ਵਿਦੇਸ਼ ਤੋਂ ਪਰਤੇ ਅਥਲੀਟਾਂ ਨੂੰ ਇਕਾਂਤ ’ਚ ਰੱਖਾਂਗੇ: ਖੇਡ ਮੰਤਰੀ

ਖੇਡ ਮੰਤਰੀ ਕਿਰਨ ਰਿਜਿਜੂ ਨੇ ਅੱਜ ਕਿਹਾ ਕਿ ਕਰੋਨਾਵਾਇਰਸ ਦੇ ਜ਼ਿਆਦਾ ਪ੍ਰਭਾਵ ਵਾਲੇ ਦੇਸ਼ਾਂ ਤੋਂ ਪਰਤੇ ਰਹੇ ਅਥਲੀਟਾਂ ਨੂੰ ਲਾਜ਼ਮੀ ਤੌਰ ’ਤੇ ਵੱਖਰੇ ਰੱਖਿਆ ਜਾਵੇਗਾ। ਪ੍ਰੋਟੋਕੋਲ ਦਾ ਹਵਾਲਾ ਦਿੰਦਿਆਂ ਸ੍ਰੀ ਰਿਜਿਜੂ ਨੇ ਕਿਹਾ ਸਭ ਤੋਂ ਵੱਧ ਪ੍ਰਭਾਵਿਤ ਦੇਸ਼ਾਂ ਚੀਨ, ਦੱਖਣੀ ਕੋਰੀਆ, ਈਰਾਨ, ਇਟਲੀ, ਸਪੇਨ, ਫਰਾਂਸ ਅਤੇ ਜਰਮਨੀ ਤੋਂ ਪਰਤ ਰਹੇ ਅਥਲੀਟਾਂ ਨਾਲ ਵੀ ਲਾਜ਼ਮੀ ਤੌਰ ’ਤੇ ਉਹ ਤਰੀਕਾ ਵਰਤਿਆ ਜਾਵੇਗਾ ਜੋ ਕਿ ਹਰੇਕ ਲਈ ਜ਼ਰੂਰੀ ਹੈ। ਉਨ੍ਹਾਂ ਕਿਹਾ ਵਿਦੇਸ਼ ਆਉਣ ਵਾਲੇ ਕਿਸੇ ਵਿਅਕਤੀ ਨੂੰ ਛੋਟ ਨਹੀਂ ਦਿੱਤੀ ਜਾਵੇਗੀ ਅਤੇ ਉਨ੍ਹਾਂ ਨੂੰ ਵੱਖਰੇ ਵਾਰਡਾਂ ’ਚ ਭੇਜਿਆ ਜਾਵੇਗਾ ਚਾਹੇ ਉਹ ਅਥਲੀਟ ਹੋਵੇ ਜਾਂ ਕੋਈ ਹੋਰ। ਕਰੋਨਾਵਾਇਰਸ ਤੋਂ ਇਹਤਿਆਤ ਵਜੋਂ ਇਸ ਸਮੇਂ ਸ਼ਤਰੰਜ ਦੇ ਖਿਡਾਰੀ ਵਿਸ਼ਵਨਾਥਨ ਆਨੰਦ ਨੇ ਖ਼ੁਦ ਨੂੰ ਜਰਮਨੀ ’ਚ ਵੱਖਰਾ ਰੱਖਿਆ ਹੋਇਆ ਹੈ। ਪਹਿਲਵਾਨ ਵਿਨੇਸ਼ ਫੋਗਾਟ ਅਤੇ ਜੈਵਲਿਨ ਥਰੋਅਰ ਨੀਰਜ ਚੋਪੜਾ ਤੋਂ ਇਲਾਵਾ ਹੋਰ ਖਿਡਾਰੀਆਂ ਨੂੰ ਵੀ ਯੂਰਪ ਵਿੱਚ ਆਪਣੀ ਟਰੇਨਿੰਗ ਵਿਚਾਲੇ ਰੋਕਣੀ ਪਈ ਹੈ। ਉਨ੍ਹਾਂ ਸਾਰਿਆਂ ਨੂੰ ਪਰਤਣ ਮਗਰੋਂ ਵੱਖਰਾ ਰੱਖਿਆ ਜਾਵੇਗਾ।
ਖੇਡ ਮੰਤਰੀ ਨੇ ਕਿਹਾ ਕਿ ਜੋ ਉਲੰਪਿਕ ਲਈ ਕੁਆਲੀਫਾਈ ਕਰ ਚੁੱਕੇ ਹਨ ਅਤੇ ਜੋ ਕੁਆਲੀਫਾਈ ਕਰਨ ਦੇ ਨੇੜੇ ਹਨ ਸਿਰਫ ਉਨ੍ਹਾਂ ਨੂੰ ਹੀ ਰਾਸ਼ਟਰੀ ਕੈਂਪਾਂ ’ਚ ਸਿਖਲਾਈ ਦੀ ਇਜ਼ਾਜਤ ਦਿੱਤੀ ਗਈ ਹੈ। ਇਸ ਦੌਰਾਨ ਉਨ੍ਹਾਂ ਨੇ 15 ਅਪਰੈਲ ਤੱਕ ਮੁਅੱਤਲ ਹੋਏ ਆਈਪੀਐੱਲ ਤੋਂ ਇਲਾਵਾ ਟੋਕੀਓ ਓਲੰਪਿਕ ਖੇਡਾਂ ਸਬੰਧੀ ਸੰਭਾਵਨਾ ਬਾਰੇ ਕੁਝ ਵੀ ਕਹਿਣ ਤੋਂ ਟਾਲਾ ਵੱਟ ਲਿਆ। ਉਨ੍ਹਾਂ ਕਿਹਾ ਕਿ ਅਗਲੇ ਤਿੰਨ ਮਹੀਨਿਆਂ ਦੀ ਸਥਿਤੀ ਬਾਰੇ ਕੋਈ ਵੀ ਕੁਝ ਨਹੀਂ ਕਹਿ ਸਕਦਾ ਹੈ।