ਸ਼ਾਹਕੋਟ ਨੇੜਿਓ ਅੰਮਿ੍ਤਪਾਲ ਦੀ ਗੱਡੀ ਬਰਾਮਦ

ਸ਼ਾਹਕੋਟ ਨੇੜਿਓ ਅੰਮਿ੍ਤਪਾਲ ਦੀ ਗੱਡੀ ਬਰਾਮਦ

ਸ਼ਾਹਕੋਟ/ਮਹਿਤਪੁਰ, - 'ਵਾਰਿਸ ਪੰਜਾਬ ਦੇ' ਜਥੇਬੰਦੀ ਦੇ ਪ੍ਰਧਾਨ ਅੰਮਿ੍ਤਪਾਲ ਸਿੰਘ ਦੀ ਗਿ੍ਫ਼ਤਾਰੀ ਨੂੰ ਲੈ ਕੇ ਬੀਤੇ ਦਿਨ ਤੋਂ ਪੰਜਾਬ ਦੇ ਵੱਖ-ਵੱਖ ਜ਼ਿਲਿ੍ਹਆਂ ਦੀ ਪੁਲਿਸ ਜ਼ਿਲ੍ਹਾ ਜਲੰਧਰ ਸਮੇਤ ਸੂਬੇ ਦੇ ਹੋਰਾਂ ਜ਼ਿਲਿ੍ਹਆਂ ਤੇ ਹੋਰਾਂ ਰਾਜਾਂ 'ਚ ਛਾਪੇਮਾਰੀ ਕਰ ਰਹੀ ਹੈੈ, ਜਿਸ ਦੌਰਾਨ ਬੀਤੇ ਦਿਨ ਸਾਂਝੇ ਆਪਰੇਸ਼ਨ ਦੌਰਾਨ ਹਲਕਾ ਸ਼ਾਹਕੋਟ ਅਤੇ ਮਹਿਤਪੁਰ ਤੋਂ ਅੰਮਿ੍ਤਪਾਲ ਸਿੰਘ ਦੇ 7 ਸਾਥੀਆਂ ਨੂੰ ਭਾਰੀ ਅਸਲੇ੍ਹ ਸਮੇਤ ਗਿ੍ਫ਼ਤਾਰ ਕੀਤਾ ਗਿਆ ਸੀ | ਅੱਜ ਸਵੇਰੇ ਡੀ. ਐਸ. ਪੀ. ਸ਼ਾਹਕੋਟ ਗੁਰਪ੍ਰੀਤ ਸਿੰਘ ਗਿੱਲ ਦੀ ਅਗਵਾਈ 'ਚ ਪੁਲਿਸ ਵਲੋਂ ਕੀਤੀ ਜਾ ਰਹੀ ਜਾਂਚ ਦੌਰਾਨ ਸ਼ਾਹਕੋਟ ਦੇ ਪਿੰਡ ਸਲੇਮਾ ਤੋਂ ਪੁਲਿਸ ਨੂੰ ਸ਼ੱਕੀ ਹਾਲਤ 'ਚ ਸਰਕਾਰੀ ਐਲੀਮੈਂਟਰੀ ਸਕੂਲ ਦੇ ਬਾਹਰ ਖੜ੍ਹੀ ਇਕ ਕਾਲੇ ਰੰਗ ਦੀ ਡੀ. ਮੈਕਸ ਗੱਡੀ (ਪੀ. ਬੀ. 10-ਐਫ਼.ਡਬਲਯ-6797) ਬਰਾਮਦ ਹੋਈ ਹੈ, ਜਿਸ ਵਿਚੋਂ ਅਸਲ੍ਹਾ ਤੇ ਹੋਰ ਸਾਮਾਨ ਬਰਾਮਦ ਹੋਇਆ ਹੈ | ਜਿਸ ਦਾ ਪਤਾ ਲੱਗਣ 'ਤੇ ਐਸ.ਐਸ.ਪੀ. ਜਲੰਧਰ (ਦਿਹਾਤੀ) ਸਵਰਨਦੀਪ ਸਿੰਘ ਵੀ ਮੌਕਾ ਦੇਖਣ ਪਿੰਡ ਸਲੇਮਾ ਪਹੁੰਚੇ, ਜਿਥੇ ਉਨ੍ਹਾਂ ਦੱਸਿਆ ਕਿ ਜਦ ਅੰਮਿ੍ਤਪਾਲ ਸਿੰਘ ਨੂੰ ਗਿ੍ਫ਼ਤਾਰ ਕਰਨ ਸੰਬੰਧੀ ਪੁਲਿਸ ਦੀ ਤਲਾਸ਼ੀ ਮੁਹਿੰਮ ਚੱਲ ਰਹੀ ਸੀ ਤਾਂ ਉਸ ਸਮੇਂ ਇਹ ਗੱਡੀ ਅੰਮਿ੍ਤਪਾਲ ਸਿੰਘ ਵਲੋਂ ਵਰਤੀ ਗਈ ਹੈ | ਉਨ੍ਹਾਂ ਦੱਸਿਆ ਕਿ ਇਸ ਗੱਡੀ ਦੀ ਜਾਂਚ ਦੌਰਾਨ ਗੱਡੀ ਦੀ ਚਾਬੀ ਗੱਡੀ ਦੀ ਛੱਤ ਤੋਂ ਮਿਲੀ ਹੈ, ਜਦਕਿ ਵਿਚੋਂ 315 ਬੋਰ ਦੀ ਰਾਈਫ਼ਲ, 57 ਕਾਰਟੇਜ, ਇਕ ਵਾਕੀ-ਟਾਕੀ, ਇਕ ਤਲਵਾਰ, ਕੁਝ ਨੰਬਰ ਪਲੇਟਾਂ ਬਰਾਮਦ ਹੋਈਆਂ ਹਨ | ਉਨ੍ਹਾਂ ਕਿਹਾ ਕਿ ਪੰਜਾਬ 'ਚ ਕਾਨੂੰਨ ਵਿਵਸਥਾ ਦੀ ਸਥਿਤੀ ਪੂਰੀ ਤਰ੍ਹਾਂ ਕਾਬੂ ਹੇਠ ਹੈ ਤੇ ਕਿਸੇ ਨੂੰ ਵੀ ਮਾਹੌਲ ਖਰਾਬ ਕਰਨ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ | ਉਨ੍ਹਾਂ ਕਿਹਾ ਕਿ ਜਿਹੜੇ ਲੋਕ ਪੰਜਾਬ ਦਾ ਮਾਹੌਲ ਖਰਾਬ ਕਰਨ ਲਈ ਗਲਤ ਅਫ਼ਵਾਹਾ ਉਡਾਉਣਗੇ, ਉਨ੍ਹਾਂ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇਗੀ | ਇਸ ਮੌਕੇ ਡੀ.ਐਸ.ਪੀ. ਗੁਰਪ੍ਰੀਤ ਸਿੰਘ ਗਿੱਲ, ਐਸ.ਐਚ.ਓ. ਸ਼ਾਹਕੋਟ ਇੰਸਪੈਕਟਰ ਗੁਰਿੰਦਰਜੀਤ ਸਿੰਘ ਨਾਗਰਾ, ਐਸ.ਐਚ.ਓ. ਮਹਿਤਪੁਰ ਬਲਰਾਜ ਸਿੰਘ, ਸਬ-ਇੰਸਪੈਕਟਰ ਨਿਰਮਲ ਸਿੰਘ ਚੌਕੀ ਇੰਚਾਰਜ ਤਲਵੰਡੀ ਸੰਘੇੜਾ ਸਮੇਤ ਵੱਖ-ਵੱਖ ਥਾਣਿਆਂ ਦੇ ਮੁਲਾਜ਼ਮ ਅਤੇ ਬੀ. ਐਸ. ਐਫ਼. ਦੇ ਜਵਾਨ ਮੌਜੂਦ ਸਨ |

sant sagar