ਕਿਸਾਨ ਮੋਰਚੇ ਦੀ ਦਿੱਲੀ ਵਿੱਚ ਮਹਾਪੰਚਾਇਤ ਅੱਜ

ਕਿਸਾਨ ਮੋਰਚੇ ਦੀ ਦਿੱਲੀ ਵਿੱਚ ਮਹਾਪੰਚਾਇਤ ਅੱਜ

ਕਿਸਾਨ ਮੋਰਚੇ ਦੀ ਦਿੱਲੀ ਵਿੱਚ ਮਹਾਪੰਚਾਇਤ ਅੱਜ
ਕਿਸਾਨਾਂ ਅਤੇ ਮਜ਼ਦੂਰਾਂ ਨੇ ਰੇਲਾਂ ਤੇ ਬੱਸਾਂ ਰਾਹੀਂ ਪਾਏ ਚਾਲੇ
ਚੰਡੀਗੜ੍ਹ-ਸੰਯੁਕਤ ਕਿਸਾਨ ਮੋਰਚੇ ਵੱਲੋਂ ਲੋਕ ਸਭਾ ਚੋਣਾਂ ਦੇ ਐਲਾਨ ਤੋਂ ਐਨ ਪਹਿਲਾਂ ਦਿੱਲੀ ਵਿੱਚ ਵੀਰਵਾਰ ਨੂੰ ‘ਕਿਸਾਨ ਮਜ਼ਦੂਰ ਮਹਾਪੰਚਾਇਤ’ ਕਰ ਕੇ ਲੋਕ ਤਾਕਤ ਦਿਖਾਈ ਜਾਵੇਗੀ। ਤਿੰਨ ਖੇਤੀ ਕਾਨੂੰਨਾਂ ਨੂੰ ਵਾਪਸ ਕਰਾਉਣ ਮਗਰੋਂ ਇਹ ਦੂਜੀ ਵਾਰ ਹੈ ਕਿ ਜਦੋਂ ਦੇਸ਼ ਦੇ ਕਿਸਾਨ ਦਿੱਲੀ ਵਿੱਚ ਜੁੜ ਰਹੇ ਹਨ। ਸੰਯੁਕਤ ਕਿਸਾਨ ਮੋਰਚਾ ਨੂੰ ਪੰਜਾਬ ਤੇ ਹਰਿਆਣਾ ਤੋਂ ਇਲਾਵਾ ਪੱਛਮੀ ਉੱਤਰ ਪ੍ਰਦੇਸ਼ ’ਚੋਂ ਵੱਡਾ ਹੁੰਗਾਰਾ ਮਿਲਣ ਦੀ ਆਸ ਹੈ।
ਸੰਯੁਕਤ ਕਿਸਾਨ ਮੋਰਚਾ (ਐੱਸਕੇਐੱਮ) ਜਿਸ ਨੇ ਪਹਿਲਾਂ ‘ਦਿੱਲੀ ਅੰਦੋਲਨ’ ਜ਼ਾਬਤੇ ਵਿੱਚ ਰਹਿ ਕੇ ਸਫਲਤਾ ਨਾਲ ਜਿੱੱਤਿਆ ਸੀ, ਉਸ ਲਈ ਭਲਕ ਦੀ ਮਹਾਪੰਚਾਇਤ ਵੀ ਪ੍ਰੀਖਿਆ ਤੋਂ ਘੱਟ ਨਹੀਂ ਹੋਵੇਗੀ। ਐੱਸਕੇਐੱਮ ਮਹਾਪੰਚਾਇਤ ਵਿੱਚ ਕਿੰਨਾ ਕੁ ਇਕੱਠ ਜੁਟਾ ਪਾਉਂਦਾ ਹੈ, ਇਸ ’ਤੇ ਸਰਕਾਰ ਦੀ ਨਜ਼ਰ ਰਹੇਗੀ। ਸੰਯੁਕਤ ਕਿਸਾਨ ਮੋਰਚਾ ਨੇ ਜਾਰੀ ਬਿਆਨ ਵਿੱਚ ਦੱਸਿਆ ਕਿ ਵੱਡੀ ਗਿਣਤੀ ਕਿਸਾਨ ਤੇ ਮਜ਼ਦੂਰ ਰੇਲਾਂ ਅਤੇ ਬੱਸਾਂ ਰਾਹੀਂ ਦਿੱਲੀ ਜਾਣਗੇ ਅਤੇ ਅੱਜ ਦੁਪਹਿਰ ਵੇਲੇ ਹੀ ਕਿਸਾਨਾਂ ਤੇ ਮਜ਼ਦੂਰਾਂ ਨੇ ਦਿੱਲੀ ਵੱਲ ਨੂੰ ਚਾਲੇ ਪਾ ਦਿੱਤੇ ਸਨ। ਕਿਸਾਨ ਆਗੂ ਡਾ. ਦਰਸ਼ਨ ਪਾਲ ਨੇ ਦੱਸਿਆ ਕਿ ਸਰਕਾਰੀ ਟਰਾਂਸਪੋਰਟ ਰਾਹੀਂ ਕਿਸਾਨ ਦਿੱਲੀ ਪੁੱਜਣਗੇ ਅਤੇ ਮਹਾਪੰਚਾਇਤ ਵਿੱਚ ਲੱਖਾਂ ਦੀ ਗਿਣਤੀ ਵਿੱਚ ਲੋਕ ਜੁੜਨਗੇ। ਭਾਰਤੀ ਕਿਸਾਨ ਯੂਨੀਅਨ (ਚੜੂਨੀ) ਨੇ ਵੀ ਮਹਾਪੰਚਾਇਤ ਵਿੱਚ ਸ਼ਾਮਲ ਹੋਣ ਦਾ ਫੈਸਲਾ ਲਿਆ ਹੈ।
ਮੋਰਚੇ ਦੇ ਆਗੂਆਂ ਨੇ ਕਿਹਾ ਕਿ ਮਹਾਪੰਚਾਇਤ ਵਿੱਚ ਮੋਦੀ ਸਰਕਾਰ ਦੀਆਂ ਕਾਰਪੋਰੇਟ, ਫਿਰਕੂ ਅਤੇ ਤਾਨਾਸ਼ਾਹੀ ਵਾਲੀਆਂ ਨੀਤੀਆਂ ਖ਼ਿਲਾਫ਼ ਮਤਾ ਪਾਸ ਕੀਤਾ ਜਾਵੇਗਾ। ਦਿੱਲੀ ਅੰਦੋਲਨ ਦੀਆਂ ਮੰਨੀਆਂ ਹੋਈਆਂ ਮੰਗਾਂ ਨੂੰ ਅਮਲ ਵਿੱਚ ਲਿਆਉਣਾ ਵੀ ਮਹਾਪੰਚਾਇਤ ਦਾ ਏਜੰਡਾ ਹੈ। ਪਤਾ ਲੱਗਾ ਹੈ ਕਿ ਪੰਜਾਬ ’ਚੋਂ ਰੇਲਾਂ ’ਤੇ ਦਿੱਲੀ ਜਾਣ ਵਾਲੇ ਕਿਸਾਨਾਂ ਤੇ ਮਜ਼ਦੂਰਾਂ ਦੀਆਂ ਰੇਲਵੇ ਸਟੇਸ਼ਨਾਂ ’ਤੇ ਸ਼ਾਮ ਤੱਕ ਭੀੜ ਜੁੱਟ ਗਈ ਸੀ। ਕਿਸਾਨ ਟਰੈਕਟਰਾਂ-ਟਰਾਲੀਆਂ ਰਾਹੀਂ ਦਿੱਲੀ ਕੂਚ ਨਹੀਂ ਕਰਨਗੇ। ਇਸ ਇੱਕ ਦਿਨਾਂ ਪ੍ਰੋਗਰਾਮ ਵਿੱਚ ਅਗਲੀਆਂ ਲੋਕ ਸਭਾ ਚੋਣਾਂ ਨੂੰ ਲੈ ਕੇ ਭਾਜਪਾ ਖ਼ਿਲਾਫ਼ ਕੋਈ ‘ਵੋਟ ਨੂੰ ਚੋਟ’ ਵਰਗਾ ਐਲਾਨ ਹੋਣ ਦੀ ਸੰਭਾਵਨਾ ਵੀ ਹੈ।
ਭਾਰਤੀ ਕਿਸਾਨ ਯੂਨੀਅਨ (ਏਕਤਾ-ਉਗਰਾਹਾਂ) ਦੇ ਜਨਰਲ ਸਕੱਤਰ ਸੁਖਦੇਵ ਸਿੰਘ ਕੋਕਰੀ ਕਲਾਂ ਨੇ ਦੱਸਿਆ ਕਿ 17 ਜ਼ਿਲ੍ਹਿਆਂ ਤੋਂ ਸੈਂਕੜੇ ਬੱਸਾਂ ’ਚ ਸਵਾਰ ਹੋ ਕੇ ਕਿਸਾਨਾਂ ਦੇ ਕਾਫ਼ਲੇ ਮਹਾਪੰਚਾਇਤ ਲਈ ਰਵਾਨਾ ਹੋ ਚੁੱਕੇ ਹਨ, ਜਿਨ੍ਹਾਂ ਵਿੱਚ ਵੱਡੀ ਗਿਣਤੀ ਔਰਤਾਂ ਵੀ ਸ਼ਾਮਲ ਹਨ। ਕਿਸਾਨ ਤੇ ਮਜ਼ਦੂਰ ਆਪਣੇ ਰਾਸ਼ਨ, ਪਾਣੀ ਅਤੇ ਬਿਸਤਰਿਆਂ ਆਦਿ ਦਾ ਪੂਰਾ ਪ੍ਰਬੰਧ ਕਰ ਕੇ ਜਾ ਰਹੇ ਹਨ। ਉਨ੍ਹਾਂ ਦੱਸਿਆ ਕਿ ਕਿਸਾਨੀ ਦੀਆਂ ਭੱਖਦੀਆਂ ਮੰਗਾਂ ਵਿੱਚ ਐੱਮਐੱਸਪੀ ਤੋਂ ਇਲਾਵਾ ਕਿਸਾਨਾਂ ਤੇ ਮਜ਼ਦੂਰਾਂ ਦੀ ਮੁਕੰਮਲ ਕਰਜ਼ਾ ਮੁਕਤੀ ਤੇ ਬੁਢਾਪਾ ਪੈਨਸ਼ਨ, ਜਨਤਕ ਵੰਡ ਪ੍ਰਣਾਲੀ ਸਮੂਹ ਗਰੀਬਾਂ ਵਾਸਤੇ ਲਾਗੂ ਕਰਨੀ, ਪੂਰੀ ਭਰਪਾਈ ਵਾਲੀ ਫ਼ਸਲੀ ਬੀਮਾ ਯੋਜਨਾ ਅਤੇ ਲਖੀਮਪੁਰ ਖੀਰੀ ਦੇ ਸ਼ਹੀਦਾਂ ਦੇ ਵਾਰਸਾਂ ਨੂੰ ਪੂਰਾ ਇਨਸਾਫ ਦੇਣ ਤੋਂ ਇਲਾਵਾ ਮੋਦੀ ਸਰਕਾਰ ਵੱਲੋਂ ਮੰਨੀਆਂ ਹੋਈਆਂ ਸਮੂਹ ਮੰਗਾਂ ਤੁਰੰਤ ਮੰਨੇ ਜਾਣ ਤੇ ਲਾਗੂ ਕਰਨ ਦੀ ਮੰਗ ਮੁੱਖ ਹੈ। ਦੂਜੇ ਪਾਸੇ ਸੰਯੁਕਤ ਕਿਸਾਨ ਮੋਰਚਾ (ਗੈਰ ਸਿਆਸੀ) ਅਤੇ ਕਿਸਾਨ-ਮਜ਼ਦੂਰ ਮੋਰਚਾ ਨੇ ਸਾਂਝੇ ਤੌਰ ’ਤੇ ਸ਼ੰਭੂ ਤੇ ਖਨੌਰੀ ਬਾਰਡਰ ’ਤੇ ਕਰੀਬ 30 ਦਿਨਾਂ ਤੋਂ ਮੋਰਚਾ ਲਾਇਆ ਹੋਇਆ ਹੈ ਜਿਨ੍ਹਾਂ ਨੂੰ ਦਿੱਲੀ ਜਾਣ ਤੋਂ ਰੋਕਣ ਵਾਸਤੇ ਹਰਿਆਣਾ ਸਰਕਾਰ ਨੇ ਰੋਕਾਂ ਦੇ ਪਹਾੜ ਖੜ੍ਹੇ ਕੀਤੇ ਹੋਏ ਹਨ।

ad