ਲਾਓਸ ਵਿੱਚ ਸਾਈਬਰ ਘੁਟਾਲਾ ਕੇਂਦਰਾਂ ਤੋਂ 14 ਹੋਰ ਭਾਰਤੀਆਂ ਨੂੰ ਬਚਾਇਆ

ਨੌਕਰੀਆਂ ਦੀਆਂ ਜਾਅਲੀ ਪੇਸ਼ਕਸ਼ਾਂ ਕਾਰਨ ਫਸ ਰਹੇ ਹਨ ਭਾਰਤੀ ਨੌਜਵਾਨ
ਲਾਓਸ,(ਇੰਡੋਂ ਕਨੇਡੀਅਨ ਟਾਇਮਜ਼)- ਲਾਓਸ ਸਥਿਤ ਭਾਰਤੀ ਦੂਤਾਵਾਸ ਨੇ ਬੁੱਧਵਾਰ ਨੂੰ ਦੱਸਿਆ ਕਿ ਉਨ੍ਹਾਂ ਨੇ ਦੱਖਣ-ਪੂਰਬੀ ਏਸ਼ੀਆਈ ਦੇਸ਼ ਦੇ ਬੋਕਿਓ ਸੂਬੇ ਵਿੱਚ ਗੋਲਡਨ ਟ੍ਰਾਈਐਂਗਲ ਸਪੈਸ਼ਲ ਇਕਨਾਮਿਕ ’ਚ ਚੱਲ ਰਹੇ ਸਾਈਬਰ ਘੁਟਾਲਾ ਕੇਂਦਰਾਂ ਤੋਂ 14 ਭਾਰਤੀ ਨੌਜਵਾਨਾਂ ਨੂੰ ਬਚਾਇਆ ਅਤੇ ਉਨ੍ਹਾਂ ਨੂੰ ਵਾਪਸ ਭੇਜਿਆ ਗਿਆ ਹੈ। ਉਨ੍ਹਾਂ ਕਿਹਾ ਕਿ ਸਾਡੇ ਅਧਿਕਾਰੀ ਲਾਓ ਅਧਿਕਾਰੀਆਂ ਨਾਲ ਮਿਲ ਕੇ ਕੰਮ ਕਰ ਰਹੇ ਹਨ ਤਾਂ ਜੋ ਨੌਜਵਾਨਾਂ ਦੀ ਸੁਰੱਖਿਅਤ ਭਾਰਤ ਵਾਪਸੀ ਯਕੀਨੀ ਬਣਾਈ ਜਾ ਸਕੇ।
ਭਾਰਤੀ ਨਾਗਰਿਕਾਂ ਨੂੰ ਨੌਕਰੀਆਂ ਦੇ ਜ਼ਰੀਏ ਰੁਜ਼ਗਾਰ ਦਾ ਲਾਲਚ ਦੇਣ ਦਾ ਖੁਲਾਸਾ ਕਰਦੇ ਹੋਏ ਭਾਰਤੀ ਦੂਤਾਵਾਸ ਨੇ ‘ਐਕਸ’ ’ਤੇ ਲਿਖਿਆ ਕਿ ਹੁਣ ਤੱਕ 548 ਭਾਰਤੀ ਨੌਜਾਵਨਾਂ ਨੂੰ ਬਚਾਇਆ ਜਾ ਚੁੱਕਿਆ ਹੈ। ਦੂਤਾਵਾਸ ਲਾਓਸ ਆਉਣ ਵਾਲੇ ਭਾਰਤੀ ਕਾਮਿਆਂ ਨੂੰ ਜਾਅਲੀ ਜਾਂ ਗੈਰ-ਕਾਨੂੰਨੀ ਨੌਕਰੀਆਂ ਦੀਆਂ ਪੇਸ਼ਕਸ਼ਾਂ ਸੰਬਧੀ ਧੋਖੇ ਬਾਰੇ ਵਾਰ-ਵਾਰ ਚੇਤਾਵਨੀਆਂ ਅਤੇ ਸਲਾਹਾਂ ਜਾਰੀ ਕਰਦਾ ਆ ਰਿਹਾ ਹੈ।