ਸਿਸੋਦੀਆ ਨੂੰ 5 ਦਿਨ ਦੇ ਰਿਮਾਂਡ 'ਤੇ ਭੇਜਿਆ
ਨਵੀਂ ਦਿੱਲੀ, 27 ਫਰਵਰੀ-ਸ਼ਰਾਬ ਨੀਤੀ ਘੁਟਾਲਾ ਮਾਮਲੇ 'ਚ ਦਿੱਲੀ ਸਰਕਾਰ ਦੇ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਨੂੰ ਦਿੱਲੀ ਦੀ ਰਾਊਜ਼ ਐਵੇਨਿਊ ਕੋਰਟ ਨੇ 5 ਦਿਨਾਂ ਲਈ ਸੀ.ਬੀ.ਆਈ. ਹਿਰਾਸਤ 'ਚ ਭੇਜ ਦਿੱਤਾ ਹੈ। ਉਹ 4 ਮਾਰਚ ਤੱਕ ਸੀ. ਬੀ. ਆਈ. ਰਿਮਾਂਡ 'ਤੇ ਰਹਿਣਗੇ। ਐਤਵਾਰ ਨੂੰ ਸੀ. ਬੀ. ਆਈ. ਵਲੋਂ 8 ਘੰਟੇ ਦੀ ਪੁੱਛਗਿੱਛ ਤੋਂ ਬਾਅਦ ਗ੍ਰਿਫ਼ਤਾਰ ਕੀਤੇ ਗਏ ਮਨੀਸ਼ ਸਿਸੋਦੀਆ ਨੂੰ ਸੋਮਵਾਰ ਦੁਪਹਿਰ 3 ਵਜੇ ਕੇ 10 ਮਿੰਟ 'ਤੇ ਦਿੱਲੀ ਦੀ ਰਾਊਜ਼ ਐਵੇਨਿਊ ਕੋਰਟ 'ਚ ਪੇਸ਼ ਕੀਤਾ ਗਿਆ। ਸੀ.ਬੀ.ਆਈ. ਨੇ ਹੋਰ ਪੁੱਛਗਿੱਛ ਲਈ ਅਦਾਲਤ ਤੋਂ ਸਿਸੋਦੀਆ ਦੀ 5 ਦਿਨ ਦੀ ਹਿਰਾਸਤ ਦੀ ਮੰਗ ਕੀਤੀ ਸੀ। ਪੜਤਾਲੀਆ ਏਜੰਸੀ ਨੇ ਅਦਾਲਤ 'ਚ ਦਲੀਲ ਦਿੰਦਿਆਂ ਕਿਹਾ ਕਿ ਮਨੀਸ਼ ਸਿਸੋਦੀਆ ਜਾਂਚ 'ਚ ਸਹਿਯੋਗ ਨਹੀਂ ਕਰ ਰਹੇ। ਏਜੰਸੀ ਵਲੋਂ ਇਹ ਇਲਜ਼ਾਮ ਵੀ ਲਾਇਆ ਗਿਆ ਕਿ ਮਨੀਸ਼ ਸਿਸੋਦੀਆ ਨੇ ਸ਼ਰਾਬ ਘੁਟਾਲੇ 'ਚ ਅਪਰਾਧਕ ਸਾਜਿਸ਼ ਰਚੀ ਅਤੇ ਸਬੂਤਾਂ ਨੂੰ ਮਿਟਾਉਣ ਦੀ ਕੋਸ਼ਿਸ਼ ਕੀਤੀ। ਮਾਮਲੇ 'ਚ ਅੱਧੇ ਘੰਟੇ ਦੀ ਸੁਣਵਾਈ ਤੋਂ ਬਾਅਦ ਅਦਾਲਤ ਨੇ ਫ਼ੈਸਲਾ ਰਾਖਵਾਂ ਰੱਖਿਆ। ਬਾਅਦ 'ਚ ਫ਼ੈਸਲਾ ਸੁਣਾਉਂਦਿਆਂ ਅਦਾਲਤ ਨੇ ਸੀ.ਬੀ.ਆਈ. ਦੀ 3 ਦਿਨਾਂ ਦੀ ਰਿਮਾਂਡ ਦੀ ਮੰਗ ਨੂੰ ਪ੍ਰਵਾਨ ਕਰ ਲਿਆ।
'ਆਪ' ਵਲੋਂ ਦਿੱਲੀ, ਪੰਜਾਬ, ਉੱਤਰ ਪ੍ਰਦੇਸ਼ 'ਚ ਕਈ ਥਾਵਾਂ 'ਤੇ ਵਿਰੋਧ ਪ੍ਰਦਰਸ਼ਨ
ਮਨੀਸ਼ ਸਿਸੋਦੀਆ ਦੀ ਗ੍ਰਿਫ਼ਤਾਰੀ ਦੇ ਖ਼ਿਲਾਫ਼ 'ਆਪ' ਕਾਰਜਕਰਤਾਵਾਂ ਨੇ ਦਿੱਲੀ, ਪੰਜਾਬ ਸਮੇਤ ਦੇਸ਼ ਭਰ 'ਚ ਕਈ ਥਾਵਾਂ 'ਤੇ ਜੰਮ ਕੇ ਵਿਰੋਧ ਪ੍ਰਦਰਸ਼ਨ ਕੀਤਾ। ਕਾਰਜਕਰਤਾਵਾਂ ਵਲੋਂ ਪੰਜਾਬ, ਉੱਤਰ ਪ੍ਰਦੇਸ਼, ਮਹਾਰਾਸ਼ਟਰ ਸਮੇਤ ਦੇਸ਼ ਦੇ ਕਈ ਰਾਜਾਂ 'ਚ ਭਾਜਪਾ ਦੇ ਖ਼ਿਲਾਫ਼ ਵਿਰੋਧ ਪ੍ਰਦਰਸ਼ਨ ਕੀਤਾ ਗਿਆ। 'ਆਪ' ਨੇਤਾਵਾਂ ਨੂੰ ਜਿਨ੍ਹਾਂ 'ਚ ਆਪ ਸੰਸਦ ਮੈਂਬਰ ਸੰਜੈ ਸਿੰਘ ਸਮੇਤ 36 ਨੇਤਾ ਸ਼ਾਮਿਲ ਸਨ ਅਤੇ ਜਿਨ੍ਹਾਂ ਨੂੰ ਦਿੱਲੀ ਪੁਲਿਸ ਨੇ ਐਤਵਾਰ ਨੂੰ ਗ੍ਰਿਫ਼ਤਾਰ ਕੀਤਾ ਸੀ, ਰਿਹਾਅ ਕਰ ਦਿੱਤਾ। ਇਨ੍ਹਾਂ ਨੇਤਾਵਾਂ ਨੂੰ ਮਨੀਸ਼ ਸਿਸੋਦੀਆ ਦਾ ਗ੍ਰਿਫ਼ਤਾਰੀ ਦਾ ਵਿਰੋਧ ਕਰਨ ਲਈ ਗ੍ਰਿਫ਼ਤਾਰ ਕੀਤਾ ਗਿਆ ਸੀ। 'ਆਪ' ਨੇਤਾਵਾਂ ਨੇ ਸੋਮਵਾਰ ਨੂੰ ਵੀ ਵਿਰੋਧ ਪ੍ਰਦਰਸ਼ਨ ਜਾਰੀ ਰੱਖਦਿਆਂ 'ਬਲੈਕ ਡੇਅ' ਵਜੋਂ ਮਨਾਇਆ। ਵਿਰੋਧ ਪ੍ਰਦਰਸ਼ਨ ਕਰਨ ਪਹੁੰਚੇ ਸੀਨੀਅਰ ਨੇਤਾਵਾਂ ਨੇ ਆਪਣੀਆਂ ਬਾਹਾਂ 'ਤੇ ਕਾਲੀਆਂ ਪੱਟੀਆਂ ਬੰਨ੍ਹੀਆਂ ਸਨ। 'ਆਪ' ਨੇਤਾਵਾਂ ਵਲੋਂ ਦਿੱਲੀ ਸਥਿਤ ਭਾਜਪਾ ਦੇ ਮੁੱਖ ਦਫ਼ਤਰ ਅੱਗੇ ਪ੍ਰਦਰਸ਼ਨ ਕਰਨ ਦੀ ਯੋਜਨਾ ਸੀ। ਜ਼ਿਕਰਯੋਗ ਹੈ ਕਿ 'ਆਪ' ਦੇ ਮੁੱਖ ਦਫ਼ਤਰ ਤੋਂ ਭਾਜਪਾ ਦਾ ਮੁੱਖ ਦਫ਼ਤਰ ਕੁਝ ਹੀ ਦੂਰੀ 'ਤੇ ਹੈ ਪਰ ਦਿੱਲੀ ਪੁਲਿਸ ਵਲੋਂ ਸੁਰੱਖਿਆ ਦੇ ਪੁਖਤਾ ਇੰਤਜ਼ਾਮਾਂ ਕਾਰਨ 'ਆਪ' ਕਾਰਜਕਰਤਾ ਭਾਜਪਾ ਦੇ ਮੁੱਖ ਦਫ਼ਤਰ 'ਤੇ ਪਹੁੰਚ ਨਹੀਂ ਸਕੇ। ਇਸ ਦੌਰਾਨ ਪੁਲਿਸ ਅਤੇ 'ਆਪ' ਕਾਰਜਕਰਤਾਵਾਂ ਦਰਮਿਆਨ ਤਿੱਖੀਆਂ ਝੜਪਾਂ ਵੀ ਹੋਈਆਂ। ਪੁਲਿਸ ਨੇ ਇਲਾਕੇ 'ਚ ਧਾਰਾ 144 ਲਾਉਣ ਦਾ ਹਵਾਲਾ ਦਿੰਦਿਆਂ ਪ੍ਰਦਰਸ਼ਨਕਾਰੀਆਂ ਨੂੰ ਅੱਗੇ ਨਾ ਵਧਣ ਦਿੱਤਾ, ਜਿਸ 'ਤੇ 'ਆਪ' ਵਲੋਂ ਸੀ.ਬੀ.ਆਈ. ਨੂੰ ਸਰਕਾਰ ਦੇ ਹੱਥ ਦੀ ਕੱਠਪੁਤਲੀ ਦੱਸਦਿਆਂ ਪੁਤਲੇ ਸਾੜੇ ਗਏ ਅਤੇ ਭਾਜਪਾ ਖ਼ਿਲਾਫ਼ ਜੰਮ ਕੇ ਨਾਅਰੇਬਾਜ਼ੀ ਕੀਤੀ ਗਈ। ਦਿੱਲੀ ਪੁਲਿਸ ਨੇ ਕੁਝ ਪ੍ਰਦਰਸ਼ਨਕਾਰੀ ਆਗੂਆਂ ਨੂੰ ਹਿਰਾਸਤ 'ਚ ਵੀ ਲਿਆ।

.jpg)
.jpg)


.jpg)
.jpg)
.jpg)
.jpg)


.jpg)

.jpg)



.jpg)
.jpg)