ਰਾਮਨੌਮੀ ਮੌਕੇ ਮਹਾਰਾਸ਼ਟਰ, ਪੱਛਮੀ ਬੰਗਾਲ ਅਤੇ ਗੁਜਰਾਤ 'ਚ ਹਿੰਸਾ-ਕਈ ਜ਼ਖ਼ਮੀ

ਰਾਮਨੌਮੀ ਮੌਕੇ ਮਹਾਰਾਸ਼ਟਰ, ਪੱਛਮੀ ਬੰਗਾਲ ਅਤੇ ਗੁਜਰਾਤ 'ਚ ਹਿੰਸਾ-ਕਈ ਜ਼ਖ਼ਮੀ

ਔਰੰਗਾਬਾਦ/ਹਾਵੜਾ /ਵਡੋਦਰਾ, - ਰਾਮਨੌਮੀ ਮੌਕੇ ਮਹਾਰਾਸ਼ਟਰ, ਗੁਜਰਾਤ ਤੇ ਬੰਗਾਲ 'ਚ ਕੁਝ ਥਾਵਾਂ 'ਤੇ ਹਿੰਸਾ ਹੋਣ ਦੀ ਖ਼ਬਰ ਹੈ, ਜਿਸ 'ਚ ਕਈ ਲੋਕ ਜ਼ਖ਼ਮੀ ਹੋ ਗਏ | ਮਹਾਰਾਸ਼ਟਰ ਦੇ ਔਰੰਗਾਬਾਦ ਸ਼ਹਿਰ 'ਚ ਰਾਮਨੌਮੀ ਮੌਕੇ ਇਕ ਰਾਮ ਮੰਦਰ ਨੇੜੇ 2 ਗੁੱਟਾਂ ਦਰਮਿਆਨ ਹੋਈ ਝੜਪ 'ਚ 10 ਪੁਲਿਸ ਮੁਲਾਜ਼ਮਾਂ ਸਮੇਤ 12 ਲੋਕ ਜ਼ਖ਼ਮੀ ਹੋ ਗਏ | ਅਧਿਕਾਰੀਆਂ ਨੇ ਵੀਰਵਾਰ ਨੂੰ ਦੱਸਿਆ ਕਿ ਦੋ ਗੁੱਟਾਂ ਦੀ ਲਗਭਗ 500 ਲੋਕਾਂ ਦੀ ਭੜਕੀ ਭੀੜ ਨੇ ਇਕ ਦੂਜੇ 'ਤੇ ਪਥਰਾਅ ਕੀਤਾ ਤੇ ਪੈਟਰੋਲ ਬੰਬ ਸੁੱਟੇ, ਪੁਲਿਸ ਨੂੰ ਸਥਿਤੀ ਨੂੰ ਕਾਬੂ ਕਰਨ ਲਈ ਅੱਥਰੂ ਗੈਸ ਦੇ ਗੋਲੇ ਤੇ ਪਲਾਸਟਿਕ ਦੀਆਂ ਗੋਲੀਆਂ ਚਲਾਉਣੀਆਂ ਪਈਆਂ ਹਨ | ਅਧਿਕਾਰੀਆਂ ਨੇ ਦੱਸਿਆ ਕਿ ਸ਼ਹਿਰ ਦੇ ਕਿਰਾਦਪੁਰਾ ਇਲਾਕੇ 'ਚ ਪ੍ਰਸਿੱਧ ਰਾਮ ਮੰਦਰ ਨੇੜੇ ਬੁੱਧਵਾਰ ਤੇ ਵੀਰਵਾਰ ਦੀ ਦਰਮਿਆਨੀ ਰਾਤ ਨੂੰ ਵਾਪਰੀ ਇਸ ਘਟਨਾ ਦੌਰਾਨ ਸ਼ਰਾਰਤੀਆਂ ਨੇ 13 ਵਾਹਨਾਂ ਨੂੰ ਅੱਗ ਲਗਾ ਕੇ ਸਾੜ ਦਿੱਤਾ | ਇਹ ਝਗੜਾ ਪਹਿਲਾਂ 5 ਲੋਕਾਂ ਦੇ 2 ਗੁੱਟਾਂ ਵਿਚਾਲੇ ਸ਼ੁਰੂ ਹੋਇਆ ਸੀ ਅਤੇ ਬਾਅਦ 4-5 ਸੌ ਲੋਕ ਇੱਕਠੇ ਹੋ ਗਏ | ਪੁਲਿਸ ਵਲੋਂ 400-500 ਲੋਕਾਂ ਖ਼ਿਲਾਫ਼ ਵੱਖ-ਵੱਖ ਧਰਾਵਾਂ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ | ਉਧਰ ਪੱਛਮੀ ਬੰਗਾਲ ਦੇ ਹਾਵੜਾ ਸ਼ਹਿਰ 'ਚ ਵੀਰਵਾਰ ਸ਼ਾਮ ਰਾਮ ਨੌਮੀ ਦਾ ਜਲੂਸ ਕੱਢਣ ਦੇ ਸਮੇਂ ਨੂੰ ਲੈ ਕੇ ਦੋ ਗੁੱਟਾਂ ਦਰਮਿਆਨ ਹਿੰਸਾ ਭੜਕ ਗਈ ਅਤੇ ਉਨ੍ਹਾਂ ਕਈ ਵਾਹਨਾਂ ਨੂੰ ਅੱਗ ਲਗਾ ਦਿੱਤੀ ਤੇ ਦੁਕਾਨਾਂ 'ਚ ਭੰਨਤੋੜ ਕੀਤੀ | ਪੁਲਿਸ ਨੇ ਦੱਸਿਆ ਕਿ ਇਹ ਹਿੰਸਾ ਉਸ ਸਮੇਂ ਭੜਕੀ ਜਦੋਂ ਜਲੂਸ ਕਾਜੀਪੁਰ ਇਲਾਕੇ 'ਚੋਂ ਲੰਘ ਰਿਹਾ ਸੀ ਅਤੇ ਸ਼ਰਾਰਤੀਆਂ ਨੇ ਕਈ ਆਟੋ-ਰਿਕਸ਼ਿਆਂ, ਕਾਰਾਂ ਨੂੰ ਅੱਗ ਲਗਾ ਦਿੱਤੀ ਤੇ ਕਈ ਦੁਕਾਨਾਂ 'ਚ ਭੰਨ-ਤੋੜ ਕੀਤੀ | ਪੁਲਿਸ ਵਲੋਂ ਕਈ ਲੋਕਾਂ ਨੂੰ ਹਿਰਾਸਤ 'ਚ ਲਿਆ ਗਿਆ ਹੈ | ਇਸ ਦੌਰਾਨ ਧਰਨੇ 'ਤੇ ਬੈਠੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਕਿਹਾ ਹੈ ਕਿ ਦੋਸ਼ੀਆਂ ਖ਼ਿਲਾਫ਼ ਸਖਤ ਕਾਰਵਾਈ ਕੀਤੀ ਜਾਵੇਗੀ | ਇਸ ਤੋਂ ਇਲਾਵਾ ਗੁਜਰਾਤ ਦੇ ਵਡੋਦਰਾ ਸ਼ਹਿਰ 'ਚ ਰਾਮਨੌਮੀ ਤਿਉਹਾਰ ਨੂੰ ਲੈ ਕੇ ਕੱਢੀਆਂ ਗਈਆਂ ਦੋ ਸ਼ੋਭਾ ਯਾਤਰਾਵਾਂ 'ਤੇ ਪੱਥਰਬਾਜ਼ੀ ਹੋਣ ਦੀ ਖ਼ਬਰ ਹੈ | ਪੁਲਿਸ ਨੇ ਦੱਸਿਆ ਕਿ ਇਕ ਘਟਨਾ 'ਚ ਕੁਝ ਵਿਅਕਤੀ ਜ਼ਖਮੀ ਹੋਏ ਹਨ | ਪਹਿਲੀ ਘਟਨਾ ਦੁਪਹਿਰ ਵਕਤ ਫਤਹਿਪੁਰਾ ਇਲਾਕੇ 'ਚ ਪੰਜਰੀਗੜ੍ਹ ਮੁਹੱਲਾ ਨੇੜੇ, ਜਦੋਂ ਕਿ ਦੂਸਰੀ ਸ਼ਾਮ ਵੇਲੇ ਖੁੰਭਰਵਾੜਾ ਨੇੜੇ ਵਾਪਰੀ | ਡੀ.ਸੀ.ਪੀ. ਜਸ਼ਪਾਲ ਜਾਗਨੀਆ ਨੇ ਦੱਸਿਆ ਕਿ ਪੰਜਰੀਗੜ੍ਹ ਮੁਹੱਲਾ ਵਾਲੀ ਸ਼ੋਭਾ ਯਾਤਰਾ 'ਤੇ ਪੱਥਰਬਾਜ਼ੀ ਦੌਰਾਨ ਕੁਝ ਵਾਹਨਾਂ ਨੂੰ ਨੁਕਸਾਨ ਪਹੁੰਚਿਆ ਹੈ, ਪਰ ਕੋਈ ਜ਼ਖਮੀ ਨਹੀਂ ਹੋਇਆ | ਉਨ੍ਹਾਂ ਕਿਹਾ ਕਿ ਪੱਥਰਬਾਜ਼ੀ ਕਰਨ ਵਾਲਿਆਂ ਸ਼ਰਾਰਤੀ ਅਨਸਰਾਂ ਨੂੰ ਜਲਦ ਗਿ੍ਫਤਾਰ ਕੀਤਾ ਜਾਏਗਾ | ਖੁੰਭਰਵਾੜਾ ਸ਼ੋਭਾ ਯਾਤਰਾ 'ਚ ਸਥਾਨਕ ਭਾਜਪਾ ਵਿਧਾਇਕ ਮਨੀਸ਼ਾ ਵਾਕਿਲ ਵੀ ਮੌਜੂਦ ਸਨ | ਜਦੋਂ ਸ਼ੋਭਾ ਯਾਤਰਾ ਸ਼ਾਂਤੀਪੂਰਵਕ ਜਾ ਰਹੀ ਸੀ ਤਾਂ ਕੁਝ ਲੋਕਾਂ ਨੇ ਅਚਾਨਕ ਪੱਥਰ ਸੁੱਟਣੇ ਸ਼ੁਰੂ ਕਰ ਦਿੱਤੇ | ਵੀਡੀਓ 'ਚ ਲੋਕ ਪੱਥਰਾਂ ਤੋਂ ਬਚਾਅ ਲਈ ਭੱਜਦੇ ਵੇਖੇ ਜਾ ਸਕਦੇ ਹਨ ਤੇ ਸ਼ਰਧਾਲੂ ਭਗਵਾਨ ਰਾਮ ਦੀ ਸਵਾਰੀ ਵਾਲੇ ਰੱਥ ਨੂੰ ਸੁਰੱਖਿਅਤ ਥਾਂ ਵੱਲ ਲਿਜਾਂਦੇ ਨਜ਼ਰ ਆ ਰਹੇ ਹਨ |

ad