ਵਿਚਲੇ ਸਿਆਸੀ ਜੰਗ ਖਤਮ ਹੋਣ ਦੀ ਥਾਂ ਹੋਰ ਤੇਜ਼ ਹੋ ਗਈ। ਅੰਗੁਰਾਲ ਵਿਰੁੱਧ 9 ਦੇ ਕਰੀਬ ਵੱਖ-ਵੱਖ ਮਾਮਲੇ ਦਰਜ ਹਨ। ਉਦੋਂ ਅੰਗੁਰਾਲ ਦੋਸ਼ ਲਗਾਉਂਦੇ ਰਹਿੰਦੇ ਸਨ ਕਿ ਇਹ ਕੇਸ ਦਰਜ ਕਰਵਾਉਣ ਦੇ ਪਿੱਛੇ ਸੁਸ਼ੀਲ ਰਿੰਕੂ ਦਾ ਹੱਥ ਹੈ।
ਇਸ ਦੌਰਾਨ 2023 ਵਿੱਚ ਜਲੰਧਰ ਲੋਕ ਸਭਾ ਹਲਕੇ ਦੀ ਉਪ ਚੋਣ ਆ ਗਈ। ‘ਆਪ’ ਨੇ ਕਾਂਗਰਸ ਦੇ ਸਾਬਕਾ ਵਿਧਾਇਕ ਸੁਸ਼ੀਲ ਕੁਮਾਰ ਰਿੰਕੂ ਨੂੰ ਆਪਣਾ ਉਮੀਦਵਾਰ ਬਣਾ ਕੇ ਪਾਰਟੀ ਨੂੰ ਜ਼ੋਰਦਾਰ ਝਟਕਾ ਦਿੱਤਾ। ਰਿੰਕੂ 6 ਅਪਰੈਲ 2023 ਨੂੰ ‘ਆਪ’ ਵਿੱਚ ਸ਼ਾਮਿਲ ਹੋਏ ਤੇ ਮਈ 2023 ਵਿੱਚ ਉਹ ਜਲੰਧਰ ਉਪ ਚੋਣ ਜਿੱਤ ਕੇ ਐੱਮਪੀ ਬਣੇ ਸਨ। ਐੱਮਪੀ ਬਣਨ ਤੇ ਇਕੋ ਪਾਰਟੀ ਭਾਵ ‘ਆਪ’ ਵਿਚ ਹੋਣ ਦੇ ਬਾਵਜੂਦ ਸ਼ੀਤਲ ਤੇ ਰਿੰਕੂ ਵਿੱਚ ਚੱਲਦੀ ਸਿਆਸੀ ਜੰਗ ਮੱਠੀ ਨਾ ਪਈ। ਅੰਗੁਰਾਲ ਨੇ ਆਪਣੇ ਫੇਸਬੁੱਕ ਅਕਾਊਂਟ ’ਤੇ ਇੱਕ ਵੀਡੀਓ ਪੋਸਟ ਕੀਤੀ ਸੀ ਜਿਸ ਵਿੱਚ ਭਾਵੇਂ ਉਸ ਨੇ ਰਿੰਕੂ ਦਾ ਨਾਂਅ ਨਹੀਂ ਸੀ ਲਿਆ ਪਰ ਸਾਰਾ ਹਮਲਾ ਉਸ ’ਤੇ ਹੀ ਕੀਤਾ ਗਿਆ ਸੀ। ਉਸ ਨੇ ਦਾਅਵਾ ਕੀਤਾ ਸੀ ਕਿ ਪਾਰਟੀ ਦੇ ਵਡੇਰੇ ਹਿੱਤਾਂ ਦੀ ਖਾਤਰ ਉਸ ਨੇ ਚੋਣਾਂ ਵਿੱਚ ਖੁੱਲ੍ਹ ਕੇ ਮਦਦ ਕੀਤੀ ਪਰ ਬਦਲੇ ਵਿੱਚ ਉਸ ਨੂੰ ਬਦਲਾਖੋਰੀ ਮਿਲੀ। ਹੁਣ ਕਿਹਾ ਜਾ ਰਿਹਾ ਹੈ ਕਿ ਰਿੰਕੂ ਤੇ ਅੰਗੂਰਾਲ ਵਿਚਾਲੇ ਸੁਲ੍ਹਾ-ਸਫਾਈ ਕਰਵਾਉਣ ਵਿੱਚ ਭਾਜਪਾ ਦੇ ਇੱਕ ਵੱਡੇ ਆਗੂ ਨੇ ਮੋਹਰੀ ਭੂਮਿਕਾ ਨਿਭਾਈ ਹੈ।
ਉਧਰ ਰਿੰਕੂ ਦੇ ਲੰਘੀ 15 ਮਾਰਚ ਨੂੰ ਅਯੁੱਧਿਆ ਵਿੱਚ ਭਗਵਾਨ ਰਾਮ ਦੇ ਮੰਦਰ ਵਿੱਚ ਮੱਥਾ ਟੇਕਣ ਬਾਅਦ ਆਪਣੇ ਫੇਸਬੁੱਕ ਅਕਾਊਂਟ ’ਤੇ ਆਪਣੀ ਇੱਕ ਵੀਡੀਓ ਪਾਈ ਸੀ ਜਿਸ ਵਿੱਚ ਉਸ ਨੇ ਨਵੀਂ ਪਾਰੀ ਸ਼ੁਰੂ ਕਰਨ ਦੀ ਗੱਲ ਕਰ ਕੇ ਭਾਜਪਾ ਵਿੱਚ ਜਾਣ ਦੇ ਸੰਕੇਤ ਦਿੱਤੇ ਸਨ। ਰਿੰਕੂ ਨੇ ਜਿੱਥੇ 2022 ਵਿੱਚ ਕਾਂਗਰਸ ਵੱਲੋਂ ਚੋਣ ਲੜੀ ਸੀ, ਮਈ 2023 ਵਿੱਚ ਜਲੰਧਰ ਲੋਕ ਸਭਾ ਹਲਕੇ ਦੀ ਉਪ ਚੋਣ ‘ਆਪ’ ਵੱਲੋਂ ਲੜੀ ਸੀ ਤੇ ਹੁਣ ਉਨ੍ਹਾਂ ਦੀ 2024 ਦੀਆਂ ਲੋਕ ਸਭਾ ਦੀ ਚੋਣਾਂ ਭਾਜਪਾ ਵੱਲੋਂ ਲੜਨ ਦੀ ਸੰਭਾਵਨਾ ਬਣ ਗਈ ਹੈ। ਭਾਵ ਰਿੰਕੂ ਦੋ ਸਾਲਾਂ ਵਿੱਚ ਤੀਜੀ ਪਾਰਟੀ ਵੱਲੋਂ ਚੋਣ ਲੜਨਗੇ। ਰਿੰਕੂ ਕਾਂਗਰਸ ਦੇ ਦੋ ਵਾਰ ਕੌਂਸਲਰ ਰਹਿ ਚੁੱਕੇ ਸਨ।

sant sagar