ਆਸਟਰੇਲੀਆ ਦੇ ਪੂਰਬੀ ਤੱਟ ’ਤੇ ਹਾਲੇ ਹੜ੍ਹਾਂ ਦਾ ਖਤਰਾ

ਕੁਈਨਜ਼ਲੈਂਡ ਦੇ ਦੋ ਲੱਖ ਤੋਂ ਵੱਧ ਘਰਾਂ ਤੇ ਵਪਾਰਕ ਅਦਾਰਿਆਂ ਦੀ ਬਿਜਲੀ ਸਪਲਾਈ ਠੱਪ
ਵੈਲਿੰਗਟਨ,(ਇੰਡੋ ਕਨੇਡੀਅਨ ਟਾਇਮਜ਼)- ਆਸਟਰੇਲੀਆ ਦੇ ਪ੍ਰਧਾਨ ਮੰਤਰੀ ਐਂਥਨੀ ਅਲਬਨੀਜ਼ ਨੇ ਚੌਕਸ ਕੀਤਾ ਹੈ ਕਿ ਲੰਘੇ ਹਫ਼ਤੇ ਦੇ ਅਖੀਰ ਵਿੱਚ ਆਏ ਭਿਆਨਕ ਚੱਕਰਵਾਤੀ ਤੂਫਾਨ ਦਾ ਅਸਰ ਖਤਮ ਨਹੀਂ ਹੋਇਆ ਕਿਉਂਕਿ ਅੱਜ ਦੋ ਰਾਜਾਂ ਦੇ ਕੁਝ ਹਿੱਸੇ ਹੜ੍ਹਾਂ ਦੀ ਮਾਰ ਹੇਠ ਆਏ ਰਹੇ ਹਾਲਾਂਕਿ ਹੜ੍ਹਾਂ ਦਾ ਮੁੱਢਲਾ ਖਤਰਾ ਘਟਦਾ ਜਾ ਰਿਹਾ ਹੈ। ਲੰਘੇ ਸ਼ਨਿਚਰਵਾਰ ਆਸਟਰੇਲੀਆ ਦੇ ਪੂਰਬੀ ਤੱਟ ’ਤੇ ਭਾਰੀ ਮੀਂਹ ਕਾਰਨ ਇੱਕ ਵਿਅਕਤੀ ਦੀ ਮੌਤ ਹੋ ਗਈ ਸੀ ਅਤੇ ਕਈ ਹੋਰ ਜ਼ਖ਼ਮੀ ਹੋਏ ਸਨ। ਮੀਂਹ ਕਾਰਨ ਰੁੱਖ ਤੇ ਬਿਜਲੀ ਦੀਆਂ ਲਾਈਨਾਂ ਡਿੱਗ ਗਈਆਂ ਤੇ ਕੁਈਨਜ਼ਲੈਂਡ ਤੇ ਨਿਊ ਸਾਊਥ ਵੇਲਜ਼ ਦੇ ਕੁਝ ਹਿੱਸੇ ਜਲਥਲ ਹੋ ਗਏ। ਦੋਵੇਂ ਰਾਜ ਹਾਲਾਂਕਿ ਮੌਸਮ ਦੀ ਭਿਆਨਕ ਮਾਰ ਤੋਂ ਬਚ ਗਏ, ਜਿਸ ਬਾਰੇ ਪਹਿਲਾਂ ਅਨੁਮਾਨ ਲਾਇਆ ਗਿਆ ਸੀ ਕਿ ਇਹ 51 ਸਾਲਾਂ ’ਚ ਦੱਖਣ-ਪੂਰਬੀ ਕੁਈਨਜ਼ਲੈਂਡ ’ਚ ਆਉਣ ਵਾਲਾ ਪਹਿਲਾ ਚੱਕਰਵਾਤੀ ਤੂਫ਼ਾਨ ਹੋਵੇਗਾ। ਅਧਿਕਾਰੀਆਂ ਨੇ ਦੱਸਿਆ ਕਿ ਅੱਜ ਬਾਅਦ ਦੁਪਹਿਰ ਤੱਕ ਵੀ ਖਿੱਤੇ ’ਚ ਘੱਟੋ-ਘੱਟ ਦੋ ਲੱਖ ਘਰਾਂ ਤੇ ਕਾਰੋਬਾਰੀ ਅਦਾਰਿਆਂ ’ਚ ਬਿਜਲੀ ਸਪਲਾਈ ਬਹਾਲ ਨਹੀਂ ਹੋਈ ਸੀ। ਤੂਫਾਨ ਮਗਰੋਂ ਕੁਈਨਜ਼ਲੈਂਡ ਨੂੰ ਇਤਿਹਾਸ ਦੇ ਸਭ ਤੋਂ ਵੱਡੇ ਬਲੈਕਆਊਟ ਦਾ ਸਾਹਮਣਾ ਕਰਨਾ ਪਿਆ ਤੇ 700 ਤੋਂ ਵੱਧ ਸਕੂਲ ਬੰਦ ਕਰ ਦਿੱਤੇ ਗਏ। ਨਦੀਆਂ ਤੇ ਖਾੜੀਆਂ ਨੇੜੇ ਰਹਿਣ ਵਾਲੇ ਲੋਕਾਂ ਨੂੰ ਅਪੀਲ ਕੀਤੀ ਗਈ ਹੈ ਕਿ ਉਹ ਆਪਣਾ ਘਰ ਖਾਲੀ ਕਰ ਦੇਣ ਜਾਂ ਫਿਰ ਘਰਾਂ ਅੰਦਰ ਹੀ ਰਹਿਣ।