ਰੂਟ 100ਵੇਂ ਟੈਸਟ ਵਿਚ ਦੋਹਰਾ ਸੈਂਕੜਾ ਲਗਾਉਣ ਵਾਲੇ ਪਹਿਲੇ ਬੱਲੇਬਾਜ਼ ਬਣੇ

ਚੇਨਈ : ਇੰਗਲੈਂਡ ਦੇ ਕਪਤਾਨ ਜੋ ਰੂਟ ਭਾਰਤ ਖ਼ਿਲਾਫ਼ ਚਾਰ ਮੈਚਾਂ ਦੀ ਸੀਰੀਜ਼ ਦੇ ਪਹਿਲੇ ਟੈਸਟ ਦੇ ਦੂਜੇ ਦਿਨ ਸ਼ਨੀਵਾਰ ਨੂੰ ਇੱਥੇ ਦੋਹਰਾ ਸੈਂਕੜਾ ਲਗਾਉਣ ਦੇ ਨਾਲ ਹੀ ਆਪਣੇ 100ਵੇਂ ਟੈਸਟ ਵਿਚ ਇਹ ਕਾਰਨਾਮਾ ਕਰਨ ਵਾਲੇ ਪਹਿਲੇ ਖਿਡਾਰੀ ਬਣੇ। ਇਸ 30 ਸਾਲ ਦੇ ਬੱਲੇਬਾਜ਼ ਨੇ ਦਿਨ ਦੇ ਦੂਜੇ ਸੈਸ਼ਨ ਵਿਚ ਆਫ ਸਪਿਨਰ ਰਚਿਚੰਦਰਨ ਅਸ਼ਵਿਨ ਦੀ ਗੇਂਦ ਦੇ ਲਾਗ ਆਨ ਦੇ ਉਪਰੋਂ ਸ਼ਾਨਦਾਰ ਛੱਕੇ ਦੇ ਨਾਲ ਆਪਣਾ ਦੋਹਰਾ ਸੈਂਕੜਾ ਪੂਰਾ ਕੀਤਾ।
ਅੰਤਰਰਾਸ਼ਟਰੀ ਕ੍ਰਿਕਟ ਪਰਿਸ਼ਦ (ਆਈ.ਸੀ.ਸੀ.) ਨੇ ਉਨ੍ਹਾਂ ਦੇ ਇਸ ਮੁਕਾਮ ’ਤੇ ਪਹੁੰਚਣ ਦੇ ਬਾਅਦ ਟਵੀਟ ਕੀਤਾ, ‘ਟੈਸਟ ਕ੍ਰਿਕਟ ਦੇ ਇਤਿਹਾਸ ਵਿਚ 100ਵੇਂ ਮੈਚ ਵਿਚ ਦੋਹਰਾ ਸੈਂਕੜਾ ਬਣਾਉਣ ਵਾਲੇ ਪਹਿਲੇ ਬੱਲੇਬਾਜ਼ ਬਣੇ ਜੋ ਰੂਟ ਇੰਗਲੈਂਡ ਦੇ ਕਪਤਾਨ ਦੀ ਬਿਹਤਰੀਨ ਪਾਰੀ।’ ਇਸ ਤੋਂ ਪਹਿਲਾਂ 100ਵੇਂ ਟੈਸਟ ਵਿਚ ਸਭ ਤੋਂ ਜ਼ਿਆਦਾ ਦੌੜਾਂ ਬਣਾਉਣ ਦਾ ਰਿਕਾਰਡ ਪਾਕਿਸਤਾਨ ਦੇ ਸਾਬਕਾ ਕਪਤਾਨ ਇੰਜਮਾਮ ਉਲ ਹੱਕ ਦੇ ਨਾਮ ਸੀ। ਇਸ ਸਾਬਕਾ ਦਿੱਗਜ ਨੇ ਭਾਰਤ ਖ਼ਿਲਾਫ਼ 2005 ਵਿਚ ਬੈਂਗਲੁਰੂ ਵਿਚ 184 ਦੌੜਾਂ ਦੀ ਪਾਰੀ ਖੇਡੀ ਸੀ। ਰੂਟ ਦੀ 377 ਗੈਂਦਾਂ ਵਿਚ 218 ਦੌੜਾਂ ਦੀ ਪਾਰੀ ਦਾ ਅੰਤ ਖੱਬੇ ਹੱਥ ਦੇ ਸਪਿਨਰ ਸ਼ਾਹਬਾਜ ਨਦੀਮ ਨੇ ਐਲ.ਬੀ.ਡਬਲਯੂ. ਆਊਟ ਕਰਕੇ ਕੀਤਾ।
ਰੂਟ ਦੇ ਕਰੀਅਰ ਦੀ ਇਹ ਪੰਜਵੀਂ ਦੋਹਰੇ ਸੈਂਕੜੇ ਦੀ ਪਾਰੀ ਹੈ। ਇਸ ਦੇ ਨਾਲ ਹੀ ਉਨ੍ਹਾਂ ਨੇ ਹਮਵਤਨ ਏਲਿਸਟੇਅਰ ਕੁਕ, ਦੱਖਣੀ ਅਫਰੀਕਾ ਦੇ ਗ੍ਰੀਨ ਸਮਿਥ ਅਤੇ ਭਾਰਤ ਦੇ ਰਾਹੁਲ ਦਰਵਿੜ ਵਰਗੇ ਦਿੱਗਜਾਂ ਦੀ ਬਰਾਬਰੀ ਕਰ ਲਈ, ਜਿਨ੍ਹਾਂ ਦੇ ਨਾਮ ਇੰਨੇ ਹੀ ਦੋਹਰੇ ਸੈਂਕੜੇ ਹਨ। ਕਰੀਅਰ ਦੀ 20ਵੀਂ ਸੈਂਕੜੇ ਦੀ ਪਾਰੀ ਖੇਡਣ ਵਾਲੇ ਰੂਟ ਇਸ ਤੋਂ ਪਹਿਲਾਂ 100ਵੇਂ ਟੈਸਟ ਵਿਚ ਸੈਂਕੜਾ ਲਗਾਉਣ ਵਾਲੇ 9ਵੇਂ ਬੱਲੇਬਾਜ਼ ਬਣੇ।