ਭਾਰਤ ਤੇ ਪੁਰਤਗਾਲ ਸਹਿਯੋਗ ਮਜ਼ਬੂਤ ਕਰਨ ਲਈ ਸਹਿਮਤ

ਰਾਸ਼ਟਰਪਤੀ ਦਰੋਪਦੀ ਮੁਰਮੂ ਵੱਲੋਂ ਪੁਰਤਗਾਲੀ ਹਮਰੁਤਬਾ ਰੇਬੈਲੋ ਡੀ ਸੌਸਾ ਨਾਲ ਦੁਵੱਲੇ ਸਬੰਧਾਂ ਬਾਰੇ ਚਰਚਾ; ਰਾਸ਼ਟਰਪਤੀ ਮੁਰਮੂ ਦੋ ਰੋਜ਼ਾ ਦੌਰੇ ’ਤੇ ਪੁੱਜੇ ਪੁਰਤਗਾਲ
ਲਿਸਬਨ,(ਇੰਡੋ ਕਨੇਡੀਅਨ ਟਾਇਮਜ਼)- ਭਾਰਤ ਤੇ ਪੁਰਗਤਾਲ ਨੇ ਅੱਜ ਸੰਯੁਕਤ ਰਾਸ਼ਟਰ ਸਮੇਤ ਹੋਰ ਆਲਮੀ ਮੰਚਾਂ ’ਤੇ ਸਹਿਯੋਗ ਮਜ਼ਬੂਤ ਕਰਨ ’ਤੇ ਸਹਿਮਤੀ ਜ਼ਾਹਿਰ ਕੀਤੀ ਹੈ। ਰਾਸ਼ਟਰਪਤੀ ਦਰੋਪਦੀ ਮੁਰਮੂ ਅਤੇ ਪੁਰਤਗਾਲ ਦੇ ਰਾਸ਼ਟਰਪਤੀ ਮਾਰਸੈਲੋ ਰੇਬੈਲੋ ਡੀ ਸੌਸਾ ਵਿਚਾਲੇ ਇੱਥੇ ਹੋਈ ਗੱਲਬਾਤ ਦੌਰਾਨ ਇਹ ਸਹਿਮਤੀ ਬਣੀ। ਪੁਰਤਗਾਲ ਦੀ ਦੋ ਰੋਜ਼ਾ ਅਧਿਕਾਰਤ ਯਾਤਰਾ ’ਤੇ ਆਈ ਰਾਸ਼ਟਰਪਤੀ ਮੁਰਮੂ ਨੇ ਡੀ ਸੌਸਾ ਨਾਲ ਇਕੱਲਿਆਂ ਮੀਟਿੰਗ ਕੀਤੀ ਜਿਸ ਮਗਰੋਂ ਵਫ਼ਦ ਪੱਧਰੀ ਵਾਰਤਾ ਹੋਈ।
ਵਾਰਤਾ ’ਚ ਦੋਵਾਂ ਦੇਸ਼ਾਂ ਦੇ ਹਿੱਤਾਂ ਨਾਲ ਸਬੰਧਤ ਸਾਰੇ ਮਸਲਿਆਂ ’ਤੇ ਚਰਚਾ ਕੀਤੀ ਗਈ। ਪੁਰਤਗਾਲੀ ਰਾਸ਼ਟਰਪਤੀ ਦੀ ਅਧਿਕਾਰਤ ਰਿਹਾਇਸ਼ ‘ਪੈਲੇਸੀਓ ਡੀ ਬੈਲੇਮ’ ’ਚ ਉਨ੍ਹਾਂ ਦੀ ਮੀਟਿੰਗ ਮਗਰੋਂ ਜਾਰੀ ਬਿਆਨ ’ਚ ਕਿਹਾ ਗਿਆ ਕਿ ਦੋਵਾਂ ਆਗੂਆਂ ਨੇ ਦੁਵੱਲੇ ਸਬੰਧਾਂ ਦੇ ਸਾਰੇ ਅਹਿਮ ਪੱਖਾਂ ’ਤੇ ਚਰਚਾ ਕੀਤੀ। ਮੁਰਮੂ ਨੇ ਕਿਹਾ, ‘ਅਸੀਂ ਸਾਂਝੇ ਹਿੱਤਾਂ ਦੇ ਆਲਮੀ ਤੇ ਖੇਤਰੀ ਮੁੱਦਿਆਂ ’ਤੇ ਵੀ ਚਰਚਾ ਕੀਤੀ। ਅਸੀਂ ਦੁਵੱਲੇ ਸਬੰਧਾਂ ਨੂੰ ਹੋਰ ਮਜ਼ਬੂਤ ਕਰਨ ਦਾ ਅਹਿਦ ਲਿਆ ਅਤੇ ਵਿਸ਼ੇਸ਼ ਤੌਰ ’ਤੇ ਵਪਾਰ ਤੇ ਨਿਵੇਸ਼, ਵਿਗਿਆਨ ਤੇ ਤਕਨੀਕ, ਸੂਚਨਾ ਤੇ ਡਿਜੀਟਲ ਤਕਨੀਕ, ਨਵਿਆਉਣਯੋਗ ਊਰਜਾ, ਸੰਪਰਕ ਤੇ ਗਤੀਸ਼ੀਲਤਾ ਦੇ ਖੇਤਰ ’ਚ ਅਤੇ ਲੋਕਾਂ ਵਿਚਾਲੇ ਆਪਸੀ ਸੰਪਰਕ ਨੂੰ ਹੋਰ ਹੁਲਾਰਾ ਦੇਣ ਦਾ ਅਹਿਦ ਲਿਆ।’ ਉਨ੍ਹਾਂ ਕਿਹਾ, ‘ਅਸੀਂ ਸੰਯੁਕਤ ਰਾਸ਼ਟਰ ਤੇ ਹੋਰ ਆਲਮੀ ਮੰਚਾਂ ’ਤੇ ਆਪਸੀ ਤਾਲਮੇਲ ਤੇ ਸਹਿਯੋਗ ਮਜ਼ਬੂਤ ਕਰਨ ’ਤੇ ਸਹਿਮਤੀ ਜ਼ਾਹਿਰ ਕੀਤੀ ਹੈ।’
ਮੁਰਮੂ ਤੇ ਸੌਸਾ ਵੱਲੋਂ ਯਾਦਗਾਰੀ ਟਿਕਟ ਜਾਰੀ
ਰਾਸ਼ਟਰਪਤੀ ਦਰੋਪਦੀ ਮੁਰਮੂ ਤੇ ਪੁਰਤਗਾਲ ਦੇ ਰਾਸ਼ਟਰਪਤੀ ਮਾਰਸੈਲੋ ਰੇਬੈਲੋ ਡੀ ਸੌਸਾ ਨੇ ਦੋਵਾਂ ਮੁਲਕਾਂ ਵਿਚਾਲੇ ਕੂਟਨੀਤਕ ਸਬੰਧਾਂ ਦੀ ਮੁੜ ਸਥਾਪਨਾ ਦੀ 50ਵੀਂ ਵਰ੍ਹੇਗੰਢ ਮੌਕੇ ਅੱਜ ਸਾਂਝੇ ਤੌਰ ’ਤੇ ਵਿਸ਼ੇਸ਼ ਯਾਦਗਾਰੀ ਟਿਕਟ ਦਾ ਇੱਕ ਸੈੱਟ ਜਾਰੀ ਕੀਤਾ। ਇਨ੍ਹਾਂ ਟਿਕਟਾਂ ’ਚ ਦੋਵਾਂ ਮੁਲਕਾਂ ਦੇ ਰਵਾਇਤੀ ਪਹਿਰਾਵੇ ਨੂੰ ਖੂਬਸੂਰਤੀ ਨਾਲ ਦਿਖਾਇਆ ਗਿਆ ਹੈ। ਇੱਕ ਅਧਿਕਾਰੀ ਨੇ ਦੱਸਿਆ ਕਿ ਅਜਿਹੀ ਯਾਦਗਾਰੀ ਟਿਕਟ ਸਾਂਝੇ ਤੌਰ ’ਤੇ ਜਾਰੀ ਕਰਨਾ ਇੱਕ ਅਹਿਮ ਮੌਕਾ ਹੈ ਕਿਉਂਕਿ ਭਾਰਤੀ ਡਾਕ ਨੇ 1991 ਤੋਂ ਹੁਣ ਤੱਕ ਸਿਰਫ਼ 35 ਅਜਿਹੀਆਂ ਟਿਕਟਾਂ ਜਾਰੀ ਕੀਤੀਆਂ ਹਨ।