ਯੂਨੀਵਰਸਿਟੀ ਚ ਸਜਾਈਆਂ ਗਈਆਂ ਦਸਤਾਰਾਂ, ਸਿੱਖਾਂ ਬਾਰੇ ਸਾਂਝੀ ਕੀਤੀ ਗਈ ਜਾਣਕਾਰੀ

ਯੂਨੀਵਰਸਿਟੀ ਚ ਸਜਾਈਆਂ ਗਈਆਂ ਦਸਤਾਰਾਂ, ਸਿੱਖਾਂ ਬਾਰੇ ਸਾਂਝੀ ਕੀਤੀ ਗਈ ਜਾਣਕਾਰੀ

ਨਿਊਯਾਰਕ- ਸਿੱਖ ਧਰਮ ਦੀ ਵਿਲੱਖਣਤਾ ਨੂੰ ਦਰਸਾਉਣ ਅਤੇ ਵਿਦਿਆਰਥੀਆਂ, ਅਧਿਕਾਰੀਆਂ ਤੇ ਨਗਰ ਵਾਸੀਆਂ ਨੂੰ  ਸਿੱਖ ਸਭਿਆਚਾਰ ਦੇ ਗੌਰਵਮਈ ਵਿਰਸੇ ਤੋਂ ਜਾਣੂ ਕਰਾਉਣ ਤੇ ਸਿੱਖਾਂ ਦੀ ਪਛਾਣ ਬਾਰੇ ਜਾਗਰੂਕਤਾ ਪੈਦਾ ਕਰਨ ਲਈ ਅਮਰੀਕਾ ਦੇ ਓਹਾਈਓ ਸੂਬੇ ਦੀ ਰਾਈਟ ਸਟੇਟ ਯੂਨੀਵਰਸਿਟੀ, ਡੇਟਨ ਵਿਖੇ 'ਸਿੱਖਸ ਇਨ ਅਮਰੀਕਾ’ ਵੱਲੋਂ ਰਾਈਟ ਸਟੇਟ ਯੂਨੀਵਰਸਿਟੀ' ਵਿੱਖੇ ਇਕ ਪ੍ਰੋਗਰਾਮ ਆਯੋਜਿਤ ਕੀਤਾ ਗਿਆ। ਇਹ ਪ੍ਰੋਗਰਾਮ ਮੌਜੂਦਾ, ਸਾਬਕਾ ਸਿੱਖ ਵਿਦਿਆਰਥੀਆਂ ਅਤੇ ਯੂਨੀਵਰਸਿਟੀ ਸੈਂਟਰ ਆਫ   ਇੰਟਰਨੈਸ਼ਨਲ ਐਜੂਕੇਸ਼ਨ (ਯੂ.ਸੀ.ਆਈ.ਈ.) ਦੇ ਸਹਿਯੋਗ ਨਾਲ ਆਯੋਜਿਤ ਕੀਤਾ ਗਿਆ।  
ਯੂਨੀਵਰਸਿਟੀ ਵਿਖੇ ਸਾਲ 1979 ਤੋਂ ਕੰਮ ਕਰ ਰਹੇ ਪ੍ਰੋਫੈਸਰ ਡਾ. ਕੁਲਦੀਪ ਸਿੰਘ ਰਤਨ ਨੇ ਆਪਣੇ ਉਦਘਾਟਨੀ ਭਾਸ਼ਣ ਵਿੱਚ ਮਹਿਮਾਨਾਂ ਦਾ ਸਵਾਗਤ ਕੀਤਾ ਅਤੇ ਅਜਿਹੇ ਸਮਾਗਮ ਕਰਵਾਉਣ ਦਾ ਕਾਰਨ ਦੱਸਿਆ। ਉਨ੍ਹਾਂ ਕਿਹਾ ਕਿ ਅਮਰੀਕਾ ਵਿੱਚ 11 ਸਤੰਬਰ 2001 (9/11) ਦੇ ਹਮਲੇ ਤੋਂ ਬਾਅਦ ਹਰ ਟੀਵੀ ਚੈਨਲ ਵੱਲੋਂ ਓਸਾਮਾ ਬਿਨ ਲਾਦੇਨ ਦੀ ਪੱਗ ਅਤੇ ਦਾੜ੍ਹੀ ਵਾਲੀਆਂ ਤਸਵੀਰਾਂ ਨੂੰ ਦਿਖਾਇਆ ਜਾ ਰਿਹਾ ਸੀ, ਜਿਸ ਕਾਰਨ 9/11 ਤੋਂ ਬਾਅਦ ਸਾਡੇ ਬਾਰੇ ਲੋਕਾਂ ਦਾ ਨਜ਼ਰੀਆ ਅਮਰੀਕਾ ਵਿੱਚ ਥੋੜ੍ਹਾ ਬਦਲ ਗਿਆ ਸੀ। ਅਸੀਂ ਉਸ ਤੋਂ ਚਾਰ ਦਿਨ ਬਾਅਦ ਐਰੀਜ਼ੋਨਾ ਵਿਖੇ ਪੈਟਰੋਲ ਪੰਪ ਦੇ ਮਾਲਿਕ ਭੁਲੱਥ ਹਲਕੇ ਦੇ ਪਿੰਡ ਨਡਾਲਾ ਦੇ ਨਾਲ ਪਿਛੋਕੜ ਰੱਖਣ ਵਾਲੇ ਬਲਬੀਰ ਸਿੰਘ ਸੋਢੀ ਨੂੰ ਗੁਆ ਦਿੱਤਾ, ਕਿਉਂਕਿ ਆਮ ਲੋਕਾਂ ਨੂੰ ਸਿੱਖਾਂ ਬਾਰੇ ਪਤਾ ਨਹੀਂ ਸੀ। ਇਹੀ ਕਾਰਨ ਹੈ ਕਿ ਸਿੱਖਾਂ ਪ੍ਰਤੀ ਜਾਗਰੂਕਤਾ ਪੈਦਾ ਕਰਨ ਲਈ ਅਜਿਹੇ ਪ੍ਰੋਗਰਾਮਾਂ ਦਾ ਆਯੋਜਿਤ ਬਹੁਤ ਜ਼ਰੂਰੀ ਹੋ ਗਿਆ।
ਯੂਨੀਵਰਸਿਟੀ ਦੇ ਸਾਬਕਾ ਵਿਦਿਆਰਥੀ ਅਤੇ ਕਮਿਊਨਿਟੀ ਦੇ ਕਾਰਕੂਨ ਸਮੀਪ ਸਿੰਘ ਗੁਮਟਾਲਾ ਨੇ ਵੀਡੀਓ ਅਤੇ ਸਲਾਈਡਾਂ  ਦੀ ਵਰਤੋਂ ਕਰਕੇ ਸਿੱਖਾਂ ਬਾਰੇ ਜਾਣਕਾਰੀ ਦਿੱਤੀ। ਉਹਨਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਅਤੇ 10 ਗੁਰੂ ਸਾਹਿਬਾਨ, ਸਿੱਖ ਕਕਾਰਾਂ (ਕੇਸ, ਕੰਗਾ, ਕੜਾ, ਕਿਰਪਾਨ ਅਤੇ ਕਛਹਿਰਾ), ਦਸਤਾਰ, ਲੰਗਰ, ਅਮਰੀਕਾ ਵਿੱਚ ਸਿੱਖਾਂ ਦੀ ਆਮਦ ਆਦਿ ਬਾਰੇ ਜਾਣਕਾਰੀ ਸਾਂਝੀ ਕੀਤੀ ਅਤੇ ਮਹਿਮਾਨਾਂ ਵਲੋਂ ਪੁੱਛੇ ਗਏ ਸਵਾਲਾਂ ਦੇ ਜਵਾਬ ਦਿੱਤੇ। ਸੰਮੀਪ ਗੁਮਟਾਲਾ ਨੇ ਅਗਸਤ 2000 ਵਿੱਚ ਅਮਰੀਕਾ ਪਹੁੰਚਣ ਦੇ ਸਮੇਂ ਦੇ ਆਪਣੇ ਅਨੁਭਵ   ਨੂੰ ਵੀ ਸਾਂਝੇ ਕਰਦਿਆਂ ਦੱਸਿਆ ਕਿ ਕਿਵੇਂ 9/11 ਤੋਂ ਬਾਅਦ ਸਿੱਖ ਵਿਦਿਆਰਥੀਆਂ ਲਈ ਸਥਿਤੀ ਬਦਲ ਗਈ, ਜਦੋਂ ਕਈ ਦਿਨਾਂ ਤੱਕ ਪੰਜਾਬ ਵਿੱਚ ਸਾਡੇ ਪਰਿਵਾਰਕ ਮੈਂਬਰ ਸਾਡੀ ਸੁਰੱਖਿਆ ਨੂੰ ਲੈ ਕੇ ਚਿੰਤਤ ਸਨ। ਇਸ ਲਈ ਉਸ ਤੋਂ ਬਾਅਦ ਯੂਨੀਵਰਸਿਟੀ ਵਿੱਚ ਸਿੱਖ ਭਾਈਚਾਰੇ ਅਤੇ ਹੋਰ ਵੀ ਭਿੰਨ-ਭਿੰਨ ਸੱਭਿਆਚਾਰਾਂ ਬਾਰੇ ਤਜਰਬੇ ਸਾਂਝੇ ਕਰਨ ਲਈ ਅਜਿਹੇ ਸਮਾਗਮਾਂ ਦਾ ਆਯੋਜਨ ਕਰਨਾ ਬਹੁਤ ਮਹੱਤਵਪੂਰਨ ਹੋ ਗਿਆ ਹੈ। 
ਯੂਨੀਵਰਸਿਟੀ ਵਿਖੇ ਇੰਜੀਨਿਅਰਿੰਗ ਵਿੱਚ ਮਾਸਟਰਜ਼ ਕਰ ਰਹੇ ਵਿਦਿਆਰਥੀ ਹਰਰੂਪ ਸਿੰਘ ਅਤੇ ਹਰਸ਼ਦੀਪ ਸਿੰਘ ਨੇ ਦੱਸਿਆ ਕਿ ਇਹ ਬਹੁਤ ਹੀ ਜਾਣਕਾਰੀ ਭਰਪੂਰ ਪ੍ਰੋਗਰਾਮ ਸੀ। ਉਹਨਾਂ ਸਮਾਗਮ ਦੇ ਆਯੋਜਨ ਵਿੱਚ ਸਹੂਲਤ ਕਰਨ ਲਈ ਯੂਨੀਵਰਸਿਟੀ ਦੇ   ਸਟਾਫ ਮੈਂਬਰਾਂ, ਹੋਰ ਵਿਦਿਆਰਥੀ  ਸੰਸਥਾਵਾਂ ਅਤੇ ਯੂ.ਸੀ.ਆਈ.ਈ. ਦਾ ਧੰਨਵਾਦ ਕੀਤਾ। ਉਹਨਾਂ ਕਿਹਾ ਕਿ ਇਸ ਸਮਾਗਮ ਨੇ ਸਾਡੀ ਯੂਨੀਵਰਸਿਟੀ ਦੇ ਭਾਈਚਾਰੇ ਨੂੰ ਇਕੱਠੇ ਹੋਣ,ਸਿੱਖ ਧਰਮ ਬਾਰੇ ਹੋਰ ਜਾਨਣ, ਸਮਝਣ ਅਤੇ ਸਿੱਖ ਸਭਿਆਚਾਰ ਦੇ ਗੌਰਵਮਈ ਵਿਰਸੇ ਤੋਂ ਜਾਣੂ ਕਰਾਉਣ ਲਈ ਇਕ ਵਧੀਆ ਮੌਕਾ ਪ੍ਰਦਾਨ ਕੀਤਾ। ਆਏ ਹੋਏ ਮਹਿਮਾਨਾਂ ਨੇ ਜਿਸ ਵਿੱਚ ਵੱਖ-ਵੱਖ ਮੁਲਕਾਂ ਦੇ ਵਿਦਿਆਰਥੀ ਵੀ  ਸ਼ਾਮਲ ਸਨ, ਨੇ ਉਤਸ਼ਾਹ ਨਾਲ ਹਿੱਸਾ ਲਿਆ।
ਮਹਿਮਾਨਾਂ ਨੇ ਦਸਤਾਰ ਬੰਨਣ ਦਾ ਵੀ ਅਨੁਭਵ ਕੀਤਾ। ਉਹਨਾਂ ਨੂੰ ਡੇਟਨ ਦੇ ਸਿੱਖ ਭਾਈਚਾਰੇ ਦੇ ਮੈਂਬਰਾਂ ਨਾਲ ਗੱਲਬਾਤ ਕਰਨ ਦਾ ਮੌਕਾ ਵੀ ਮਿਲਿਆ ਅਤੇ ਦਸਤਾਰ ਸਜਾਉਣ ਤੋਂ ਬਾਅਦ ਵਿਦਿਆਰਥੀ  ਬਹੁਤ ਹੀ ਮਾਣ ਮਹਿਸੂਸ ਕਰ ਰਹੇ ਸਨ ਅਤੇ ਯੂਨੀਵਰਸਿਟੀ ਵਿੱਚ  ਦਸਤਾਰ ਪਹਿਣ ਕੇ ਘੁੰਮਦੇ ਰਹੇ ਅਤੇ ਆਪਣੀਆਂ ਕਲਾਸਾਂ ਵਿੱਚ ਵੀ ਗਏ। ਉਹਨਾਂ ਇਸ ਦੀ ਮਹੱਤਤਾ, ਵੱਖ-ਵੱਖ ਰੰਗਾਂ ਅਤੇ ਦਸਤਾਰ ਬੰਨਣ ਦੇ ਵੱਖ-ਵੱਖ ਸਟਾਈਲ ਆਦਿ ਬਾਰੇ ਕਈ ਦਿਲਚਸਪ ਸਵਾਲ ਵੀ ਪੁੱਛੇ। ਮਿਸ਼ੇਲ ਸਟ੍ਰੀਟਰ, ਡਾਇਰੈਕਟਰ ਯੂ.ਸੀ.ਆਈ.ਈ. ਨੇ ਸਿੱਖ ਵਿਦਿਆਰਥੀਆਂ ਨੂੰ ਇਸ ਪ੍ਰੋਗਰਾਮ ਨੂੰ ਆਯੋਜਿਤ ਅਤੇ ਕਾਮਯਾਬ ਕਰਨ ਲਈ ਵਧਾਈ ਦਿੱਤੀ।ਉਹਨਾਂ ਕਿਹਾ ਕਿ ਇਸ ਨੇ ਅਮਰੀਕੀ   ਅਤੇ ਅੰਤਰਰਾਸ਼ਟਰੀ ਵਿਦਿਆਰਥੀਆਂ ਨੂੰ ਇਕੱਠੇ ਹੋ ਕੇ ਸਿੱਖ ਵਿਰਸੇ ਬਾਰੇ ਜਾਨਣ ਦਾ ਮੌਕਾ ਦਿੱਤਾ। ਇਸ ਪ੍ਰੋਗਰਾਮ ਵਿੱਚ ਪ੍ਰਦਰਸ਼ਨੀ ਵੀ ਲਗਾਈ ਗਈ, ਜਿਸ ਵਿੱਚ ਦਸਤਾਰ, ਲੰਗਰ, ਮੂਲ ਮੰਤਰ, ਸਿੱਖ ਧਰਮ ਦੇ ਤਿੰਨ ਥੰਮ (ਕਿਰਤ ਕਰਨੀ, ਵੰਡ ਕੇ ਛੱਕਣਾ ਅਤੇ ਨਾਮ ਜਪਣਾ) ਅਤੇ ਅਮਰੀਕਾ ਦੀ ਫ਼ੌਜ ਵਿੱਚ ਸਿੱਖਾਂ ਬਾਰੇ ਜਾਣਕਾਰੀ ਦਿੱਤੀ ਗਈ। ਰਾਈਟ ਸਟੇਟ ਦੇ ਸਾਬਕਾ ਵਿਦਿਆਰਥੀ  ਲ਼ੈਫਟੀਨੈਂਟ ਕਰਨਲ ਡਾ. ਤੇਜਦੀਪ ਸਿੰਘ ਰਤਨ ਜੋ ਕਿ ਇਸ ਸਮੇਂ ਫ਼ੌਜ ਵਿੱਚ ਹਨ, ਬਾਰੇ ਵੀ ਦੱਸਿਆ ਗਿਆ। ਇਸ ਤੋਂ ਇਲਾਵਾ ਸਿੱਖ ਇਤਿਹਾਸ ਅਤੇ ਪਰੰਪਰਾ ਨਾਲ ਸੰਬੰਧਤ ਕਿਤਾਬਾਂ ਕੜੇ, ਕੰਘੇ ਵੀ ਪ੍ਰਦਰਸ਼ਿਤ ਕੀਤੇ ਗਏ। ਆਏ ਮਹਿਮਾਨਾਂ ਨੇ ਪੰਜਾਬੀ ਖਾਣੇ ਦਾ ਆਨੰਦ ਵੀ ਮਾਣਿਆ।
 

sant sagar