ਵੈੱਬ ’ਤੇ ਮਹਿਲਾ ਕਲਾਕਾਰਾਂ ਲਈ ਵਧੇਰੇ ਮੌਕੇ: ਅਸ਼ਵਨੀ ਭਾਵੇ

ਵੂਟ ਸਿਲੈਕਟ ਔਰਿਜਨਲ ਦੇ ‘ਦਿ ਰਾਏਕਰ ਕੇਸ’ ਨਾਲ ਅਭਿਨੈ ਜਗਤ ਵਿੱਚ ਵਾਪਸੀ ਕਰ ਰਹੀ ਅਸ਼ਵਨੀ ਭਾਵੇ ਦਾ ਕਹਿਣਾ ਹੈ ਕਿ ਫਿਲਮਾਂ ਦੇ ਉਲਟ ਵੈੱਬ ਸੀਰੀਜ਼ ਵਿੱਚ ਵਿਸ਼ੇਸ਼ ਤੌਰ ’ਤੇ ਮਹਿਲਾ ਕਲਾਕਾਰਾਂ ਦੇ ਕਿਰਦਾਰ ਵਧੇਰੇ ਉਭਰਦੇ ਹਨ। ਨੱਬਵੇਂ ਦੇ ਦੌਰ ਵਿਚ ‘ਸੈਨਿਕ’ ਅਤੇ ‘ਬੰਧਨ’ ਜਿਹੀਆਂ ਫਿਲਮਾਂ ਕਰਨ ਵਾਲੀ ਅਸ਼ਵਨੀ 22 ਵਰ੍ਹਿਆਂ ਦੇ ਅਰਸੇ ਮਗਰੋਂ ਵਾਪਸੀ ਕਰ ਰਹੀ ਹੈ। ਉਸ ਦਾ ਕਹਿਣਾ ਹੈ ਕਿ ਵੈੱਬ ਮੰਚ ਮਹਿਲਾ ਕਲਾਕਾਰਾਂ ਨੂੰ ਵਧੀਆ ਕਿਰਦਾਰ ਦੇ ਰਿਹਾ ਹੈ। ਇੰਟਰਵਿਊ ਦੌਰਾਨ ਉਸ ਨੇ ਕਿਹਾ, ‘‘ਜਿਸ ਤਰੀਕੇ ਨਾਲ ਅੱਜ ਦੇ ਦਰਸ਼ਕ ਵਧੇਰੇ ਮਨੋਰੰਜਨ ਲੱਭਦੇ ਹਨ ਅਤੇ ਡਿਜੀਟਲ ਜਿਹੇ ਨਵੇਂ ਮਾਧਿਅਮ ਆ ਰਹੇ ਹਨ, ਮੈਨੂੰ ਲੱਗਦਾ ਹੈ ਕਿ ਮਹਿਲਾਵਾਂ (ਕਲਾਕਾਰਾਂ) ਨੂੰ ਵੱਖੋ-ਵੱਖਰੀ ਤਰ੍ਹਾਂ ਦੇ ਕਿਰਦਾਰ ਮਿਲ ਰਹੇ ਹਨ।’’ ਭਾਵੇ ਨੇ ਅੱਗੇ ਕਿਹਾ, ‘‘ਜੇਕਰ ਤੁਸੀਂ ਰਵਾਇਤੀ ਬਾਲੀਵੁੱਡ ਦੀ ਗੱਲ ਕਰੋ ਤਾਂ ਉਸ ਵਿੱਚ ਇੱਕ ਹੀਰੋਇਨ ਹੁੰਦੀ ਹੈ ਅਤੇ ਇੱਕ ਮਾਂ, ਬੱਸ ਏਨੇ ਕੁ ਹੀ ਸੀਮਤ ਕਿਰਦਾਰ ਹੁੰਦੇ ਹਨ। ਵੈੱਬ ਸੀਰੀਜ਼ ਵਿਚ ਵੱਖੋ-ਵੱਖਰੇ ਕਿਰਦਾਰ ਹੁੰਦੇ ਹਨ ਅਤੇ ਅਤੇ ਮਹਿਲਾ ਕਲਾਕਾਰਾਂ ਕੋਲ ਚੁਣਨ ਲਈ ਬਹੁਤ ਸਾਰੇ ਕਿਰਦਾਰ ਹੁੰਦੇ ਹਨ।’’ ਕੈਲੀਫੋਰਨੀਆ ਰਹਿੰਦੀ ਇਸ ਅਦਾਕਾਰਾ ਦਾ ਕਹਿਣਾ ਹੈ ਕਿ ਮਜ਼ਬੂਤ ਅਤੇ ਚੁਣੌਤੀਪੂਰਨ ਕਹਾਣੀਆਂ ਹੀ ਉਸ ਦੇ ਭਾਰਤ ਆਉਣ ਦਾ ਕਾਰਨ ਬਣੀਆਂ। ਨਾਲ ਹੀ ਉਸ ਦਾ ਮੰਨਣਾ ਹੈ ਕਿ ਵੈੱਬ ਦੁਨੀਆ ਵਿੱਚ ਕਦਮ ਰੱਖਣਾ ਸੌਖਾਲਾ ਕੰਮ ਨਹੀਂ ਹੈ। ਉਸ ਨੇ ਕਿਹਾ, ‘‘ਮਨੋਰੰਜਨ ਦਾ ਹਰ ਨਵਾਂ ਮਾਧਿਅਮ ਆਪਣੇ ਨਾਲ ਨਵੀਂ ਚੁਣੌਤੀਆਂ ਲੈ ਕੇ ਆਉਂਦਾ ਹੈ ਅਤੇ ਵੈੱਬ ਸੀਰੀਜ਼ ਵੀ ਇਸ ਤੋਂ ਭਿੰਨ ਨਹੀਂ….ਮੈਂ ‘ਦਿ ਰਾਏਕਰ ਕੇਸ’ ਵਿੱਚ ਆਪਣੇ ਕਿਰਦਾਰ ਨਾਲ ਉਸੇ ਤਰ੍ਹਾਂ ਨਜਿੱਠ ਰਹੀ ਸੀ, ਜਿਵੇਂ ਫਿਲਮਾਂ ਵਿੱਚ ਹੁੰਦਾ ਹੈ। ਇਹ ਮੇਰੇ ਲਈ ਚੁਣੌਤੀਪੂਰਨ ਬਣ ਗਿਆ ਕਿਉਂਕਿ ਵੈੱਬ ਸੀਰੀਜ਼ ਦਾ ਸਮਾਂ ਫਿਲਮ ਨਾਲੋਂ ਕਿਤੇ ਲੰਬਾ ਹੁੰਦਾ ਹੈ। ਜੇਕਰ ਫਿਲਮ ਤਿੰਨ ਘੰਟਿਆਂ ਦੀ ਹੁੰਦੀ ਹੈ ਤਾਂ ਵੈੱਬ ਸੀਰੀਜ਼ ਛੇ ਤੋਂ ਸੱਤ ਕਿਸ਼ਤਾਂ ਦੀ ਹੁੰਦੀ ਹੈ, ਜੋ ਤਿੰਨ ਫਿਲਮਾਂ ਦੇ ਬਰਾਬਰ ਹੈ। ਮੇਰੇ ਲਈ ਪੂਰੀ ਸਕਰਿਪਟ ਦਿਮਾਗ ਵਿੱਚ ਰੱਖਣਾ ਬਹੁਤ ਔਖਾ ਹੈ।’’