ਲੋਕਾਂ ਨੂੰ ਗਾਇਬ ਕਰਨ ਪਿੱਛੇ ਸ਼ੇਖ਼ ਹਸੀਨਾ ਦਾ ਹੱਥ

ਢਾਕਾ,(ਇੰਡੋ ਕਨੇਡੀਅਨ ਟਾਇਮਜ਼)- ਬੰਗਲਾਦੇਸ਼ ਦੀ ਅੰਤਰਿਮ ਸਰਕਾਰ ਵੱਲੋਂ ਬਣਾਏ ਗਏ ਜਾਂਚ ਕਮਿਸ਼ਨ ਨੇ ਕਿਹਾ ਹੈ ਕਿ ਲੋਕਾਂ ਨੂੰ ਕਥਿਤ ਤੌਰ ’ਤੇ ਗਾਇਬ ਕੀਤੇ ਜਾਣ ਸਬੰਧੀ ਘਟਨਾਵਾਂ ’ਚ ਉਸ ਨੂੰ ਅਹੁਦੇ ਤੋਂ ਲਾਂਭੇ ਕੀਤੀ ਗਈ ਪ੍ਰਧਾਨ ਮੰਤਰੀ ਸ਼ੇਖ਼ ਹਸੀਨਾ ਅਤੇ ਤਤਕਾਲੀ ਸਰਕਾਰ ਦੇ ਸੀਨੀਅਰ ਫੌਜੀ ਤੇ ਪੁਲੀਸ ਅਧਿਕਾਰੀਆਂ ਦੀ ਸ਼ਮੂਲੀਅਤ ਦੇ ਸਬੂਤ ਮਿਲੇ ਹਨ। ਪੰਜ ਮੈਂਬਰੀ ਕਮਿਸ਼ਨ ਨੇ ਮੁੱਖ ਸਲਾਹਕਾਰ ਪ੍ਰੋਫੈਸਰ ਮੁਹੰਮਦ ਯੂਨੁਸ ਨੂੰ ਸ਼ਨਿਚਰਵਾਰ ਨੂੰ ‘ਸੱਚ ਦਾ ਖ਼ੁਲਾਸਾ’ ਸਿਰਲੇਖ ਨਾਲ ਆਪਣੀ ਅੰਤਰਿਮ ਰਿਪੋਰਟ ਸੌਂਪੀ ਜਿਸ ਮਗਰੋਂ ਇਹ ਬਿਆਨ ਜਾਰੀ ਕੀਤਾ ਗਿਆ ਹੈ। ਲੋਕਾਂ ਦੇ ਲਾਪਤਾ ਹੋਣ ਦੀਆਂ ਘਟਨਾਵਾਂ ਦੀ ਜਾਂਚ ਲਈ ਬਣੇ ਕਮਿਸ਼ਨ ਨੇ ਅੰਦਾਜ਼ਾ ਲਾਇਆ ਹੈ ਕਿ ਅਜਿਹੇ ਮਾਮਲਿਆਂ ਦੀ ਗਿਣਤੀ 3,500 ਤੋਂ ਵਧ ਹੈ। ਮੁੱਖ ਸਲਾਹਕਾਰ ਦੇ ਦਫ਼ਤਰ ਦੀ ਪ੍ਰੈੱਸ ਸ਼ਾਖਾ ਨੇ ਸ਼ਨਿਚਰਵਾਰ ਰਾਤ ਇਕ ਬਿਆਨ ’ਚ ਕਿਹਾ, ‘‘ਕਮਿਸ਼ਨ ਨੂੰ ਇਸ ਗੱਲ ਦੇ ਸਬੂਤ ਮਿਲੇ ਹਨ ਕਿ ਸਾਬਕਾ ਪ੍ਰਧਾਨ ਮੰਤਰੀ ਸ਼ੇਖ਼ ਹਸੀਨਾ ਦੇ ਨਿਰਦੇਸ਼ ’ਤੇ ਲੋਕਾਂ ਨੂੰ ਗਾਇਬ ਕੀਤਾ ਗਿਆ।’’ ਇਸ ’ਚ ਕਿਹਾ ਗਿਆ ਕਿ ਸ਼ੇਖ਼ ਹਸੀਨਾ ਦੇ ਰੱਖਿਆ ਸਲਾਹਕਾਰ ਮੇਜਰ ਜਨਰਲ (ਸੇਵਾਮੁਕਤ) ਤਾਰਿਕ ਅਹਿਮਦ ਸਿੱਦੀਕੀ, ਕੌਮੀ ਦੂਰਸੰਚਾਰ ਨਿਗਰਾਨੀ ਕੇਂਦਰ ਦੇ ਸਾਬਕਾ ਡਾਇਰੈਕਟਰ ਅਤੇ ਬਰਖ਼ਾਸਤ ਮੇਜਰ ਜਨਰਲ ਜ਼ਿਆਉਲ ਅਹਿਸਾਨ, ਸੀਨੀਅਰ ਪੁਲੀਸ ਅਧਿਕਾਰੀ ਮੋਨਿਰੁਲ ਇਸਲਾਮ ਅਤੇ ਮੁਹੰਮਦ ਹਾਰੂਨ-ਉਰ-ਰਸ਼ੀਦ ਅਤੇ ਕਈ ਹੋਰ ਅਧਿਕਾਰੀ ਵੀ ਇਨ੍ਹਾਂ ਘਟਨਾਵਾਂ ’ਚ ਸ਼ਾਮਲ ਮਿਲੇ ਹਨ। ਫੌਜ ਅਤੇ ਪੁਲੀਸ ਦੇ ਇਹ ਸਾਰੇ ਸਾਬਕਾ ਅਧਿਕਾਰੀ ਫ਼ਰਾਰ ਹਨ।