ਗੋਪੀ ਨੇ ਪਹਿਲਾ ਭਾਰਤੀ ਪੁਲਾੜ ਸੈਲਾਨੀ ਬਣਨ ’ਤੇ ਖ਼ੁਸ਼ੀ ਜਤਾਈ

ਗੋਪੀ ਨੇ ਪਹਿਲਾ ਭਾਰਤੀ ਪੁਲਾੜ ਸੈਲਾਨੀ ਬਣਨ ’ਤੇ ਖ਼ੁਸ਼ੀ ਜਤਾਈ

ਹਿਊਸਟਨ,-ਪਾਇਲਟ ਗੋਪੀ ਥੋਟਾਕੁਰਾ ਨੇ ਕਿਹਾ ਹੈ ਕਿ ਉਸ ਨੂੰ ਐਮਾਜ਼ੋਨ ਦੇ ਬਾਨੀ ਜੈੱਫ ਬੇਜ਼ੋਸ ਦੇ ਬਲੂ ਓਰਿਜਨ ਦੇ ਐੱਨਐੱਸ-25 ਮਿਸ਼ਨ ’ਤੇ ਇਕ ਸੈਲਾਨੀ ਵਜੋਂ ਪੁਲਾੜ ’ਚ ਜਾਣ ਵਾਲਾ ਪਹਿਲਾ ਭਾਰਤੀ ਬਣਨ ’ਤੇ ਮਾਣ ਹੈ। ਥੋਟਾਕੁਰਾ (30) ਅਤੇ ਪੰਜ ਹੋਰ ਮੈਂਬਰਾਂ ਨੂੰ ਲੈ ਕੇ ਗਈ ਬਲੂ ਓਰਿਜਨ ਦੀ ਸੱਤਵੀਂ ਉਡਾਣ ਸਫਲਤਾਪੂਰਬਕ ਪੁਲਾੜ ’ਚ ਪੁੱਜੀ। ਐੱਨਐੱਸ-25 ਐਤਵਾਰ ਸਵੇਰੇ ਪੱਛਮੀ ਟੈਕਸਸ ’ਚ ਲਾਂਚ ਸਾਈਟ ਵਨ ਤੋਂ ਰਵਾਨਾ ਹੋਈ ਸੀ। ਉਹ 1984 ’ਚ ਭਾਰਤੀ ਫ਼ੌਜ ਦੇ ਵਿੰਗ ਕਮਾਂਡਰ ਰਾਕੇਸ਼ ਸ਼ਰਮਾ ਤੋਂ ਬਾਅਦ ਪੁਲਾੜ ’ਚ ਜਾਣ ਵਾਲੇ ਪਹਿਲੇ ਭਾਰਤੀ ਪੁਲਾੜ ਸੈਲਾਨੀ ਅਤੇ ਦੂਜੇ ਭਾਰਤੀ ਬਣ ਗਏ ਹਨ।
                                               ਬਲੂ ਓਰਿਜਨ ਵੱਲੋਂ ‘ਐਕਸ’ ’ਤੇ ਪੋਸਟ ਕੀਤੇ ਗਏ ਵੀਡੀਓ ’ਚ ਥੋਟਾਕੁਰਾ ਨੂੰ ਪੁਲਾੜ ਵਾਹਨ ਤੋਂ ਇਹ ਆਖਦਿਆਂ ਸੁਣਿਆ ਗਿਆ, ‘‘ਭਾਰਤ ਪੁਲਾੜ ’ਚ।’’ ਉਨ੍ਹਾਂ ਹੱਥ ’ਚ ਇਕ ਛੋਟਾ ਭਾਰਤੀ ਝੰਡਾ ਵੀ ਫੜਿਆ ਹੋਇਆ ਹੈ। ਆਂਧਰਾ ਪ੍ਰਦੇਸ਼ ’ਚ ਜਨਮੇ ਉੱਦਮੀ ਅਤੇ ਪਾਇਲਟ ਥੋਟਾਕੁਰਾ ਨੂੰ ਇਕ ਬੈਨਰ ਫੜੇ ਹੋਏ ਵੀ ਦੇਖਿਆ ਗਿਆ ਜਿਸ ’ਤੇ ਲਿਖਿਆ ਸੀ, ‘‘ਮੈਂ ਸਾਡੇ ਸਥਾਈ ਗ੍ਰਹਿ ਲਈ ਇਕ ਵਾਤਾਵਰਨ ਯੋਧਾ ਹਾਂ।’’ ਉਨ੍ਹਾਂ ਨਾਲ ਪੁਲਾੜ ’ਚ ਗਏ ਹੋਰ ਮੈਂਬਰਾਂ ’ਚ ਮੈਸਨ ਐਂਜੇਲ, ਸਿਲਵੇਨ ਚਿਰੌਨ, ਕੈਨੇਥ ਐੱਲ ਹੈੱਸ, ਕੈਰੋਲ ਸ਼ਾਲੇਰ ਅਤੇ ਹਵਾਈ ਫ਼ੌਜ ਦੇ ਸਾਬਕਾ ਕੈਪਟਨ ਐੱਡ ਡਵਾਈਟ ਸ਼ਾਮਲ ਹਨ। ਡਵਾਈਟ ਨੂੰ 1961 ’ਚ ਰਾਸ਼ਟਰਪਤੀ ਜੌਹਨ ਐੱਫ ਕੈਨੇਡੀ ਵੱਲੋਂ ਦੇਸ਼ ਦੇ ਪਹਿਲੇ ਸਿਆਹਫ਼ਾਮ ਪੁਲਾੜ ਯਾਤਰੀ ਵਜੋਂ ਚੁਣਿਆ ਗਿਆ ਸੀ ਪਰ ਉਸ ਨੂੰ ਕਦੇ ਪੁਲਾੜ ’ਚ ਉਡਾਣ ਭਰਨ ਦਾ ਮੌਕਾ ਨਹੀਂ ਮਿਲਿਆ ਸੀ। ਨਿਊ ਸ਼ੈਪਰਡ (ਐੱਨਐੱਸ) ਹੁਣ ਤੱਕ 37 ਵਿਅਕਤੀਆਂ ਨੂੰ ਪੁਲਾੜ ’ਚ ਲਿਜਾ ਚੁੱਕਿਆ ਹੈ। 

sant sagar