ਅਸਦ ਹਕੂਮਤ ਦਾ ਖਾਤਮਾ ਸੀਰੀਆ ਦੇ ਲੋਕਾਂ ਲਈ ਇਤਿਹਾਸਕ ਮੌਕਾ: ਬਾਇਡਨ

ਸੀਰੀਆ ’ਚ 50 ਸਾਲਾਂ ਤੱਕ ਬੇਕਸੂਰ ਲੋਕਾਂ ’ਤੇ ਜ਼ੁਲਮ ਹੋਣ ਦਾ ਕੀਤਾ ਦਾਅਵਾ
ਵਾਸ਼ਿੰਗਟਨ,(ਇੰਡੋ ਕਨੇਡੀਅਨ ਟਾਇਮਜ਼)- ਅਹੁਦਾ ਛੱਡ ਰਹੇ ਅਮਰੀਕੀ ਰਾਸ਼ਟਰਪਤੀ ਜੋਅ ਬਾਇਡਨ ਨੇ ਅੱਜ ਕਿਹਾ ਕਿ ਸੀਰੀਆ ਦੇ ਅਹੁਦੇ ਤੋਂ ਹਟਾਏ ਰਾਸ਼ਟਰਪਤੀ ਬਸ਼ਰ ਅਲ-ਅਸਦ ਦੇ ਸ਼ਾਸਨ ਦਾ ਖਾਤਮਾ ਦੇਸ਼ ਦੇ ਲੋਕਾਂ ਲਈ ਇਤਿਹਾਸਕ ਮੌਕਾ ਹੈ ਕਿਉਂਕਿ ਅਸਦ ਦੇ ਸ਼ਾਸਨ ਨੇ ਬੀਤੇ 50 ਸਾਲਾਂ ’ਚ ਹਜ਼ਾਰਾਂ ਬੇਕਸੂਰ ਸੀਰਿਆਈ ਲੋਕਾਂ ’ਤੇ ਜ਼ੁਲਮ ਕੀਤੇ ਤੇ ਉਨ੍ਹਾਂ ਦੀ ਜਾਨ ਲਈ। ਕਈ ਸਾਲਾਂ ਦੀ ਹਿੰਸਕ ਖਾਨਾਜੰਗੀ ਤੇ ਬਸ਼ਰ ਅਲ-ਅਸਦ ਤੇ ਉਨ੍ਹਾਂ ਦੇ ਪਰਿਵਾਰ ਦੇ ਦਹਾਕਿਆਂ ਦੀ ਲੀਡਰਸ਼ਿਪ ਮਗਰੋਂ ਬਾਗੀ ਸਮੂਹਾਂ ਨੇ ਦੇਸ਼ ’ਤੇ ਕਬਜ਼ਾ ਕਰ ਲਿਆ, ਜਿਸ ਤੋਂ ਕੁਝ ਘੰਟਿਆਂ ਬਾਅਦ ਬਾਇਡਨ ਨੇ ਵ੍ਹਾਈਟ ਹਾਊਸ ’ਚ ਇਹ ਗੱਲ ਕਹੀ।
ਬਾਇਡਨ ਨੇ ਕਿਹਾ, ‘ਸੀਰੀਆ ’ਚ 13 ਸਾਲਾਂ ਦੀ ਖਾਨਾਜੰਗੀ ਅਤੇ ਬਸ਼ਰ ਅਸਦ ਤੇ ਉਨ੍ਹਾਂ ਦੇ ਪਿਤਾ ਦੇ ਕਰੀਬ ਅੱਧੀ ਸਦੀ ਤੋਂ ਵੱਧ ਸਮੇਂ ਤੱਕ ਜ਼ਾਲਮ ਤਾਨਾਸ਼ਾਹੀ ਭਰੇ ਸ਼ਾਸਨ ਮਗਰੋਂ ਬਾਗੀ ਤਾਕਤਾਂ ਨੇ ਅਸਦ ਨੂੰ ਆਪਣੇ ਅਹੁਦੇ ਤੋਂ ਅਸਤੀਫਾ ਦੇਣ ਤੇ ਦੇਸ਼ ’ਚੋਂ ਭੱਜਣ ਲਈ ਮਜਬੂਰ ਕਰ ਦਿੱਤਾ। ਸਾਨੂੰ ਨਹੀਂ ਪਤਾ ਕਿ ਉਹ ਕਿੱਥੇ ਹੈ ਪਰ ਅਜਿਹੀਆਂ ਖ਼ਬਰਾਂ ਹਨ ਕਿ ਉਹ ਰੂਸ ਦੀ ਰਾਜਧਾਨੀ ਮਾਸਕੋ ’ਚ ਹੈ। ਅਖੀਰ ਅਸਦ ਦੇ ਸ਼ਾਸਨ ਦਾ ਖਾਤਮਾ ਹੋ ਗਿਆ।’ ਉਨ੍ਹਾਂ ਕਿਹਾ, ‘ਇਸ ਸ਼ਾਸਨ ਨੇ ਸੈਂਕੜੇ-ਹਜ਼ਾਰਾਂ ਬੇਕਸੂਰ ਸੀਰਿਆਈ ਲੋਕਾਂ ’ਤੇ ਜ਼ੁਲਮ ਕੀਤੇ ਅਤੇ ਉਨ੍ਹਾਂ ਦੀ ਜਾਨ ਲਈ। ਇਸ ਸ਼ਾਸਨ ਦਾ ਖਾਤਮਾ ਨਿਆਂ ਦਾ ਇੱਕ ਮੌਲਿਕ ਕੰਮ ਹੈ। ਇਹ ਸੀਰੀਆ ਦੇ ਲੰਮੇ ਸਮੇਂ ਤੋਂ ਪੀੜਤ ਲੋਕਾਂ ਲਈ ਆਪਣੇ ਮੁਲਕ ਦਾ ਬਿਹਤਰ ਭਵਿੱਖ ਬਣਾਉਣ ਦਾ ਮੌਕਾ ਹੈ।’
ਅਮਰੀਕੀ ਵਿਦੇਸ਼ ਮੰਤਰੀ ਟੋਨੀ ਬਲਿੰਕਨ ਨੇ ਕਿਹਾ ਕਿ ਅਮਰੀਕਾ, ਸੀਰੀਆ ’ਚ ਹਾਲਾਤ ’ਤੇ ਨੇੜਿਓਂ ਨਜ਼ਰ ਰੱਖ ਰਿਹਾ ਹੈ। ਜ਼ਿਕਰਯੋਗ ਹੈ ਕਿ ਬੀਤੇ ਦਿਨ ਅਮਰੀਕਾ ਦੇ ਅਗਲੇ ਰਾਸ਼ਟਰਪਤੀ ਡੋਨਲਡ ਟਰੰਪ ਨੇ ਕਿਹਾ ਸੀ ਕਿ ਸੀਰੀਆ ’ਚ ਵਾਪਰੇ ਘਟਨਾਕ੍ਰਮ ਪਿੱਛੇ ਅਮਰੀਕਾ ਦਾ ਕੋਈ ਹੱਥ ਨਹੀਂ ਹੈ।
ਰੂਸ ਨੇ ਅਸਦ ਨੂੰ ਸਿਆਸੀ ਪਨਾਹ ਦਿੱਤੀ
ਮਾਸਕੋ: ਰੂਸੀ ਰਾਸ਼ਟਰਪਤੀ ਦੇ ਦਫ਼ਤਰ ਨੇ ਅੱਜ ਕਿਹਾ ਕਿ ਰੂਸ ਨੇ ਸੀਰੀਆ ਦੇ ਸਾਬਕਾ ਰਾਸ਼ਟਰਪਤੀ ਬਸ਼ਰ ਅਸਦ ਨੂੰ ਸਿਆਸੀ ਪਨਾਹ ਦਿੱਤੀ ਹੈ। ਕ੍ਰੈਮਲਿਨ ਦੇ ਬੁਲਾਰੇ ਦਮਿੱਤਰੀ ਪੈਸਕੋਵ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੂਤਿਨ ਨੇ ਅਸਦ ਨੂੰ ਸ਼ਰਨ ਦੇਣ ਦਾ ਫ਼ੈਸਲਾ ਨਿੱਜੀ ਤੌਰ ’ਤੇ ਲਿਆ ਹੈ। ਹਾਲਾਂਕਿ ਪੈਸਕੋਵ ਨੇ ਇਸ ਬਾਰੇ ਨਹੀਂ ਦੱਸਿਆ ਕਿ ਅਸਦ ਕਿੱਥੇ ਠਹਿਰੇ ਹੋਏ ਸਨ। ਉਨ੍ਹਾਂ ਕਿਹਾ ਕਿ ਪੂਤਿਨ ਦੀ ਅਸਦ ਨਾਲ ਮਿਲਣ ਦੀ ਯੋਜਨਾ ਨਹੀਂ ਹੈ।