ਰਵੀ ਸ਼ੰਕਰ ਦੀ ਸ਼ਤਾਬਦੀ ਵਰ੍ਹੇਗੰਢ ਮੌਕੇ ਪੇਸ਼ਕਾਰੀ ਦੇਣਗੇ ਜ਼ਾਕਿਰ ਹੁਸੈਨ ਤੇ ਹਰੀ ਪ੍ਰਸਾਦ ਚੌਰਸੀਆ

ਉੱਘੇ ਸਿਤਾਰਵਾਦਕ ਰਵੀ ਸ਼ੰਕਰ ਦੀ 100ਵੀਂ ਜਨਮ ਵਰ੍ਹੇਗੰਢ ਦੇ ਜਸ਼ਨਾਂ ਮੌਕੇ ਸੰਗੀਤ ਉਸਤਾਦ ਜ਼ਾਕਿਰ ਹੁਸੈਨ ਅਤੇ ਹਰੀ ਪ੍ਰਸਾਦ ਚੌਰਸੀਆ ਸਣੇ ਕਈ ਸੰਗੀਤਕਾਰਾਂ ਵਲੋਂ ਪੇਸ਼ਕਾਰੀ ਦਿੱਤੀ ਜਾਵੇਗੀ।
ਐੱਸਆਰਐੱਫ ਫਾਊਂਡੇਸ਼ਨ ਵਲੋਂ ਸਪਿੱਕ ਮੈਕੇ ਦੇ ਸਹਿਯੋਗ ਨਾਲ ਰਵੀ ਸ਼ੰਕਰ ਦੀ ਯਾਦ ਵਿੱਚ ਦੋ ਰੋਜ਼ਾ ਸੰਗੀਤ ਸਮਾਗਮ ‘ਸਮਰਣ’ ਕਰਵਾਇਆ ਜਾ ਰਿਹਾ ਹੈ।
ਐੱਸਆਰਐੱਫ ਫਾਊਂਡੇਸ਼ਨ ਦੇ ਚੇਅਰਮੈਨ ਅਰੁਣ ਭਾਰਤ ਰਾਮ ਨੇ ਜਾਰੀ ਬਿਆਨ ਰਾਹੀਂ ਕਿਹਾ, ‘‘ਭਾਰਤ ਰਤਨ ਪੰਡਿਤ ਰਵੀ ਸ਼ੰਕਰ ਜੀ ਆਪਣੇ ਵਿਦਿਆਰਥੀਆਂ ਅਤੇ ਦੁਨੀਆਂ ਭਰ ਦੇ ਸੰਗੀਤ ਪ੍ਰੇਮੀਆਂ ਲਈ ਆਪਣੇ ਪਿੱਛੇ ਖ਼ੂਬਸੂਰਤ ਯਾਦਾਂ ਛੱਡ ਗਏ ਹਨ। ਸਾਡੇ ਕੋਲ ਉਨ੍ਹਾਂ ਦੀਆਂ ਰਿਕਾਰਡਿੰਗਾਂ ਦਾ ਅਨਮੁੱਲਾ ਖ਼ਜ਼ਾਨਾ ਹੈ, ਜੋ ਹੁਣ ਅਮਰ ਹੋ ਗਿਆ ਹੈ ਅਤੇ ਸਾਨੂੰ ਉਮੀਦ ਹੈ ਕਿ ‘ਸਮਰਣ’ ਵਰਗੇ ਸੰਗੀਤਕ ਪ੍ਰੋਗਰਾਮਾਂ ਦਾ ਨੌਜਵਾਨ ਪੀੜ੍ਹੀ ਵੀ ਆਨੰਦ ਮਾਣਦੀ ਰਹੇਗੀ।’’ ਇਹ ਸਮਾਗਮ ਇੱਥੇ ਨਹਿਰੂ ਪਾਰਕ ਵਿੱਚ 29 ਫਰਵਰੀ ਅਤੇ ਪਹਿਲੀ ਮਾਰਚ ਨੂੰ ਕਰਵਾਇਆ ਜਾਵੇਗਾ। ਦੱਸਣਯੋਗ ਹੈ ਕਿ ਪੰਡਿਤ ਰਵੀ ਸ਼ੰਕਰ ਦਾ 2010 ਵਿੱਚ 92 ਸਾਲ ਦੀ ਉਮਰ ਵਿੱਚ ਦੇਹਾਂਤ ਹੋ ਗਿਆ ਸੀ।