ਕੇਂਦਰ ਨਾਲ ਮਿਲ ਕੇ ਕੰਮ ਕਰਾਂਗੇ: ਕੇਜਰੀਵਾਲ

ਕੇਂਦਰ ਨਾਲ ਮਿਲ ਕੇ ਕੰਮ ਕਰਾਂਗੇ: ਕੇਜਰੀਵਾਲ

ਰਾਜਧਾਨੀ ਦੇ ਇਤਿਹਾਸਕ ਰਾਮਲੀਲਾ ਮੈਦਾਨ ’ਚ ਦਿੱਲੀ ਦੇ ਮੁੱਖ ਮੰਤਰੀ ਵਜੋਂ ਤੀਜੀ ਵਾਰ ਸਹੁੰ ਚੁੱਕਣ ਮਗਰੋਂ ਹਜ਼ਾਰਾਂ ਲੋਕਾਂ ਨੂੰ ਸੰਬੋਧਨ ਕਰਦਿਆਂ ‘ਆਪ’ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਉਹ ਦਿੱਲੀ ’ਚ ਵਧੀਆ ਸ਼ਾਸਨ ਦੇਣ ਲਈ ਕੇਂਦਰ ਨਾਲ ਤਾਲਮੇਲ ਕਰਕੇ ਕੰਮ ਕਰਨਾ ਚਾਹੁੰਦੇ ਹਨ ਤੇ ਉਨ੍ਹਾਂ ਬਿਨਾਂ ਕਿਸੇ ਰੁਕਾਵਟ ਦੇ ਸਰਕਾਰ ਚਲਾਉਣ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਆਸ਼ੀਰਵਾਦ ਵੀ ਮੰਗਿਆ। ਇਸ ਤੋਂ ਪਹਿਲਾਂ ਉਪ ਰਾਜਪਾਲ ਅਨਿਲ ਬੈਜਲ ਨੇ ਸ੍ਰੀ ਕੇਜਰੀਵਾਲ ਨੂੰ ਮੁੱਖ ਮੰਤਰੀ ਦੇ ਅਹੁਦੇ ਤੇ ਭੇਤ ਗੁਪਤ ਰੱਖਣ ਦੀ ਸਹੁੰ ਚੁਕਾਈ ਸੀ। ਫਿਰ ਮਨੀਸ਼ ਸਿਸੋਦੀਆ, ਸਤਿੰਦਰ ਜੈਨ, ਗੋਪਾਲ ਰਾਏ, ਕੈਲਾਸ਼ ਗਹਿਲੋਤ, ਇਮਰਾਨ ਹੁਸੈਨ ਅਤੇ ਰਾਜਿੰਦਰ ਗੌਤਮ ਨੇ ਸਹੁੰ ਚੁੱਕੀ। ਗੋਪਾਲ ਰਾਏ ਨੇ ਸ਼ਹੀਦਾਂ ਦੇ ਨਾਂ ’ਤੇ ਵੀ ਸਹੁੰ ਚੁੱਕੀ ਜਦਕਿ ਇਮਰਾਨ ਹੁਸੈਨ ਨੇ ਅੱਲ੍ਹਾ ਤੇ ਈਸ਼ਵਰ ਦੇ ਨਾਂ ’ਤੇ ਹਲਫ਼ ਲਿਆ।
ਹਲਫ਼ ਲੈਣ ਮਗਰੋਂ ਸ੍ਰੀ ਕੇਜਰੀਵਾਲ ਨੇ ਕਿਹਾ ਕਿ ਹੁਣ ਚੋਣਾਂ ਖ਼ਤਮ ਹੋ ਗਈਆਂ ਹਨ ਅਤੇ ਵਿਰੋਧੀਆਂ ਨੇ ਪ੍ਰਚਾਰ ਦੌਰਾਨ ਉਨ੍ਹਾਂ ਬਾਰੇ ਜੋ ਕੁਝ ਵੀ ਕਿਹਾ, ਉਸ ਲਈ ਉਨ੍ਹਾਂ ਵਿਰੋਧੀਆਂ ਨੂੰ ‘ਮੁਆਫ਼’ ਕਰ ਦਿੱਤਾ ਹੈ। ਖ਼ੁਦ ਨੂੰ ਦਿੱਲੀ ਦਾ ਬੇਟਾ ਦੱਸਦੇ ਹੋਏ ਉਨ੍ਹਾਂ ਕਿਹਾ ਕਿ ਇਹ ਜਿੱਤ ਇਕ-ਇਕ ਦਿੱਲੀ ਵਾਸੀ, ਵਿਦਿਆਰਥੀ, ਅਧਿਆਪਕ, ਅਫ਼ਸਰ, ਇੰਜਨੀਅਰ, ਆਟੋ ਵਾਲੇ, ਬੱਸ ਚਾਲਕਾਂ, ਰੇਹੜੀ ਵਾਲਿਆਂ ਅਤੇ ਵਪਾਰੀਆਂ ਦੀ ਜਿੱਤ ਹੈ ਜੋ ਦਿੱਲੀ ਚਲਾਉਂਦੇ ਹਨ। ਉਨ੍ਹਾਂ ਕਿਹਾ ਕਿ ਪਾਰਟੀਆਂ ਆਉਂਦੀਆਂ-ਜਾਂਦੀਆਂ ਰਹਿੰਦੀਆਂ ਹਨ ਪਰ ਰਾਜਧਾਨੀ ਨੂੰ ਨਿਰਮਾਣ ਕਰਨ ਵਾਲੇ ਚਲਾਉਂਦੇ ਰਹਿੰਦੇ ਹਨ। ਇਸੇ ਕਰਕੇ 50 ‘ਦਿੱਲੀ ਨਿਰਮਾਤਾ’ ਮੁੱੱਖ ਮਹਿਮਾਨ ਬਣੇ ਹਨ। ਸ੍ਰੀ ਕੇਜਰੀਵਾਲ ਨੇ ਕਿਹਾ ਕਿ ਉਹ ਦਿੱਲੀ ਦੇ ਸਾਰੇ 2 ਕਰੋੜ ਵਾਸੀਆਂ ਦੇ ਮੁੱਖ ਮੰਤਰੀ ਹਨ। ਉਹ ਭਾਜਪਾ, ਕਾਂਗਰਸ ਤੇ ਹੋਰ ਪਾਰਟੀਆਂ ਨੂੰ ਵੋਟਾਂ ਦੇਣ ਵਾਲਿਆਂ ਲਈ ਜਾਤ-ਧਰਮ ਤੋਂ ਉਪਰ ਉੱਠ ਕੇ ਕੰਮ ਕਰਨਗੇ ਅਤੇ ਪਹਿਲਾਂ ਵੀ ਕਿਸੇ ਨਾਲ ਮਤਰੇਆ ਸਲੂਕ ਨਹੀਂ ਕੀਤਾ। ਉਨ੍ਹਾਂ ਕਿਹਾ ਕਿ ਦਿੱਲੀ ਵਾਲਿਆਂ ਨੇ ਨਵੀਂ ਰਾਜਨੀਤੀ ਸ਼ੁਰੂ ਕੀਤੀ ਹੈ ਜੋ ‘ਕੰਮ ਦੀ ਰਾਜਨੀਤੀ’ ਹੈ ਜਿਸ ਕਰਕੇ ਦੇਸ਼ ਦੀ ਰਾਜਨੀਤੀ ਬਦਲ ਰਹੀ ਹੈ।

sant sagar