ਵੈਲਿੰਗਟਨ ਟੈਸਟ: ਭਾਰਤੀ ਬੱਲੇਬਾਜ਼ਾਂ ਨੇ ਗੋਡੇ ਟੇਕੇ

ਵੈਲਿੰਗਟਨ ਟੈਸਟ: ਭਾਰਤੀ ਬੱਲੇਬਾਜ਼ਾਂ ਨੇ ਗੋਡੇ ਟੇਕੇ

ਭਾਰਤੀ ਬੱਲੇਬਾਜ਼ਾਂ ਨੇ ਮੁਸ਼ਕਲ ਹਾਲਾਤ ਸਾਹਮਣੇ ਆਸਾਨੀ ਨਾਲ ਗੋਡੇ ਟੇਕ ਦਿੱਤੇ, ਜਿਸ ਦੀ ਬਦੌਲਤ ਨਿਊਜ਼ੀਲੈਂਡ ਨੇ ਅੱਜ ਇੱਥੇ ਪਹਿਲੇ ਟੈਸਟ ਕ੍ਰਿਕਟ ਮੈਚ ਦੇ ਚੌਥੇ ਦਿਨ ਪਹਿਲੇ ਸੈਸ਼ਨ ਵਿੱਚ ਮਹਿਮਾਨ ਟੀਮ ਨੂੰ ਦਸ ਵਿਕਟਾਂ ਨਾਲ ਹਰਾ ਕੇ ਆਪਣੀ 100ਵੀਂ ਜਿੱਤ ਦਾ ਜਸ਼ਨ ਮਨਾਇਆ। ਦਸਵੀਂ ਵਾਰ ਪੰਜ ਵਿਕਟਾਂ ਲੈਣ ਵਾਲੇ ਟਿਮ ਸਾਊਦੀ ਨੂੰ ‘ਮੈਨ ਆਫ ਦਿ ਮੈਚ’ ਚੁਣਿਆ ਗਿਆ। ਇਸ ਜਿੱਤ ਨਾਲ ਨਿਊਜ਼ੀਲੈਂਡ ਨੇ ਦੋ ਮੈਚਾਂ ਦੀ ਲੜੀ ਵਿੱਚ 1-0 ਦੀ ਲੀਡ ਬਣਾ ਲਈ ਹੈ। ਭਾਰਤ ਦੀ ਵਿਸ਼ਵ ਟੈਸਟ ਚੈਂਪੀਅਨਸ਼ਿਪ ਵਿੱਚ ਇਹ ਪਹਿਲੀ ਹਾਰ ਹੈ। ਨਿਊਜ਼ੀਲੈਂਡ ਦੇ ਵਿਸ਼ਵ ਚੈਂਪੀਅਨਸ਼ਿਪ ਵਿੱਚ ਹੁਣ 120 ਅੰਕ ਹੋ ਗਏ ਹਨ। ਭਾਰਤ ਹੁਣ ਵੀ 360 ਅੰਕਾਂ ਨਾਲ ਸੂਚੀ ਵਿੱਚ ਚੋਟੀ ’ਤੇ ਬਰਕਰਾਰ ਹੈ। ਦੋਵਾਂ ਟੀਮਾਂ ਵਿਚਾਲੇ ਦੂਜਾ ਤੇ ਆਖ਼ਰੀ ਟੈਸਟ ਮੈਚ ਵਿੱਚ 29 ਫਰਵਰੀ ਨੂੰ ਸ਼ੁਰੂ ਹੋਵੇਗਾ।
ਭਾਰਤੀ ਕਪਤਾਨ ਵਿਰਾਟ ਕੋਹਲੀ ਨੇ ਹਾਰ ਮਗਰੋਂ ਕਿਹਾ, ‘‘ਅਸੀਂ ਇਸ ਮੈਚ ਵਿੱਚ ਬਿਲਕੁਲ ਵੀ ਟੱਕਰ ਨਹੀਂ ਦੇ ਸਕੇ। ਜੇਕਰ ਅਸੀਂ ਨਿਊਜ਼ੀਲੈਂਡ ਟੀਮ ਸਾਹਮਣੇ 220-230 ਦੌੜਾਂ ਦਾ ਟੀਚਾ ਰੱਖਦੇ ਤਾਂ ਬਿਹਤਰ ਹੁੰਦਾ।’’
ਭਾਰਤ ਨੇ ਸਵੇਰੇ ਆਪਣੀ ਦੂਜੀ ਪਾਰੀ ਚਾਰ ਵਿਕਟਾਂ ’ਤੇ 144 ਦੌੜਾਂ ਤੋਂ ਅੱਗੇ ਵਧਾਈ, ਪਰ ਉਸ ਦੀ ਪੂਰੀ ਟੀਮ 81 ਓਵਰਾਂ ਵਿੱਚ 191 ਦੌੜਾਂ ’ਤੇ ਸਿਮਟ ਗਈ। ਭਾਰਤ ਨੇ ਪਹਿਲੀ ਪਾਰੀ ਵਿੱਚ 165 ਦੌੜਾਂ ਬਣਾਈਆਂ ਸਨ। ਟਿਮ ਸਾਊਦੀ (61 ਦੌੜਾਂ ਦੇ ਕੇ ਪੰਜ ਵਿਕਟਾਂ) ਅਤੇ ਟ੍ਰੈਂਟ ਬੋਲਟ (39 ਦੌੜਾਂ ਦੇ ਕੇ ਚਾਰ ਵਿਕਟਾਂ) ਦੀ ਜੋੜੀ ਨੇ ਵਿਖਾਇਆ ਕਿ ਭਾਰਤ ਦੀ ਮਸ਼ਹੂਰ ਬੱਲੇਬਾਜ਼ੀ ਨੂੰ ਹਾਲੇ ਵੀ ਕਾਫ਼ੀ ਸੁਧਾਰ ਦੀ ਲੋੜ ਹੈ। ਨਿਊਜ਼ੀਲੈਂਡ ਸਾਹਮਣੇ ਨੌਂ ਦੌੜਾਂ ਦਾ ਟੀਚਾ ਸੀ, ਜੋ ਉਸ ਨੇ 1.4 ਓਵਰਾਂ ਵਿੱਚ ਬਗ਼ੈਰ ਕੋਈ ਵਿਕਟ ਗੁਆਏ ਹਾਸਲ ਕਰ ਲਿਆ ਅਤੇ ਇਸ ਤਰ੍ਹਾਂ ਟੈਸਟ ਕ੍ਰਿਕਟ ਵਿੱਚ ਆਪਣੀ 100ਵੀਂ ਜਿੱਤ ਦਰਜ ਕੀਤੀ। ਭਾਰਤ ਨੂੰ ਟੈਸਟ ਮੈਚਾਂ ਵਿੱਚ ਆਖ਼ਰੀ ਹਾਰ 2018-19 ਵਿੱਚ ਆਸਟਰੇਲੀਆ ਖ਼ਿਲਾਫ਼ ਪਰਥ ਵਿੱਚ ਮਿਲੀ ਸੀ, ਪਰ ਬੇਸਿਨ ਰਿਜ਼ਰਵ ਦੀ ਹਾਰ ਨਾਲ ਉਸ ਨੂੰ ਕਾਫ਼ੀ ਧੱਕਾ ਲੱਗਿਆ ਹੈ ਕਿਉਂਕਿ ਹਾਲ ਵਿੱਚ ਕਦੇ ਉਸ ਦੀ ਟੀਮ ਨੇ ਇਸ ਤਰ੍ਹਾਂ ਗੋਡੇ ਨਹੀਂ ਟੇਕੇ ਸਨ। ਭਾਰਤੀ ਬੱਲੇਬਾਜ਼ੀ ਕਿਸੇ ਵੀ ਸਮੇਂ ਚੁਣੌਤੀ ਦਿੰਦੀ ਨਜ਼ਰ ਨਹੀਂ ਆਈ। ਵਿਕਟ ਤੋਂ ਤੀਜੇ ਅਤੇ ਚੌਥੇ ਦਿਨ ਵੀ ਗੇਂਦਬਾਜ਼ਾਂ ਨੂੰ ਮਦਦ ਮਿਲ ਰਹੀ ਸੀ, ਪਰ ਭਾਰਤੀ ਬੱਲੇਬਾਜ਼ਾਂ ਨੇ ਆਪਣੀ ਖ਼ਰਾਬ ਤਕਨੀਕ ਕਾਰਨ ਵਿਕਟਾਂ ਗੁਆਈਆਂ।

sant sagar