ਯੂਰੋਪ ਲਈ ਖ਼ਤਰਨਾਕ ਰੂਪ ਧਾਰ ਸਕਦੀ ਹੈ ਰੂਸ-ਯੂਕਰੇਨ ਜੰਗ

ਯੂਰੋਪ ਲਈ ਖ਼ਤਰਨਾਕ ਰੂਪ ਧਾਰ ਸਕਦੀ ਹੈ ਰੂਸ-ਯੂਕਰੇਨ ਜੰਗ

ਇੰਟਰਨੈਸ਼ਨਲ ਡੈਸਕ- ਪਿਛਲੇ ਤਕਰੀਬਨ 7 ਮਹੀਨਿਆਂ ਤੋਂ ਜਾਰੀ ਰੂਸ-ਯੂਕਰੇਨ ਜੰਗ ਦੀ ਅੱਗ ਹੁਣ ਯੂਰੋਪ ਵਿਚ ਫ਼ੈਲਣ ਦਾ ਖਤਰਾ ਵੱਧ ਗਿਆ ਹੈ। ਯੂਕਰੇਨ ਨੂੰ ਹਰਾਉਣ ਲਈ ਰੂਸ ਨੇ ਹੁਣ ਗੁਆਂਢੀ ਦੇਸ਼ ਬੇਲਾਰੂਸ ਨਾਲ ਹੱਥ ਮਿਲਾ ਲਿਆ ਹੈ ਤਾਂ ਉੱਧਰ ਨਾਟੋ ਨੇ ਲੋੜ ਪੈਣ 'ਤੇ ਯੂਕਰੇਨ ਦੀ ਹਰ ਤਰ੍ਹਾਂ ਦੀ ਮਦਦ ਕਰਨ ਦਾ ਐਲਾਨ ਕਰ ਦਿੱਤਾ ਹੈ। ਅਜਿਹੇ ਹਲਾਤਾਂ ਵਿਚ ਇਹ ਜੰਗ ਸਿਰਫ਼ ਦੋਹਾਂ ਦੇਸ਼ਾਂ ਵਿਚਾਲੇ ਨਾ ਰਹਿ ਕੇ ਪੂਰੇ ਯੂਰੋਪ ਨੂੰ ਨੁਕਸਾਨ ਪਹੁੰਚਾ ਸਕਦੀ ਹੈ।
ਦਰਅਸਲ, ਯੂਕਰੇਨ 'ਤੇ 10 ਦਿਨਾਂ ਅੰਦਰ ਕਬਜ਼ਾ ਕਰਨ ਦਾ ਦਾਅਵਾ ਕਰਨ ਵਾਲਾ ਰੂਸ ਤਕਰੀਬਨ 7 ਮਹੀਨੇ ਵਿਚ ਵੀ ਜਿੱਤ ਨਹੀ ਸਕਿਆ ਹੈ। ਸ਼ੁਰੂਆਤੀ ਦੌਰ ਵਿਚ ਭਾਵੇਂ ਰੂਸ ਹਾਵੀ ਰਿਹਾ ਹੋਵੇ ਪਰ ਯੂਕਰੇਨ ਦੇ ਪਲਟਵਾਰ ਅੱਗੇ ਉਸ ਦੇ ਮਨਸੂਬੇ ਕਾਮਯਾਬ ਨਹੀ ਹੋ ਸਕੇ। ਯੂਕਰੇਨ ਨੇ ਰੂਸ ਅੱਗੇ ਗੋਡੇ ਟੇਕਣ ਤੋਂ ਇਨਕਾਰ ਕਰਦਿਆਂ ਡਟਵਾਂ ਮੁਕਾਬਲਾ ਕੀਤਾ ਹੈ ਅਤੇ ਕਈ ਥਾਈਂ ਰੂਸ ਦੀਆਂ ਫੌਜਾਂ ਉੱਪਰ ਹਾਵੀ ਹੋ ਗਿਆ ਹੈ। ਨਾਟੋ ਅਤੇ ਅਮਰੀਕਾ ਵੱਲੋਂ ਇਸ ਮਾਮਲੇ ਵਿਚ ਖੁੱਲ੍ਹ ਕੇ ਯੂਕਰੇਨ ਦਾ ਸਮਰਥਨ ਕੀਤਾ ਜਾ ਰਿਹਾ ਹੈ।
ਅਜਿਹੇ ਵਿਚ ਆਪਣੀ ਸਾਖ ਬਚਾਉਣ ਲਈ ਹੁਣ ਰੂਸ ਨੇ ਨਵੀਂ ਰਣਨੀਤੀ ਤਹਿਤ ਗੁਆਂਢੀ ਦੇਸ਼ ਬੇਲਾਰੂਸ ਦਾ ਸਾਥ ਲਿਆ ਹੈ। ਬੇਲਾਰੂਸ ਨੇ ਯੂਕਰੇਨ ਖ਼ਿਲਾਫ਼ ਜੰਗ ਵਿਚ ਰੂਸ ਨੂੰ ਆਪਣੀ ਸਰਹੱਦ 'ਤੇ ਸੈਨਾ ਤਾਇਨਾਤ ਕਰਨ ਦਾ ਖੁੱਲ੍ਹਾ ਸੱਦਾ ਦੇ ਦਿੱਤਾ ਹੈ। ਬੇਲਾਰੂਸ ਦੇ ਰਾਸ਼ਟਰਪਤੀ ਐਲੈਗਜ਼ੈਂਡਰ ਲੁਕਾਸ਼ੈਂਕੀ ਨੇ ਕਿਹਾ ਹੈ ਕਿ ਉਨ੍ਹਾਂ ਵੱਲੋਂ ਰੂਸ ਦੀ ਸੈਨਾ ਨੂੰ ਬੈਰਕ ਬਣਾਉਣ ਲਈ ਆਪਣੀ ਸਰਹੱਦ 'ਤੇ ਜ਼ਮੀਨ ਦਿੱਤੀ ਜਾਵੇਗੀ। ਉੱਧਰ, ਨਾਟੋ ਦੇ ਜਨਰਲ  ਸਕੱਤਰ ਸਟਾਲਟੇਨਬਰਗ ਨੇ ਕਿਹਾ ਕਿ ਉਹ ਯੂਕਰਨ ਦੀ ਮਦਦ ਤੋਂ ਪਿੱਛੇ ਨਹੀ ਹਟਣਗੇ। ਜ਼ਿਕਰਯੋਗ ਹੈ ਕਿ ਨਾਟੋ ਦੇ 28 ਦੇਸ਼ਾਂ ਵੱਲੋਂ ਜੰਗ ਵਿਚ ਯੂਕਰੇਨ ਦੀ ਡਟਵੀਂ ਹਮਾਇਤ ਕੀਤੀ ਜਾ ਰਹੀ ਹੈ। ਅਮਰੀਕਾ ਦੇ ਰਾਸ਼ਟਰਪਤੀ ਬਾਈਡਨ ਨੇ ਰੂਸ ਦੇ ਹਮਲਿਆਂ ਨੂੰ ਪੁਤੀਨ ਦੀ ਬਦਮਾਸ਼ੀ ਕਰਾਰ ਦਿੱਤਾ ਹੈ। 
 

sant sagar