ਲਵਲੀਨਾ ਤੇ ਨਿਕਹਤ ਨੇ ਏਸ਼ਿਆਈ ਖੇਡਾਂ ਲਈ ਕੁਆਲੀਫਾਈ ਕੀਤਾ, ਟ੍ਰਾਇਲ ਦੇ ਆਧਾਰ 'ਤੇ ਨਹੀਂ ਹੋਵੇਗੀ ਟੀਮ ਦੀ ਚੋਣ

ਨਵੀਂ ਦਿੱਲੀ, : ਸਟਾਰ ਮੁੱਕੇਬਾਜ਼ ਨਿਖਤ ਜ਼ਰੀਨ ਤੇ ਲਵਲੀਨਾ ਬੋਰਗੋਹਾਈ ਨੇ ਏਸ਼ਿਆਈ ਖੇਡਾਂ ਲਈ ਕੁਆਲੀਫਾਈ ਕਰ ਲਿਆ ਹੈ, ਜੋ ਕਿ 2024 ਪੈਰਿਸ ਓਲੰਪਿਕ ਖੇਡਾਂ ਲਈ ਵੀ ਪਹਿਲਾ ਕੁਆਲੀਫਾਇਰ ਹੈ। ਭਾਰਤੀ ਮੁੱਕੇਬਾਜ਼ ਟੀਮ ਦੇ ਹਾਈ ਪਰਫੋਰਮੈਂਸ ਡਾਇਰੈਕਟਰ ਬਰਨਾਰਡ ਡੁਨੇ ਨੇ ਸ਼ਨਿਚਰਵਾਰ ਯਾਨੀ 25 ਮਾਰਚ ਨੰ ਇਸ ਦੀ ਪੁਸ਼ਟੀ ਕੀਤੀ।
ਬਾਕਸਿੰਗ ਫੈਡਰੇਸ਼ਨ ਆਫ ਇੰਡੀਆ ਦੀ ਏਸ਼ੀਅਨ ਖੇਡਾਂ ਦੀ ਚੋਣ ਨੀਤੀ ਅਨੁਸਾਰ ਵਿਸ਼ਵ ਚੈਂਪੀਅਨਸ਼ਿਪ ਵਿਚ ਸੋਨ/ਚਾਂਦੀ ਦੇ ਮੈਡਲ ਜਿੱਤਣ ਵਾਲੇ ਖਿਡਾਰੀਆਂ ਨੂੰ ਏਸ਼ੀਅਨ ਖੇਡਾਂ 'ਚ ਪਹਿਲੇ ਓਲੰਪਿਕ ਕੁਆਲੀਫਾਇਰ ਲਈ ਆਪਣੇ ਆਪ ਚੁਣਿਆ ਜਾਵੇਗਾ। ਬਰਨਾਰਡ ਡੁਨੇ ਨੇ ਕਿਹਾ, 'ਜੋ ਲੋਕ ਇੱਥੇ ਵਿਸ਼ਵ ਚੈਂਪੀਅਨਸ਼ਿਪ ਵਿਚ ਸੋਨ ਜਾਂ ਚਾਂਦੀ ਦੇ ਤਗਮੇ ਜਿੱਤਣਗੇ, ਉਹ ਆਪਣੇ ਆਪ ਏਸ਼ੀਅਨ ਖੇਡਾਂ ਲਈ ਚੁਣੇ ਜਾਣਗੇ।'
ਏਸ਼ਿਆਈ ਖੇਡਾਂ ਲਈ ਮਹਿਲਾ ਮੁੱਕੇਬਾਜ਼ ਪੰਜ ਭਾਰ ਵਰਗਾਂ 'ਚ ਹਿੱਸਾ ਲੈਣਗੀਆਂ: 51 ਕਿਲੋ, 57 ਕਿਲੋ, 60 ਕਿਲੋ, 69 ਕਿਲੋ ਅਤੇ 75 ਕਿਲੋਗ੍ਰਾਮ, ਜਦੋਂਕਿ ਓਲੰਪਿਕ 'ਚ ਛੇ ਭਾਰ ਵਰਗ ਹਨ ਜੋ 50 ਕਿਲੋ, 54 ਕਿਲੋ, 57 ਕਿਲੋ, 60 ਕਿਲੋ, 66 ਕਿਲੋ ਅਤੇ 75 ਕਿਲੋ ਹਨ। ਇਸ ਦਾ ਮਤਲਬ ਹੈ ਕਿ ਘੱਟੋ-ਘੱਟ ਭਾਰ ਵਰਗ (48 ਕਿਲੋਗ੍ਰਾਮ) 'ਚ ਮੌਜੂਦਾ ਵਿਸ਼ਵ ਚੈਂਪੀਅਨ ਨੀਤੂ ਘਣਘਸ ਤੇ ਸਵੀਟੀ ਬੂਰਾ (81 ਕਿਲੋਗ੍ਰਾਮ) ਓਲੰਪਿਕ ਭਾਰ ਵਰਗ ਵਿਚ ਜਾਣ ਦਾ ਫੈਸਲਾ ਕਰਨ ਦੀ ਸਥਿਤੀ ਵਿੱਚ ਸਟੈਂਡਬਾਏ ਮੁੱਕੇਬਾਜ਼ ਹੋਣਗੇ।