ਉੱਤਰੀ ਕੋਰੀਆ ਨੇ ਦਾਗ਼ੀਆਂ ਕਈ ਬੈਲਿਸਟਿਕ ਮਿਜ਼ਾਈਲਾਂ

ਸਿਓਲ,(ਇੰਡੋ ਕਨੇਡੀਅਨ ਟਾਇਮਜ਼)- ਦੱਖਣੀ ਕੋਰੀਆ ਦੀ ਫੌਜ ਨੇ ਦਾਅਵਾ ਕੀਤਾ ਕਿ ਉੱਤਰੀ ਕੋਰੀਆ ਨੇ ਅੱਜ ਸਮੁੰਦਰ ਵਿੱਚ ਬੈਲਿਸਟਿਕ ਮਿਜ਼ਾਈਲਾਂ ਦਾਗ਼ੀਆਂ ਹਨ। ਇਹ ਮਿਜ਼ਾਈਲਾਂ ਦੱਖਣੀ ਕੋਰੀਆ ਅਤੇ ਅਮਰੀਕਾ ਦਰਮਿਆਨ ਸਾਂਝੀਆਂ ਫੌਜੀ ਮਸ਼ਕਾਂ ਸ਼ੁਰੂ ਹੋਣ ਤੋਂ ਕੁਝ ਘੰਟੇ ਬਾਅਦ ਦਾਗ਼ੀਆਂ ਗਈਆਂ। ਉੱਤਰੀ ਕੋਰੀਆ ਇਨ੍ਹਾਂ ਮਸ਼ਕਾਂ ਨੂੰ ਹਮਲੇ ਦੀ ਰਿਹਰਸਲ ਵਜੋਂ ਦੇਖਦਾ ਹੈ। ਦੱਖਣੀ ਕੋਰੀਆ ਦੇ ਜੁਆਇੰਟ ਚੀਫ ਆਫ ਸਟਾਫ ਨੇ ਕਿਹਾ ਕਿ ਮਿਜ਼ਾਈਲਾਂ ਉੱਤਰੀ ਕੋਰੀਆ ਦੇ ਹਵਾਂਗਹੇ ਸੂਬੇ ਤੋਂ ਦਾਗ਼ੀਆਂ ਗਈਆਂ ਸਨ ਪਰ ਉਨ੍ਹਾਂ ਨੇ ਇਹ ਨਹੀਂ ਦੱਸਿਆ ਕਿ ਮਿਜ਼ਾਈਲਾਂ ਕਿੰਨੀ ਦੂਰੀ ਤੱਕ ਗਈਆਂ। ਦੱਖਣੀ ਕੋਰਿਆਈ ਅਤੇ ਅਮਰੀਕੀ ਫੌਜੀ ਬਲਾਂ ਨੇ ਸਾਲਾਨਾ ‘ਫਰੀਡਮ ਸ਼ੀਲਡ’ ਕਮਾਂਡ ਪੋਸਟ ਅਭਿਆਸ ਸ਼ੁਰੂ ਕੀਤਾ ਹੈ ਜੋ 11 ਦਿਨ ਚੱਲੇਗਾ। ਉੱਤਰੀ ਕੋਰੀਆ ਨੇ ਇਨ੍ਹਾਂ ਜੰਗੀ ਮਸ਼ਕਾਂ ਦੀ ਨਿਖੇਧੀ ਕੀਤੀ। -ਏਪੀ
ਕਿਮ ਜੌਂਗ ਨਾਲ ਮੁੜ ਗੱਲਬਾਤ ਲਈ ਟਰੰਪ ਤਿਆਰ
ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੇ ਸੰਕੇਤ ਦਿੱਤਾ ਹੈ ਕਿ ਉਹ ਕਿਮ ਜੌਂਗ ਉਨ ਨਾਲ ਦੁਬਾਰਾ ਸੰਪਰਕ ਕਰਕੇ ਉੱਤਰੀ ਕੋਰੀਆ ਨਾਲ ਕੂਟਨੀਤਕ ਗੱਲਬਾਤ ਮੁੜ ਸ਼ੁਰੂ ਕਰਨ ਲਈ ਤਿਆਰ ਹੈ। ਪਿਛਲੀ ਗੱਲਬਾਤ ਉੱਤਰੀ ਕੋਰੀਆ ਦੇ ਪਰਮਾਣੂ ਪ੍ਰੋਗਰਾਮ ਰੱਦ ਕਰਨ ਅਤੇ ਉਸ ਖ਼ਿਲਾਫ਼ ਅਮਰੀਕੀ ਪਾਬੰਦੀਆਂ ਹਟਾਉਣ ਦੇ ਮੁੱਦੇ ’ਤੇ ਅਸਹਿਮਤੀ ਕਾਰਨ ਨਾਕਾਮ ਰਹੀ ਸੀ।