ਕੌਮਾਂਤਰੀ ਅਪਰਾਧ ਅਦਾਲਤ ਵੱਲੋਂ ਇਜ਼ਰਾਈਲ ਤੇ ਹਮਾਸ ਦੇ ਆਗੂ ਜੰਗੀ ਜੁਰਮਾਂ ਦੇ ਮੁਲਜ਼ਮ ਕਰਾਰ

ਕੌਮਾਂਤਰੀ ਅਪਰਾਧ ਅਦਾਲਤ ਵੱਲੋਂ ਇਜ਼ਰਾਈਲ ਤੇ ਹਮਾਸ ਦੇ ਆਗੂ ਜੰਗੀ ਜੁਰਮਾਂ ਦੇ ਮੁਲਜ਼ਮ ਕਰਾਰ

ਯੇਰੂਸ਼ਲਮ, (ਇੰਡੋ ਕਨੇਡੀਅਨ ਟਾਇਮਜ਼)-ਕੌਮਾਂਤਰੀ ਅਪਰਾਧਕ ਅਦਾਲਤ (ਆਈਸੀਸੀ) ਦੇ ਇੱਕ ਉੱਚ ਵਕੀਲ ਨੇ ਇਜ਼ਰਾਈਲ ਅਤੇ ਹਮਾਸ ਦੇ ਮੁਖੀਆਂ ’ਤੇ ਜੰਗੀ ਅਪਰਾਧਾਂ ਦੇ ਦੋਸ਼ ਲਾਉਂਦਿਆਂ ਉਨ੍ਹਾਂ ਨੂੰ ਮਨੁੱਖਤਾ ਖ਼ਿਲਾਫ਼ ਸੰਗੀਨ ਜੁਰਮ ਕਰਨ ਵਾਲੇ ਆਲਮੀ ਨੇਤਾਵਾਂ ਦੀ ਸੂਚੀ ’ਚ ਪਾ ਦਿੱਤਾ ਹੈ। ਮੁੱਖ ਵਕੀਲ ਕਰੀਮ ਖ਼ਾਨ ਨੇ ਇਜ਼ਰਾਈਲ ਦੇ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਸਣੇ ਇਜ਼ਰਾਈਲ ਦੇ ਦੋ ਨੇਤਾਵਾਂ ਤੇ ਹਮਾਸ ਦੇ ਤਿੰਨ ਆਗੂਆਂ ਖ਼ਿਲਾਫ਼ ਸੋਮਵਾਰ ਦੁਪਹਿਰ ਨੂੰ ਗ੍ਰਿਫ਼ਤਾਰੀ ਵਾਰੰਟਾਂ ਦਾ ਐਲਾਨ ਕੀਤਾ। ਵਕੀਲ ਨੇ ਹਮਾਸ ਵੱਲੋਂ 7 ਅਕਤੂਬਰ ਨੂੰ ਕੀਤੇ ਗਏ ਹਮਲੇ ’ਤੇ ਧਿਆਨ ਦਿਵਾਇਆ, ਜਿਸ ਵਿੱਚ ਕੱਟੜਪੰਥੀਆਂ ਨੇ ਦੱਖਣੀ ਇਜ਼ਰਾਈਲ ’ਤੇ ਹਮਲਾ ਕਰਕੇ ਲਗਪਗ 1200 ਲੋਕਾਂ ਨੂੰ ਹਲਾਕ ਕਰ ਦਿੱਤਾ ਸੀ ਤੇ ਕਰੀਬ 250 ਲੋਕਾਂ ਨੂੰ ਬੰਦੀ ਬਣਾ ਲਿਆ ਸੀ। ਇਸ ਦੇ ਜਵਾਬ ’ਚ ਇਜ਼ਰਾਈਲ ਵੱਲੋਂ ਗਾਜ਼ਾ ’ਚ ਕੀਤੇ ਹਮਲੇ ’ਚ ਲਗਪਗ 35,000 ਫ਼ਲਸਤੀਨੀ ਮਾਰੇ ਗਏ ਹਨ।
                           ਇਸੇ ਦੌਰਾਨ ਨੇਤਨਯਾਹੂ ਨੇ ਸੋਮਵਾਰ ਨੂੰ ਫ਼ੈਸਲੇ ਨਿਖੇਧੀ ਕਰਦਿਆਂ ਇਸ ਨੂੰ ‘‘ਅਸਲੀਅਤ ਤੋਂ ਕੋਹਾਂ ਦੂਰ’’ ਕਰਾਰ ਦਿੱਤਾ ਹੈ। ਉਨ੍ਹਾਂ ਕਿਹਾ, ‘‘ਮੈਂ, ਹੇਗ ਦੇ ਵਕੀਲ ਵੱਲੋਂ ਜਮਹੂਰੀ ਮੁਲਕ ਇਜ਼ਰਾਈਲ ਅਤੇ ਹਮਾਸ ਦੇ ਹਤਿਆਰਿਆਂ ਵਿਚਾਲੇ ਕੀਤੀ ਗਈ ਤੁਲਨਾ ਨੂੰ ਨਾ ਨਾਮਨਜ਼ੂਰ ਕਰਦਾ ਹਾਂ।’’ ਦੂਜੇ ਪਾਸੇ ਹਮਾਸ ਨੇ ਇੱਕ ਬਿਆਨ ’ਚ ਦੋਸ਼ ਲਾਇਆ ਕਿ ਵਕੀਲ ‘‘ਪੀੜਤ ਦੀ ਤੁਲਨਾ ਜੱਲਾਦ ਨਾਲ ਕਰਨ ਦੀ ਕੋਸ਼ਿਸ਼ ਕਰ ਰਹੇ ਹਨ।’’ ਬਿਆਨ ਮੁਤਾਬਕ ਹਮਾਸ ਕੋਲ ਇਜ਼ਰਾਇਲੀ ਕਬਜ਼ੇ ਦਾ ਵਿਰੋਧ ਕਰਨ ਦਾ ਅਧਿਕਾਰ ਹੈ। 

ad