ਸਿੱਖਿਆ ਨਾਲ ਹੀ ਅੱਗੇ ਵਧਿਆ ਜਾ ਸਕਦੈ: ਸ਼ਾਹਰੁਖ਼

ਬੌਲੀਵੁੱਡ ਸੁਪਰਸਟਾਰ ਸ਼ਾਹਰੁਖ਼ ਖ਼ਾਨ ਦਾ ਕਹਿਣਾ ਹੈ ਕਿ ਸਿੱਖਿਆ ਨਾਲ ਹੀ ਦੇਸ਼ ਤੇ ਪਰਿਵਾਰ ਅੱਗੇ ਵਧ ਸਕਦਾ ਹੈ ਕਿਉਂਕਿ ਸਿੱਖਣ ਦਾ ਕੋਈ ਅੰਤ ਨਹੀਂ ਹੁੰਦਾ। ਪਿਛਲੇ ਵਰ੍ਹੇ ਦਸੰਬਰ ਵਿੱਚ ਜਦੋਂ ਇਹ ਅਦਾਕਾਰ ਮੈਲਬਰਨ ਵਿੱਚ ਭਾਰਤੀ ਫਿਲਮ ਮੇਲੇ ਵਿੱਚ ਸ਼ਿਰਕਤ ਕਰਨ ਗਿਆ ਸੀ ਤਾਂ ਦਿ ਲਾ ਟਰੋਬ ਯੂਨੀਵਰਸਿਟੀ ਵਲੋਂ ‘ਸ਼ਾਹਰੁਖ਼ ਖਾਨ ਲਾ ਟਰੋਬ ਯੂਨੀਵਰਸਿਟੀ ਪੀਐੱਚਡੀ ਸਕਾਲਰਸ਼ਿਪ’ ਦਾ ਐਲਾਨ ਕੀਤਾ ਗਿਆ ਸੀ। ਬੁੱਧਵਾਰ ਨੂੰ ਇੱਕ ਸਮਾਗਮ ਦੌਰਾਨ ਇਹ ਵਜ਼ੀਫ਼ਾ ਪ੍ਰਾਪਤ ਕਰਨ ਵਾਲੇ ਦੇ ਨਾਂ ਦਾ ਐਲਾਨ ਕਰਨ ਮੌਕੇ ਸ਼ਾਹਰੁਖ਼ ਨੇ ਕਿਹਾ ਕਿ ਵਜ਼ੀਫ਼ੇ ਲਈ ਆਪਣਾ ਨਾਂ ਦੇਣਾ ਅਤੇ ਇਸ ਨਾਲ ਜੁੜਨਾ ਉਸ ਲਈ ਮਾਣ ਵਾਲੀ ਗੱਲ ਸੀ। ਉਨ੍ਹਾਂ ਕਿਹਾ, ‘‘ਮੈਂ ਸਿੱਖਿਆ ਵਿੱਚ ਬਹੁਤ ਵਿਸ਼ਵਾਸ ਰੱਖਦਾ ਹਾਂ। ਮੇਰਾ ਮੰਨਣਾ ਹੈ ਕਿ ਕਿਸੇ ਵੀ ਮੁਲਕ, ਪਰਿਵਾਰ, ਸ਼ਹਿਰ, ਸੂਬੇ ਦੇ ਅੱਗੇ ਵਧਣ ਦਾ ਕਾਰਨ ਆਪਣੇ-ਆਪ ਨੂੰ ਵੱਧ ਤੋਂ ਵੱਧ ਸਿੱਖਿਅਤ ਕਰਨਾ ਹੈ। ਸਿੱਖਿਆ ਦਾ ਕਦੇ ਵੀ ਕੋਈ ਅੰਤ ਨਹੀਂ ਹੁੰਦਾ।’’ ਉਨ੍ਹਾਂ ਕਿਹਾ ਕਿ ਆਪਣੇ-ਆਪ ਨੂੰ ਪੂਰੀ ਉਮਰ ਸਿੱਖਿਅਤ ਕਰਦੇ ਰਹਿਣਾ ਬਹੁਤ ਜ਼ਰੂਰੀ ਹੈ। ਇਹ ਵਜ਼ੀਫ਼ਾ ਕੇਰ ਦੇ ਥ੍ਰਿਸੁਰ ਤੋਂ ਮਹਿਲਾ ਖੋਜਾਰਥੀ ਗੋਪਿਕਾ ਕੋਟਨਤਰਾਇਲ ਭਾਸੀ ਨੂੰ ਸਮਰਪਿਤ ਕੀਤਾ ਗਿਆ। ਗੋਪਿਕਾ ਦੀ ਚੋਣ 800 ਮਹਿਲਾਵਾਂ ਵਿੱਚੋਂ ਕੀਤੀ ਗਈ ਹੈ।