ਸਟਾਕ ਮਾਰਕੀਟ ਬਾਰੇ ਫਿਲਮ ‘ਫਲੈਸ਼ ਕਰੈਸ਼’ ਵਿਚ ਨਜ਼ਰ ਆਵੇਗਾ ਦੇਵ ਪਟੇਲ

ਯੂਕੇ ਦੀ ਸਟਾਕ ਮਾਰਕੀਟ ਦੇ ਆਧਾਰਿਤ ਪੁਸਤਕ ‘ਫਲੈਸ਼ ਕਰੈਸ਼’ ਨੂੰ ਵੱਡੇ ਪਰਦੇ ’ਤੇ ਰੂਪਮਾਨ ਕਰਦੀ ਫਿਲਮ ਵਿੱਚ ਭਾਰਤੀ-ਬਰਤਾਨਵੀ ਅਦਾਕਾਰ ਦੇਵ ਪਟੇਲ ਮੁੱਖ ਕਿਰਦਾਰ ਨਿਭਾਉਣਗੇ।
ਸੀਅ-ਸੌਅ ਫਿਲਮਜ਼ ਅਤੇ ਨਿਊ ਰੀਜੈਂਸੀ ਪ੍ਰੋਜੈਕਟ ਦੇ ਨਿਰਮਾਣ ਹੇਠ ਬਣਨ ਵਾਲੀ ਇਹ ਫਿਲਮ ਪੱਤਰਕਾਰ ਲਾਇਮ ਵੌਗਹਨ ਦੀ ਪੁਸਤਕ ‘ਫਲੈਸ਼ ਕਰੈਸ਼: ਏ ਟਰੇਡਿੰਗ ਸਾਵੰਟ, ਏ ਗਲੋਬਲ ਮੈਨਹੰਟ ਐਂਡ ਦਿ ਮੋਸਟ ਮਿਸਟੀਰੀਅਸ ਮਾਰਕੀਟ ਕਰੈਸ਼ ਇਨ ਹਿਸਟਰੀ’ ਉੱਪਰ ਆਧਾਰਿਤ ਹੈ। ਵੌਗਹਨ ਨੇ ਆਪਣੀ ਪੁਸਤਕ ਵਿੱਚ 2010 ਦੀ ਆਰਥਿਕ ਮੰਦੀ ਨੂੰ ਬਿਆਨ ਕੀਤਾ ਹੈ। ‘ਫਲੈਸ਼ ਕਰੈਸ਼’ ਦੀ ਕਹਾਣੀ ਨਵਿੰਦਰ ਸਿੰਘ ਸਰਾਓ ਨਾਂ ਦੇ ਵਿਅਕਤੀ ਦੁਆਲੇ ਘੁੰਮਦੀ ਹੈ, ਜੋ ਕਿ ਬਾਹਰੀ ਵਿਅਕਤੀ ਹੈ ਅਤੇ ਜਿਸ ਨੇ ਸਟਾਕ ਮਾਰਕੀਟ ਨੂੰ ਪਛਾੜਨ ਦਾ ਰਾਹ ਲੱਭਿਆ ਹੈ। ਇਹ ਵਿਅਕਤੀ ਲੰਡਨ ਦੇ ਬਾਹਰਵਾਰ ਬਣੇ ਆਪਣੇ ਮਾਪਿਆਂ ਦੇ ਛੋਟੇ ਜਿਹੇ ਘਰ ਦੇ ਇੱਕ ਬੈੱਡਰੂਮ ਵਿੱਚ ਬੈਠ ਕੇ ਕੰਮ ਕਰਦਾ ਹੈ ਅਤੇ ਲੱਖਾਂ ਪੌਂਡ ਕਮਾਉਂਦਾ ਹੈ। ਫਿਲਮ ਦੇ ਨਿਰਮਾਤਾਵਾਂ ਦਾ ਕਹਿਣਾ ਹੈ, ‘‘ਨਵਿੰਦਰ ਸਰਾਓ ਦੀ ਕਹਾਣੀ ਨੇ ਸਾਡੇ ’ਤੇ ਡੂੰਘਾ ਅਸਰ ਪਾਇਆ। ਇਹ ਵਿਅਕਤੀ ਆਲਮੀ ਵਿੱਤੀ ਢਾਂਚੇ ਦੇ ਅੰਦਰ ਹੁੰਦੀਆਂ ਹੇਰਾਫੇਰੀਆਂ ਦਾ ਪਰਦਾਫ਼ਾਸ਼ ਕਰਦਾ ਹੈ। ਸਾਨੂੰ ਬਹੁਤ ਖੁਸ਼ੀ ਹੈ ਕਿ ਅਸੀਂ ਇਸ ਨੂੰ ਵੱਡੇ ਪਰਦੇ ’ਤੇ ਰੂਪਮਾਨ ਕਰ ਰਹੇ ਹਾਂ ਅਤੇ ਫਿਲਮ ‘ਲਾਇਨ’ ਦੀ ਸਫ਼ਲਤਾ ਤੋਂ ਬਾਅਦ ਦੇਵ ਪਟੇਲ ਨਾਲ ਆਪਣੇ ਰਿਸ਼ਤੇ ਨੂੰ ਅੱਗੇ ਵਧਾ ਰਹੇ ਹਾਂ।’’