ਕੈਨੇਡਿਆਈ ਬਾਰਡਰ ਏਜੰਸੀ ਵੱਲੋਂ ਆਪਣੇ ਮੁਲਾਜ਼ਮ ਸੰਦੀਪ ਸਿੰਘ ਨੂੰ ਕਲੀਨ ਚਿੱਟ

ਵਿਨੀਪੈਗ,(ਇੰਡੋ ਕਨੇਡੀਅਨ ਟਾਇਮਜ਼)- ਕੈਨੇਡੀਅਨ ਬਾਰਡਰ ਸਰਵਿਸਿਜ਼ ਏਜੰਸੀ (ਸੀਬੀਐੱਸਏ) ਨੇ ਆਪਣੇ ਮੁਲਾਜ਼ਮ ਸੰਦੀਪ ‘ਸੰਨੀ’ ਸਿੰਘ ਨੂੰ ਕਲੀਨ ਚਿੱਟ ਦੇ ਦਿੱਤੀ ਹੈ। ਭਾਰਤੀ ਮੀਡੀਆ ਨੇ ਸੰਦੀਪ ਦਾ ਨਾਮ ਅਤਿਵਾਦ ਅਤੇ ਕਤਲ ਦੀਆਂ ਘਟਨਾਵਾਂ ਨਾਲ ਜੋੜਿਆ ਸੀ ਪਰ ਕੈਨੇਡਿਆਈ ਅਧਿਕਾਰੀਆਂ ਦਾ ਕਹਿਣਾ ਹੈ ਕਿ ਇਨ੍ਹਾਂ ਦਾਅਵਿਆਂ ਦੇ ਕੋਈ ਸਬੂਤ ਨਹੀਂ ਹਨ। ਸੰਦੀਪ ਪਿਛਲੇ ਦੋ ਦਹਾਕਿਆਂ ਤੋਂ ਸੀਬੀਐੱਸਏ ਨਾਲ ਜੁੜਿਆ ਹੋਇਆ ਹੈ। ਸੰਦੀਪ ਨੇ ਦੱਸਿਆ ਕਿ ਉਹ ਪੱਗ ਨਹੀਂ ਬੰਨ੍ਹਦਾ, ਨਾ ਉਹ ਬਹੁਤਾ ਧਾਰਮਿਕ ਹੈ ਅਤੇ ਨਾ ਹੀ ਉਸ ਦਾ ਸਿੱਖ ਵੱਖਵਾਦੀ ਸਿਆਸਤ ਨਾਲ ਸਬੰਧ ਹੈ ਪਰ ਪਿਛਲੇ ਮਹੀਨੇ ਉਸ ਨੂੰ ਪਤਾ ਲੱਗਾ ਕਿ ਉਸ ਦਾ ਨਾਮ ਅਤੇ ਤਸਵੀਰ ਕਈ ਭਾਰਤੀ ਨਿਊਜ਼ ਚੈਨਲਾਂ ਤੇ ਅਖ਼ਬਾਰਾਂ ’ਤੇ ਨਸ਼ਰ ਹੋ ਰਹੀ ਹੈ, ਜਿਸ ਵਿੱਚ ਭਾਰਤ ਦੇ ਸਰਕਾਰੀ ਸੂਤਰਾਂ ਦਾ ਹਵਾਲਾ ਦਿੱਤਾ ਗਿਆ ਸੀ।