ਜੰਗਬੰਦੀ: ਇਜ਼ਰਾਈਲ ਵੱਲੋਂ 90 ਫ਼ਲਸਤੀਨੀ ਕੈਦੀ ਰਿਹਾਅ

ਹੋਰ ਬੰਦੀਆਂ ਅਤੇ ਕੈਦੀਆਂ ਦੀ ਹੁਣ ਸ਼ਨਿੱਚਰਵਾਰ ਨੂੰ ਹੋਵੇਗੀ ਰਿਹਾਈ
ਰਾਮੱਲ੍ਹਾ,(ਇੰਡੋ ਕਨੇਡੀਅਨ ਟਾਇਮਜ਼)- ਇਜ਼ਰਾਈਲ ਨੇ ਹਮਾਸ ਨਾਲ ਹੋਏ ਜੰਗਬੰਦੀ ਸਮਝੌਤੇ ਤਹਿਤ ਸੋਮਵਾਰ ਤੜਕੇ 90 ਫਲਸਤੀਨੀ ਕੈਦੀਆਂ ਨੂੰ ਰਿਹਾਅ ਕਰ ਦਿੱਤਾ। ਇਸ ਤੋਂ ਕੁਝ ਘੰਟੇ ਪਹਿਲਾਂ ਐਤਵਾਰ ਨੂੰ ਹਮਾਸ ਨੇ ਤਿੰਨ ਮਹਿਲਾ ਬੰਦੀਆਂ ਨੂੰ ਇਜ਼ਰਾਈਲ ਹਵਾਲੇ ਕਰ ਦਿੱਤਾ ਸੀ। ਬੰਦੀਆਂ ਅਤੇ ਕੈਦੀਆਂ ਦੀ ਅਗਲੀ ਰਿਹਾਈ ਹੁਣ ਸ਼ਨਿੱਚਰਵਾਰ ਨੂੰ ਹੋਵੇਗੀ। ਅਗਲੇ ਦੋ ਹਫ਼ਤਿਆਂ ਦੇ ਅੰਦਰ ਜੰਗਬੰਦੀ ਸਮਝੌਤੇ ਦੇ ਦੂਜੇ ਪੜਾਅ ਤਹਿਤ ਵਾਰਤਾ ਦਾ ਦੌਰ ਸ਼ੁਰੂ ਹੋਵੇਗਾ ਜੋ ਵਧੇਰੇ ਚੁਣੌਤੀ ਭਰਿਆ ਸਮਾਂ ਮੰਨਿਆ ਜਾ ਰਿਹਾ ਹੈ।
ਫਲਸਤੀਨੀ ਬੰਦੀਆਂ ਨੂੰ ਸਫ਼ੈਦ ਰੰਗ ਦੀਆਂ ਵੱਡੀਆਂ ਬੱਸਾਂ ’ਚ ਜਿਵੇਂ ਹੀ ਜੇਲ੍ਹ ਤੋਂ ਬਾਹਰ ਲਿਆਂਦਾ ਗਿਆ, ਲੋਕਾਂ ਨੇ ਖੁਸ਼ੀ ’ਚ ਆਤਿਸ਼ਬਾਜ਼ੀ ਕੀਤੀ। ਫਲਸਤੀਨੀਆਂ ਦੀ ਭੀੜ ਬੱਸਾਂ ਦੇ ਆਲੇ-ਦੁਆਲੇ ਜੁੜ ਗਈ ਅਤੇ ਲੋਕਾਂ ਨੇ ਨਾਅਰੇਬਾਜ਼ੀ ਕੀਤੀ। ਕਈ ਲੋਕ ਬੱਸਾਂ ’ਤੇ ਚੜ੍ਹ ਗਏ ਅਤੇ ਹਮਾਸ ਦੇ ਤਿੰਨ ਝੰਡੇ ਲਹਿਰਾ ਦਿੱਤੇ। ਫਲਸਤੀਨੀ ਅਥਾਰਿਟੀ ਦੇ ਕੈਦੀ ਮਾਮਲਿਆਂ ਬਾਰੇ ਕਮਿਸ਼ਨ ਵੱਲੋਂ ਦਿੱਤੀ ਗਈ ਸੂਚੀ ਮੁਤਾਬਕ ਰਿਹਾਅ ਕੀਤੇ ਗਏ ਲੋਕਾਂ ’ਚ ਔਰਤਾਂ ਅਤੇ ਨਾਬਾਲਗ ਸ਼ਾਮਲ ਹਨ। ਇਜ਼ਰਾਈਲ ਨੇ ਉਨ੍ਹਾਂ ਨੂੰ ਦੇਸ਼ ਦੀ ਸੁਰੱਖਿਆ ਖ਼ਤਰੇ ’ਚ ਪਾਉਣ ਨਾਲ ਜੁੜੇ ਦੋਸ਼ਾਂ ਹੇਠ ਹਿਰਾਸਤ ’ਚ ਲਿਆ ਸੀ। ਇਨ੍ਹਾਂ ਲੋਕਾਂ ’ਤੇ ਪੱਥਰਬਾਜ਼ੀ ਤੋਂ ਲੈ ਕੇ ਹੱਤਿਆ ਦੀਆਂ ਕੋਸ਼ਿਸ਼ਾਂ ਜਿਹੇ ਗੰਭੀਰ ਦੋਸ਼ ਸਨ। ਪੱਛਮੀ ਕਿਨਾਰੇ ’ਤੇ ਇਜ਼ਰਾਈਲ ਦਾ ਕਬਜ਼ਾ ਹੈ ਅਤੇ ਫੌਜ ਨੇ ਲੋਕਾਂ ਨੂੰ ਜਨਤਕ ਤੌਰ ’ਤੇ ਕੋਈ ਵੀ ਜਸ਼ਨ ਨਾ ਮਨਾਉਣ ਲਈ ਕਿਹਾ ਹੈ। ਕੈਦੀਆਂ ਦੀ ਰਿਹਾਈ ਐਤਵਾਰ ਅੱਧੀ ਰਾਤ ਤੋਂ ਬਾਅਦ ਕੀਤੀ ਗਈ ਜਿਸ ਦੀ ਫਲਸਤੀਨੀਆਂ ਨੇ ਆਲੋਚਨਾ ਕੀਤੀ। ਰਿਹਾਅ ਕੀਤੇ ਬੰਦੀਆਂ ’ਚ ਖਾਲਿਦਾ ਜਰਾਰ (62) ਵੀ ਸ਼ਾਮਲ ਹੈ ਜੋ ਫਲਸਤੀਨ ਦੀ ਆਜ਼ਾਦੀ ਲਈ ਕੰਮ ਕਰਨ ਵਾਲੀ ਜਥੇਬੰਦੀ ‘ਪੀਐੱਫਐੱਲਪੀ’ ਦੀ ਮੁੱਖ ਮੈਂਬਰ ਹੈ।