ਪਾਕਿ ਨੇ ਅਮਰੀਕਾ ਨਾਲ ਦੋ-ਪੱਖੀ ਸੰਬੰਧਾਂ ਲਈ ਰੂਪਰੇਖਾ ਕੀਤੀ ਪੇਸ਼

ਪਾਕਿ ਨੇ ਅਮਰੀਕਾ ਨਾਲ ਦੋ-ਪੱਖੀ ਸੰਬੰਧਾਂ ਲਈ ਰੂਪਰੇਖਾ ਕੀਤੀ ਪੇਸ਼

ਇਸਲਾਮਾਬਾਦ : ਅਮਰੀਕਾ ਨਾਲ ਸੰਬੰਧਾਂ ਵਿਚ ਮਹੱਤਵਪੂਰਨ ਤਬਦੀਲੀ ਦੀ ਮੰਗ ਕਰਦੇ ਹੋਏ ਪਾਕਿਸਤਾਨ ਦੇ ਰਾਸ਼ਟਰੀ ਸੁਰੱਖਿਆ ਸਲਾਹਕਾਰ ਮੁਈਦ ਯੂਸੁਫ ਨੇ ਅਮਰੀਕਾ ਦੇ ਆਪਣੇ ਹਮਰੁਤਬਾ ਜੈਕ ਸੁਲਿਵਾਨ ਨੂੰ ਦੋ-ਪੱਖੀ ਸੰਬੰਧਾਂ ਨੂੰ ਸੁਰੱਖਿਆ ਅਤੇ  ਰੱਖਿਆ 'ਤੇ ਨਹੀਂ ਸਗੋਂ ਅਰਥਵਿਵਸਥਾ ਅਤੇ ਵਪਾਰ ਦੇ ਆਧਾਰ 'ਤੇ ਵਧਾਉਣ ਦੀ ਰੂਪਰੇਖਾ ਪੇਸ਼ ਕੀਤੀ। ਮੀਡੀਆ ਵਿਚ ਆਈ ਇਕ  ਖ਼ਬਰ ਵਿਚ ਬੁੱਧਵਾਰ ਨੂੰ ਇਹ ਜਾਣਕਾਰ ਦਿੱਤੀ ਗਈ। 
ਇਸ ਮਹੀਨੇ ਰਾਸ਼ਟਰੀ ਸੁਰੱਖਿਆ ਸਲਾਹਕਾਰ (ਐੱਨ.ਐੱਸ.ਏ.) ਬਣੇ ਯੂਸੁਫ ਨੇ ਐਤਵਾਰ ਨੂੰ ਜਿਨੇਵਾ ਵਿਚ ਸੁਲਿਵਾਨ ਨਾਲ ਮੁਲਾਕਾਤ ਕੀਤੀ। ਪਹਿਲੀ ਵਾਰ ਨਿੱਜੀ ਤੌਰ 'ਤੇ ਉੱਚ ਪੱਧਰੀ ਬੈਠਕ ਵਿਚ ਪਾਕਿਸਤਾਨੀ ਅਤੇ ਅਮਰੀਕੀ ਐੱਨ.ਐੱਸ.ਏ. ਨੇ ਦੋ-ਪੱਖੀ, ਖੇਤਰੀ ਅਤੇ ਗਲੋਬਲ ਮੁੱਦਿਆਂ 'ਤੇ ਵਿਆਪਕ ਗੱਲ਼ਬਾਤ ਕੀਤੀ। ਪਹਿਲਾਂ ਦੇ ਚਲਨ ਨੂੰ ਤੋੜਦੇ ਹੋਏ ਯੂਸੁਫ ਨੇ ਪਾਕਿਸਤਾਨੀ ਯੋਜਨਾ ਪੇਸ਼ ਕਰਦਿਆਂ ਅਮਰੀਕਾ ਨਾਲ ਸੁਰੱਖਿਆ ਅਤੇ ਰੱਖਿਆ 'ਤੇ ਨਹੀਂ ਸਗੋਂ ਅਰਥਵਿਵਸਥਾ, ਵਪਾਰ ਅਤੇ ਕਾਰੋਬਾਰ ਦੇ ਆਧਾਰ 'ਤੇ ਅਮਰੀਕਾ ਨਾਲ ਦੋ-ਪੱਖੀ ਸਹਿਯੋਗ ਵਧਾਉਣ 'ਤੇ ਜ਼ੋਰ ਦਿੱਤਾ। ਮਾਮਲੇ ਨਾਲ ਜੁੜੇ ਸੂਤਰਾਂ ਨੇ ਦੀ ਐਕਸਪ੍ਰੈੱਸ ਟ੍ਰਿਬਿਊਨ ਨੂੰ ਦੱਸਿਆ ਕਿ ਜਿੱਥੇ ਤੱਕ ਅਮਰੀਕਾ ਨਾਲ ਰਿਸ਼ਤਿਆਂ ਦੀ ਗੱਲ ਹੈ ਤਾਂ ਪਾਕਿਸਤਾਨ ਆਪਣੇ ਰੁੱਖ਼ ਵਿਚ ਮਹੱਤਵਪੂਰਨ ਤਬਦੀਲੀ ਕਰ ਰਿਹਾ ਹੈ।
ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਜਨਵਰੀ 2018 ਵਿਚ ਇਹ ਕਹਿੰਦੇ ਹੋਏ ਪਾਕਿਸਤਾਨ ਨਾਲ ਸਾਰੇ ਸੁਰੱਖਿਆ ਸਹਿਯੋਗ ਮੁਅੱਤਲ ਕਰ ਦਿੱਤੇ ਸਨ ਕਿ ਉਹ ਅੱਤਵਾਦ ਖ਼ਿਲਾਫ਼ ਇਸਲਾਮਾਬਾਦ ਦੇ ਸਹਿਯੋਗ ਅਤੇ ਲੜਾਈ ਵਿਚ ਉਸ ਦੀ ਭੂਮਿਕਾ ਤੋ ਸੰਤੁਸ਼ਟ ਨਹੀਂ ਹਨ। ਖ਼ਬਰ ਵਿਚ ਕਿਹਾ ਗਿਆ ਹੈ ਕਿ ਪ੍ਰਧਾਨ ਮੰਤਰੀ ਇਮਰਾਨ ਖਾਨ ਨੇ ਰਾਸ਼ਟਰਪਤੀ ਜੋਅ ਬਾਈਡੇਨ ਦੇ ਪ੍ਰਸ਼ਾਸਨ ਦੇ ਤਹਿਤ ਅਮਰੀਕਾ ਲਾਲ ਸੰਬੰਧਾਂ 'ਤੇ ਨਵੀਂ ਰਣਨੀਤੀ ਬਣਾਉਣ ਲਈ ਮਾਰਚ ਵਿਚ ਇਕ ਸੀਨੀਅਰ ਕਮੇਟੀ ਦਾ ਗਠਨ ਕੀਤਾ ਸੀ। ਰਿਪੋਰਟ ਵਿਚ ਕਿਹਾ ਗਿਆ ਹੈ ਕਿ ਸੂਤਰਾਂ ਨੇ ਦੱਸਿਆ ਕਿ ਮੁਈਦ ਇਕ ਰੂਪਰੇਖਾ ਲੈ ਕੇ ਜਿਨੇਵਾ ਗਏ, ਜਿਸ ਵਿਚ ਸੁਰੱਖਿਆ ਸਹਿਯੋਗ ਅਤੇ ਅਫਗਾਨਿਸਤਾਨ ਦੇ ਇਲਾਵਾ ਅਮਰੀਕਾ ਦੇ ਨਾਲ ਸੰਬੰਧ ਵਧਾਉਣ ਦੀ ਪਾਕਿਸਤਾਨ ਦੀ ਇੱਛਾ ਜਤਾਈ ਗਈ।
ਫਿਲਹਾਲ ਹਾਲੇ ਇਹ ਸਪਸ਼ੱਟ ਨਹੀਂ ਹੈ ਕਿ ਬਾਈਡੇਨ ਪ੍ਰਸ਼ਾਸਨ ਆਪਣੀ ਰਣਨੀਤਕ ਤਰਜੀਹਾਂ ਅਤੇ ਭਾਰਤ ਨਾਲ ਕਰੀਬੀ ਸੰਬੰਧਾਂ ਨੂੰ ਦੇਖਦੇ ਹੋਏ ਇਸ ਰੂਪਰੇਖਾ ਨੂੰ ਮਨਜ਼ੂਰ ਕਰੇਗਾ ਜਾਂ ਨਹੀ। ਨਾਲ ਹੀ ਪਾਕਿਸਤਾਨ ਅਤੇ ਚੀਨ ਵਿਚਾਲੇ ਕਰੀਬੀ ਸੰਬੰਧ ਵੀ ਅਮਰੀਕਾ ਨੂੰ ਪਾਕਿਸਤਾਨ ਨਾਲ ਸਹਿਯੋਗ ਵਧਾਉਣ ਤੋਂ ਰੋਕ ਸਕਦਾ ਹੈ। ਖ਼ਬਰਾਂ ਮੁਤਾਬਕ ਇਸ ਦੌਰਾਨ ਸੂਤਰਾਂ ਨੇ ਦੱਸਿਆ ਕਿ ਮੁਈਦ ਆਪਣੇ ਅਮਰੀਕੀ ਹਮਰੁਤਬਾ ਨਾਲ ਮੁਲਾਕਾਤ ਦੇ ਤੁਰੰਤ ਬਾਅਦ ਵਾਸ਼ਿੰਗਟਨ ਜਾ ਸਕਦੇ ਹਨ।

ad