ਰੂਸ ਤੇ ਅਮਰੀਕਾ ਦੇ ਸਿਖ਼ਰਲੇ ਅਧਿਕਾਰੀਆਂ ਨੇ ਯੂਕਰੇਨ ਜੰਗ ਸਬੰਧੀ ਮੁਲਾਕਾਤ ਕੀਤੀ

ਰਿਆਧ,(ਇੰਡੋ ਕਨੇਡੀਅਨ ਟਾਇਮਜ਼)- ਰੂਸ ਅਤੇ ਅਮਰੀਕਾ ਦੇ ਸਿਖਰਲੇ ਅਧਿਕਾਰੀਆਂ ਨੇ ਅੱਜ ਸਾਊਦੀ ਅਰਬ ਵਿੱਚ ਮੁਲਾਕਾਤ ਕੀਤੀ ਅਤੇ ਯੂਕਰੇਨ ਵਿੱਚ ਜੰਗਬੰਦੀ ਤੇ ਸਬੰਧਾਂ ਨੂੰ ਬਿਹਤਰ ਬਣਾਉਣ ਲਈ ਗੱਲਬਾਤ ਸ਼ੁਰੂ ਕੀਤੀ। ਰਿਆਧ ਦੇ ਦੀਰਿਆਹ ਪੈਲੇਸ ਵਿੱਚ ਹੋਈ ਇਹ ਮੀਟਿੰਗ ਟਰੰਪ ਪ੍ਰਸ਼ਾਸਨ ਵੱਲੋਂ ਰੂਸ ਨੂੰ ਵੱਖ ਕਰਨ ਦੀ ਅਮਰੀਕੀ ਨੀਤੀ ਬਦਲਣ ਦੀ ਦਿਸ਼ਾ ਵਿੱਚ ਇਕ ਹੋਰ ਮਹੱਤਵਪੂਰਨ ਕਦਮ ਹੈ ਅਤੇ ਇਸ ਦਾ ਉਦੇਸ਼ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਤੇ ਰੂਸੀ ਰਾਸ਼ਟਰਪਤੀ ਵਲਾਦੀਮੀਰ ਪੂਤਿਨ ਵਿਚਾਲੇ ਮੀਟਿੰਗ ਦਾ ਰਾਹ ਪੱਧਰਾ ਕਰਨਾ ਹੈ। ਇਸ ਮਹੀਨੇ ਦੇ ਸ਼ੁਰੂ ਵਿੱਚ ਟਰੰਪ ਨੇ ਯੂਕਰੇਨ ਤੇ ਰੂਸ ਪ੍ਰਤੀ ਅਮਰੀਕੀ ਨੀਤੀ ਨੂੰ ਇਹ ਕਹਿ ਕੇ ਬਦਲ ਦਿੱਤਾ ਸੀ ਕਿ ਉਹ ਤੇ ਪੂਤਿਨ ਜੰਗ ਨੂੰ ਖ਼ਤਮ ਕਰਨ ਲਈ ਗੱਲਬਾਤ ਸ਼ੁਰੂ ਕਰਨ ’ਤੇ ਸਹਿਮਤ ਹੋ ਗਏ ਹਨ। ਯੂਕਰੇਨ ਅਧਿਕਾਰੀਆਂ ਨੇ ਮੀਟਿੰਗ ਵਿੱਚ ਹਿੱਸਾ ਨਹੀਂ ਲਿਆ ਤੇ ਯੂਕਰੇਨ ਦੇ ਰਾਸ਼ਟਰਪਤੀ ਵਲਾਦੀਮੀਰ ਜ਼ੈਲੇਂਸਕੀ ਨੇ ਸੋਮਵਾਰ ਨੂੰ ਕਿਹਾ ਸੀ ਕਿ ਜੇਕਰ ਕੀਵ ਮੀਟਿੰਗ ਵਿੱਚ ਹਿੱਸਾ ਨਹੀਂ ਲੈਂਦਾ ਤਾਂ ਉਨ੍ਹਾਂ ਦਾ ਦੇਸ਼ ਫੈਸਲੇ ਨੂੰ ਸਵੀਕਾਰ ਨਹੀਂ ਕਰੇਗਾ। ਰੂਸੀ ਵਿਦੇਸ਼ ਮੰਤਰੀ ਸਰਗੇਈ ਲਾਵਰੋਵ ਅਤੇ ਪੂਤਿਨ ਦੇ ਵਿਦੇਸ਼ ਮਾਮਲਿਆਂ ਦੇ ਸਲਾਹਕਾਰ ਯੂਰੀ ਉਸ਼ਾਕੋਵ ਸੋਮਵਾਰ ਰਾਤ ਨੂੰ ਸਾਊਦੀ ਪੁੱਜੇ। ਉਸ਼ਾਕੋਵ ਨੇ ਕਿਹਾ ਕਿ ਗੱਲਬਾਤ ਪੂਰੀ ਤਰ੍ਹਾਂ ਤੋਂ ਦੁਵੱਲੀ ਹੋਵੇਗੀ ਅਤੇ ਇਸ ਵਿੱਚ ਯੂਕਰੇਨ ਦੇ ਅਧਿਕਾਰੀ ਸ਼ਾਮਲ ਨਹੀਂ ਹੋਣਗੇ। ਇਸ ਦੌਰਾਨ ਯੂਕਰੇਨ ਦੇ ਰਾਸ਼ਟਰਪਤੀ ਵਲੋਦੀਮੀਰ ਜ਼ੈਲੇਂਸਕੀ ਨੇ ਆਪਣਾ ਇਸ ਹਫਤੇ ਦਾ ਸਾਊਦੀ ਅਰਬ ਦਾ ਦੌਰਾ ਮੁਲਤਵੀ ਕਰ ਦਿੱਤਾ ਹੈ।