ਲਾਊਡ ਸਪੀਕਰਾਂ ਦੇ ਕੰਨ ਪਾੜਵੇਂ ਸ਼ੋਰ 'ਚ ਗੁਆਚੀ ਆਮ ਆਦਮੀ ਦੀ ਆਵਾਜ਼

ਲਾਊਡ ਸਪੀਕਰਾਂ ਦੇ ਕੰਨ ਪਾੜਵੇਂ ਸ਼ੋਰ 'ਚ ਗੁਆਚੀ ਆਮ ਆਦਮੀ ਦੀ ਆਵਾਜ਼

ਜਲੰਧਰ, - ਲਾਊਡ ਸਪੀਕਰਾਂ ਦੇ ਕੰਨ ਪਾੜਵੇਂ ਸ਼ੋਰ 'ਚ ਆਮ ਆਦਮੀ ਦੀ ਆਵਾਜ਼ ਕਿਧਰੇ ਗੁਆਚ ਕੇ ਰਹਿ ਗਈ ਹੈ, ਖਾਸ ਕਰਕੇ ਸਵੇਰੇ ਅਤੇ ਸ਼ਾਮ ਨੂੰ ਧਾਰਮਿਕ ਅਸਥਾਨਾਂ ਤੋਂ ਉੱਚੀ ਆਵਾਜ਼ ਵਿਚ ਵੱਜਦੇ ਸਪੀਕਰ ਇਨਸਾਨ ਨੂੰ ਰੂਹਾਨੀਅਤ ਸਕੂਨ ਦੇਣ ਦੀ ਬਜਾਏ ਸਿਰਦਰਦੀ ਦਾ ਕਾਰਨ ਬਣਦੇ ਜਾ ਰਹੇ ਹਨ | ਹੁਣ ਜਦ ਵਿਦਿਆਰਥੀਆਂ ਦੀਆਂ ਸਾਲਾਨਾ ਪ੍ਰੀਖਿਆਵਾਂ ਸ਼ੁਰੂ ਹੋਣ ਜਾ ਰਹੀਆਂ ਹਨ ਤੇ ਅਜਿਹੇ 'ਚ ਉੱਚੀ-ਉੱਚੀ ਵਜਦੇ ਸਪੀਕਰਾਂ ਨਾਲ ਵਿਦਿਆਰਥੀਆਂ ਦੀ ਪੜ੍ਹਾਈ ਵੀ ਪ੍ਰਭਾਵਿਤ ਹੋ ਰਹੀ ਹੈ | ਇਹ ਮਾਮਲਾ ਸਿੱਧੇ ਤੌਰ 'ਤੇ ਧਾਰਮਿਕ ਭਾਵਨਾਵਾਂ ਨਾਲ ਜੁੜਿਆ ਹੋਣ ਕਾਰਨ ਬੇਸ਼ੱਕ ਕੋਈ ਵੀ ਵਿਅਕਤੀ ਇਸ ਮਾਮਲੇ 'ਤੇ ਖੁੱਲ੍ਹ ਕੇ ਨਹੀਂ ਬੋਲਦਾ ਪਰ ਹਰ ਕੋਈ ਉੱਚੀ ਆਵਾਜ਼ 'ਚ ਵੱਜਦੇ ਸਪੀਕਰਾਂ ਤੋਂ ਦੁਖੀ ਹੈ | ਹਾਲਾਂਕਿ ਇਹ ਸ਼ੋਰ ਪ੍ਰਦੂਸ਼ਣ ਕੇਵਲ ਧਾਰਮਿਕ ਅਸਥਾਨਾਂ 'ਚ ਵੱਜਦੇ ਸਪੀਕਰਾਂ ਕਾਰਨ ਹੀ ਨਹੀਂ ਪੈਦਾ ਹੋ ਰਿਹਾ ਬਲਕਿ ਗੱਡੀਆਂ-ਮੋਟਰਾਂ ਦੇ ਹਾਰਨਾਂ ਤੇ ਖਾਸ ਕਰਕੇ ਪ੍ਰੈਸ਼ਰ ਹਾਰਨਾਂ ਅਤੇ ਵਿਆਹਾਂ ਸ਼ਾਦੀਆਂ 'ਚ ਵੱਜਣ ਵਾਲੇ ਡੀ. ਜੇ. ਵੀ ਇਸ ਦਾ ਵੱਡਾ ਕਾਰਨ ਹਨ ਪਰ ਸਵੇਰੇ-ਸ਼ਾਮ ਬੱਚਿਆਂ ਦੀ ਪੜ੍ਹਾਈ ਵੇਲੇ ਧਾਰਮਿਕ ਅਸਥਾਨਾਂ ਤੋਂ ਆਉਂਦੀ ਉੱਚੀ ਆਵਾਜ਼ ਬੱਚਿਆਂ ਦਾ ਧਿਆਨ ਭਟਕਾਉਂਦੀ ਹੈ | ਹਾਲਾਂਕਿ ਧਾਰਮਿਕ ਅਸਥਾਨਾਂ 'ਤੇ ਵੱਜਣ ਵਾਲੇ ਸਪੀਕਰਾਂ ਦੀ ਆਵਾਜ਼ ਸਬੰਧੀ ਪ੍ਰਸ਼ਾਸਨ ਵਲੋਂ ਜਿੱਥੇ ਖਾਸ ਮਾਪਦੰਡ ਤੈਅ ਕੀਤੇ ਗਏ ਹਨ ਤੇ ਸਪੀਕਰਾਂ ਦੀ ਆਵਾਜ਼ ਧਾਰਮਿਕ ਅਸਥਾਨਾਂ ਤੋਂ ਬਾਹਰ ਨਹੀਂ ਜਾਣੀ ਚਾਹੀਦੀ ਉੱਥੇ ਹੋਰ ਹਰ ਤਰ੍ਹਾਂ ਦੇ ਸ਼ੋਰ ਪ੍ਰਦੂਸ਼ਣ ਖਿਲਾਫ ਸਖਤ ਕਾਨੂੰਨ ਬਣਿਆ ਹੋਇਆ ਹੈ ਤੇ ਵਾਹਨਾਂ 'ਤੇ ਪ੍ਰੈਸ਼ਰ ਹਾਰਨ ਲਗਾਉਣ ਦੀ ਸਖਤ ਮਨਾਹੀ ਹੈ ਪਰ ਇਸ ਦੇ ਬਾਵਜੂਦ ਸ਼ੋਰ ਪ੍ਰਦੂਸ਼ਣ ਨੂੰ ਰੋਕਣ ਵੱਲ ਪ੍ਰਸ਼ਾਸਨ ਵਲੋਂ ਕਦੇ ਵੀ ਕੋਈ ਗੰਭੀਰਤਾ ਨਹੀਂ ਦਿਖਾਈ ਗਈ | ਇਸ ਮਾਮਲੇ 'ਚ ਜ਼ਿਲ੍ਹਾ ਪ੍ਰਸ਼ਾਸ਼ਨ ਕੇਵਲ ਮੀਡੀਆ 'ਚ ਹੀ ਪਾਬੰਦੀ ਦੇ ਹੁਕਮ ਜਾਰੀ ਕਰਕੇ ਸੁਰਖਰੂ ਹੋ ਜਾਂਦਾ ਹੈ ਜਦਕਿ ਅਮਲੀ ਤੌਰ 'ਤੇ ਕਦੇ ਕੋਈ ਕਾਰਵਾਈ ਨਹੀਂ ਕੀਤੀ ਗਈ | ਇਹ ਸ਼ੋਰ ਪ੍ਰਦੂਸ਼ਣ ਸ਼ਹਿਰਾਂ ਤੱਕ ਹੀ ਸੀਮਤ ਨਹੀਂ ਰਿਹਾ ਸਗੋਂ ਪਿੰਡਾਂ 'ਚ ਵੀ ਇਸ ਦਾ ਅਸਰ ਸਾਫ ਦੇਖਿਆ ਜਾ ਸਕਦਾ ਹੈ | ਸਦਰ ਥਾਣੇ ਅਧੀਨ ਆਉਂਦੇ ਪਿੰਡਾਂ 'ਚ ਸਵੇਰੇ ਸ਼ਾਮ ਵੱਜਦੇ ਸਪੀਕਰਾਂ ਨੂੰ ਰੋਕਣ ਲਈ ਪੁਲਿਸ ਨੇ ਕਦੇ ਕੋਈ ਕਾਰਵਾਈ ਨਹੀਂ ਕੀਤੀ | ਲੋਕਾਂ ਦਾ ਕਹਿਣਾ ਹੈ ਕਿ ਘੱਟੋ-ਘੱਟ ਪ੍ਰੀਖਿਆਵਾਂ ਦੇ ਦਿਨਾਂ 'ਚ ਸ਼ੋਰ ਪ੍ਰਦੂਸ਼ਣ ਸਬੰਧੀ ਹੁਕਮਾਂ ਨੂੰ ਸਖਤੀ ਨਾਲ ਲਾਗੂ ਕਰਵਾਇਆ ਜਾਣਾ ਚਾਹੀਦਾ ਹੈ ਤਾਂ ਜੋ ਵਿਦਿਆਰਥੀਆਂ ਮਨ ਲਗਾ ਕੇ ਆਪਣੀ ਪੜ੍ਹਾਈ ਕਰ ਸਕਣ ਤੇ ਉਨ੍ਹਾਂ ਦੀ ਪੜ੍ਹਾਈ 'ਤੇ ਇਸ ਦਾ ਕੋਈ ਅਸਰ ਨਾ ਪਵੇ |

sant sagar