ਵਿਜੈ ਦਿਵਸ: ਭਾਰਤ-ਬੰਗਲਾਦੇਸ਼ ਜੰਗ ਦੇ ਨਾਇਕ ਢਾਕਾ ਤੇ ਕੋਲਕਾਤਾ ਪੁੱਜੇ

ਵਿਜੈ ਦਿਵਸ: ਭਾਰਤ-ਬੰਗਲਾਦੇਸ਼ ਜੰਗ ਦੇ ਨਾਇਕ ਢਾਕਾ ਤੇ ਕੋਲਕਾਤਾ ਪੁੱਜੇ

1971 ਦੀ ਬੰਗਲਾਦੇਸ਼ ਦੀ ਆਜ਼ਾਦੀ ਦੀ ਜੰਗ ਦੇ ਸ਼ਹੀਦਾਂ ਨੂੰ ਕੀਤਾ ਯਾਦ

ਢਾਕਾ,(ਇੰਡੋ ਕਨੇਡੀਅਨ ਟਾਇਮਜ਼)- ਭਾਰਤ ਤੇ ਬੰਗਲਾਦੇਸ਼ ’ਚ ਵਿਜੈ ਦਿਵਸ ਸਮਾਗਮਾਂ ’ਚ ਹਿੱਸਾ ਲੈਣ ਲਈ 1971 ਦੀ ਜੰਗ ਦਾ ਹਿੱਸਾ ਰਹਿ ਚੁੱਕੇ ਅੱਠ ਭਾਰਤੀ ਸੈਨਿਕ ਢਾਕਾ ਪੁੱਜੇ, ਜਦਕਿ ਉੱਥੋਂ ਦੀ ਸੈਨਾ ਦੇ ਅੱਠ ਅਧਿਕਾਰੀ ਕੋਲਕਾਤਾ ਪੁੱਜੇ ਅਤੇ ਇਸ ਜੰਗ ਦੇ ਸ਼ਹੀਦਾਂ ਨੂੰ ਯਾਦ ਕੀਤਾ। ਵਿਜੈ ਦਿਵਸ ਪਾਕਿਸਤਾਨੀ ਸੈਨਾ ਵੱਲੋਂ ਭਾਰਤੀ ਸੈਨਾ ਸਾਹਮਣੇ ਆਤਮ ਸਮਰਪਣ ਕੀਤੇ ਜਾਣ ਦੀ ਯਾਦ ’ਚ ਮਨਾਇਆ ਜਾਂਦਾ ਹੈ। ਭਾਰਤ ਦੀ ਇਤਿਹਾਸਕ ਜਿੱਤ ਕਾਰਨ ਬੰਗਲਾਦੇਸ਼ ਨੂੰ ਆਜ਼ਾਦੀ ਮਿਲੀ ਸੀ।

ਬੰਗਲਾਦੇਸ਼ ਦੇ ਅਧਿਕਾਰੀਆਂ ਤੇ ਢਾਕਾ ’ਚ ਭਾਰਤੀ ਹਾਈ ਕਮਿਸ਼ਨ ਨੇ ਦੱਸਿਆ ਕਿ ਦੋਵਾਂ ਧਿਰਾਂ ਦੇ ਦੋ-ਦੋ ਸੇਵਾਮੁਕਤ ਅਧਿਕਾਰੀ ਵਫ਼ਦ ’ਚ ਸ਼ਾਮਲ ਹਨ ਜੋ ਢਾਕਾ ਦੇ ਕੋਲਕਾਤਾ ’ਚ ਹੋਣ ਵਾਲੇ ਸਮਾਗਮਾਂ ’ਚ ਹਿੱਸਾ ਲੈਣਗੇ। ਉਹ ਬੀਤੇ ਦਿਨ ਕੋਲਕਾਤਾ ਤੇ ਢਾਕਾ ’ਚ ਪਹੁੰਚ ਗਏ। ਬੰਗਲਾਦੇਸ਼ ਦੇ ਵਫ਼ਦ ’ਚ ‘ਮੁਕਤੀ ਯੋਧਾ’ ਸ਼ਾਮਲ ਸਨ ਜੋ ਪੂਰਬੀ ਪਾਕਿਸਤਾਨ ’ਚ ਉਸ ਗੂਰੀਲਾ ਸਮੂਹ ਦਾ ਹਿੱਸਾ ਸਨ ਜਿਨ੍ਹਾਂ ਨੇ ਉੱਥੇ ਪਾਕਿਸਤਾਨੀ ਸ਼ਾਸਨ ਦਾ ਵਿਰੋਧ ਕੀਤਾ ਸੀ। ਵਿਜੈ ਦਿਵਸ ਸਮਾਗਮ ਤੇ ਦੋਵਾਂ ਦੇਸ਼ਾਂ ਦੇ ਵਫ਼ਦਾਂ ਦੀਆਂ ਇਹ ਯਾਤਰਾਵਾਂ ਭਾਰਤ-ਬੰਗਲਾਦੇਸ਼ ਵਿਚਾਲੇ ਜਾਰੀ ਤਣਾਅ ਵਿਚਾਲੇ ਹੋ ਰਹੀਆਂ ਹਨ। ਸਿਆਸੀ ਮਾਹਿਰਾਂ ਨੇ ਕਿਹਾ ਕਿ ਸਾਬਕਾ ਫੌਜੀਆਂ ਦੀਆਂ ਇਹ ਯਾਤਰਾਵਾਂ 1971 ਦੀ ਦੋਸਤੀ ਨੂੰ ਯਾਦ ਕਰਨਾ ਹੈ।

ਹਸੀਨਾ ਦੇ ਸੱਤਾ ’ਚੋਂ ਬਾਹਰ ਹੋਣ ਕਾਰਨ ਇਹ ਵਿਜੈ ਦਿਵਸ ਹੋਰ ਅਹਿਮ: ਯੂਨੁਸ
ਢਾਕਾ: ਬੰਗਲਾਦੇਸ਼ ਦੇ ਮੁੱਖ ਸਲਾਹਕਾਰ ਮੁਹੰਮਦ ਯੂਨੁਸ ਨੇ ਦੇਸ਼ ਨੂੰ 1971 ’ਚ ਮਿਲੀ ਆਜ਼ਾਦੀ ਦੇ 54 ਸਾਲ ਪੂਰੇ ਹੋਣ ਮੌਕੇ ਕਿਹਾ ਕਿ ਇਹ ਵਿਜੈ ਦਿਵਸ ਹੋਰ ਜ਼ਿਆਦਾ ਅਹਿਮ ਹੈ ਕਿਉਂਕਿ ਇਸ ਸਾਲ ‘ਦੁਨੀਆ ਦੀ ਸਭ ਤੋਂ ਖਰਾਬ ਤਾਨਾਸ਼ਾਹ ਸਰਕਾਰ’ ਸੱਤਾ ਤੋਂ ਬਾਹਰ ਹੋ ਗਈ ਹੈ। ਉਨ੍ਹਾਂ ਆਪਣੇ ਭਾਸ਼ਣ ’ਚ ਬੰਗਲਾਦੇਸ਼ ਦੇ ਬਾਨੀ ਬੰਗਬੰਧੂ ਸ਼ੇਖ ਮੁਜੀਬ-ਉਰ-ਰਹਿਮਾਨ ਦਾ ਜ਼ਿਕਰ ਨਹੀਂ ਕੀਤਾ। ਯੂਨੁਸ ਤੇ ਬੰਗਲਾਦੇਸ਼ ਦੇ ਰਾਸ਼ਟਰਪਤੀ ਮੁਹੰਮਦ ਸ਼ਹਾਬੂੱਦੀਨ ਨੇ ਆਜ਼ਾਦੀ ਸੰਘਰਸ਼ ’ਚ ਸ਼ਹੀਦ ਹੋਏ ਜਵਾਨਾਂ ਨੂੰ ਸ਼ਰਧਾਂਜਲੀ ਭੇਟ ਕੀਤੀ। ਉਨ੍ਹਾਂ ਕਿਹਾ, ‘ਮੈਂ ਉਨ੍ਹਾਂ ਲੱਖਾਂ ਸ਼ਹੀਦਾਂ ਨੂੰ ਯਾਦ ਕਰਦਾ ਹਾਂ ਜਿਨ੍ਹਾਂ ’ਚ ਅਣਗਿਣਤ ਬੱਚੇ, ਅੱਲ੍ਹੜ, ਨੌਜਵਾਨ ਤੇ ਬਜ਼ੁਰਗ ਸ਼ਾਮਲ ਹਨ ਜਿਨ੍ਹਾਂ ਦੀ ਕੁਰਬਾਨੀ ਕਾਰਨ ਸਾਨੂੰ ਆਜ਼ਾਦੀ ਮਿਲੀ।’

sant sagar