ਵਿੱਤ ਮੰਤਰੀ ਨਿਰਮਲਾ ਸੀਤਾਰਮਨ ਅੱਜ ਸ਼ਾਮ 4 ਵਜੇ ਹੋਣਗੇ LIVE, ਕਰ ਸਕਦੇ ਨੇ ਇਹ ਐਲਾਨ

ਨਵੀਂ ਦਿੱਲੀ — ਵਿੱਤ ਮੰਤਰੀ ਨਿਰਮਲਾ ਸੀਤਾਰਮਨ ਅੱਜ ਸ਼ਾਮ 4 ਵਜੇ 20 ਲੱਖ ਕਰੋੜ ਰੁਪਏ ਦੇ ਆਰਥਿਕ ਪੈਕੇਜ ਬਾਰੇ ਵਿਸਥਾਰ ਨਾਲ ਜਾਣਕਾਰੀ ਦੇਣਗੇ। ਜ਼ਿਕਰਯੋਗ ਹੈ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਮੰਗਲਵਾਰ ਨੂੰ ਦੇਸ਼ ਦੇ ਨਾਮ ਆਪਣੇ ਸੰਦੇਸ਼ ਵਿਚ ਅਰਥਵਿਵਸਥਾ ਦੀ ਗ੍ਰੋਥ ਲਈ 20 ਲੱਖ ਕਰੋੜ ਰੁਪਏ ਦੇ ਆਰਥਿਕ ਪੈਕੇਜ ਦਾ ਐਲਾਨ ਕੀਤਾ। ਪ੍ਰਧਾਨ ਮੰਤਰੀ ਮੋਦੀ ਨੇ ਕਿਹਾ 20 ਲੱਖ ਕਰੋੜ ਰੁਪਏ ਦਾ ਇਹ ਪੈਕੇਜ ਐਮ.ਐਸ.ਐਮ.ਈ., ਮਜ਼ਦੂਰ, ਕਿਸਾਨ ਅਤੇ ਇਮਾਨਦਾਰੀ ਨਾਲ ਟੈਕਸ ਭਰਨ ਵਾਲਿਆਂ ਲਈ ਹੈ। ਇਹ ਉਦਯੋਗ ਜਗਤ ਲਈ ਵੀ ਖਾਸ ਹੋਵੇਗਾ। ਇਹ ਪੈਕੇਜ ਦੇਸ਼ ਦੀ ਜੀ.ਡੀ.ਪੀ. ਦਾ 10 ਫੀਸਦੀ ਹੈ। ਕਿਸ ਸੈਕਟਰ ਨੂੰ ਕਿੰਨੀ ਰਾਹਤ ਮਿਲੇਗੀ, ਵਿੱਤ ਮੰਤਰੀ ਅੱਜ ਸ਼ਾਮ ਇਸ ਬਾਰੇ ਜਾਣਕਾਰੀ ਦੇਣਗੇ।
ਸਾਰਿਆਂ ਲਈ ਹੋਵੇਗਾ ਖਾਸ
ਮੌਜੂਦਾ ਹਾਲਾਤ ਵਿਚ ਦੇਸ਼ ਦੀ ਆਰਥਿਕ ਵਿਕਾਸ ਦਰ ਆਪਣੇ ਬਹੁਤ ਹੀ ਬੁਰੇ ਦੌਰ ਵਿਚੋਂ ਲੰਘ ਰਹੀ ਹੈ। ਇਸ ਦੇ ਇਸ ਵਾਰ ਇਕ ਫੀਸਦੀ ਰਹਿਣ ਜਾਂ ਫਿਰ ਇਸ ਤੋਂ ਵੀ ਹੇਠਾਂ ਰਹਿਣ ਦੇ ਅੰਦਾਜ਼ੇ ਲਗਾਏ ਜਾ ਰਹੇ ਹਨ। ਦੇਸ਼ 'ਚ ਲੰਮੇ ਸਮੇਂ ਤੋਂ ਲਾਗੂ ਲਾਕਡਾਉਨ ਕਾਰਨ ਨਿਰਮਾਣ ਪ੍ਰਭਾਵਿਤ ਹੋਇਆ ਹੈ ਅਤੇ 12 ਕਰੋੜ ਤੋਂ ਜ਼ਿਆਦਾ ਲੋਕਾਂ ਦੀ ਨੌਕਰੀ ਜਾਣ ਦਾ ਖਤਰਾ ਬਣਿਆ ਹੋਇਆ ਹੈ। ਸਰਕਾਰ ਇਸ ਰਾਹਤ ਪੈਕੇਜ ਦੀ ਸਹਾਇਤਾ ਨਾਲ ਅਰਥਵਿਵਸਥਾ ਨੂੰ ਰਫਤਾਰ ਦੇਣ ਅਤੇ ਮੰਗ ਵਧਾਉਣ 'ਤੇ ਜ਼ੋਰ ਦੇ ਸਕਦੀ ਹੈ।
ਆਰਥਿਕ ਪੈਕੇਜ ਵਿਚ ਸਰਕਾਰ ਦੇ ਹੁਣੇ ਦੇ ਫੈਸਲੇ, ਰਿਜ਼ਰਵ ਬੈਂਕ ਵਲੋਂ ਕੀਤੇ ਗਏ ਐਲਾਨ ਨੂੰ ਮਿਲਾ ਕੇ ਇਹ ਪੈਕੇਜ 20 ਲੱਖ ਕਰੋੜ ਰੁਪਏ ਦਾ ਹੋਵੇਗਾ ਜਿਹੜਾ ਕਿ ਦੇਸ਼ ਦੇ ਕੁੱਲ ਘਰੇਲੂ ਉਤਪਾਦ ਦਾ 10 ਫੀਸਦੀ ਹੈ। ਸੀਤਾਰਮਨ ਜਲਦੀ ਹੀ ਇਸ ਬਾਰੇ ਵਿਸਥਾਰ ਨਾਲ ਜਾਣਕਾਰੀ ਦੇਣਗੇ।