ਅਹਿਮ ਗਾਜ਼ਾ ਲਾਂਘੇ ਤੋਂ ਇਜ਼ਰਾਇਲੀ ਫੌਜ ਪਰਤਣੀ ਸ਼ੁਰੂ

ਮੁਗ਼ਰਾਕਾ,(ਇੰਡੋ ਕਨੇਡੀਅਨ ਟਾਇਮਜ਼)- ਇਜ਼ਰਾਇਲੀ ਫੌਜ ਨੇ ਅਹਿਮ ਗਾਜ਼ਾ ਲਾਂਘੇ ਤੋਂ ਫੌਜ ਪਿੱਛੇ ਹਟਾਉਣੀ ਸ਼ੁਰੂ ਕਰ ਦਿੱਤੀ ਹੈ। ਇਜ਼ਰਾਇਲੀ ਅਧਿਕਾਰੀਆਂ ਨੇ ਕਿਹਾ ਕਿ ਹਮਾਸ ਨਾਲ ਜੰਗਬੰਦੀ ਤਹਿਤ ਕੀਤੇ ਗਏ ਵਾਅਦੇ ਮੁਤਾਬਕ ਫੌਜ ਪਿੱਛੇ ਹਟ ਰਹੀ ਹੈ। ਇਜ਼ਰਾਈਲ ਨੇ 6 ਕਿਲੋਮੀਟਰ ਲੰਬੇ ਨੇਤਜ਼ਰੀਮ ਲਾਂਘੇ ਤੋਂ ਫੌਜ ਹਟਾਉਣ ’ਤੇ ਸਹਿਮਤੀ ਜਤਾਈ ਹੈ ਜੋ ਉੱਤਰੀ ਗਾਜ਼ਾ ਨੂੰ ਦੱਖਣ ਨਾਲੋਂ ਵੰਡਦਾ ਹੈ ਜਿਸ ਦੀ ਵਰਤੋਂ ਇਜ਼ਰਾਈਲ ਨੇ ਜੰਗ ਦੌਰਾਨ ਮਿਲਟਰੀ ਜ਼ੋਨ ਵਜੋਂ ਕੀਤੀ ਸੀ। ਪਿਛਲੇ ਮਹੀਨੇ ਜੰਗਬੰਦੀ ਮਗਰੋਂ ਇਜ਼ਰਾਈਲ ਨੇ ਫਲਸਤੀਨੀਆਂ ਨੂੰ ਨੇਤਜ਼ਰੀਮ ਲਾਂਘੇ ਤੋਂ ਉੱਤਰ ਵੱਲ ਆਪਣੇ ਘਰਾਂ ਨੂੰ ਚਾਲੇ ਪਾਉਣ ਦੀ ਇਜਾਜ਼ਤ ਦੇ ਦਿੱਤੀ ਸੀ। ਇਲਾਕੇ ’ਚੋਂ ਫੌਜ ਦੀ ਵਾਪਸੀ ਨਾਲ ਸਮਝੌਤੇ ਦੀ ਇਕ ਹੋਰ ਸ਼ਰਤ ਨੂੰ ਪੂਰਾ ਕਰ ਦਿੱਤਾ ਗਿਆ ਹੈ। ਉਂਜ ਦੋਵੇਂ ਧਿਰਾਂ ਵਿਚਾਲੇ ਸਮਝੌਤੇ ਦੇ ਦੂਜੇ ਪੜਾਅ ਤਹਿਤ ਮਾਮੂਲੀ ਹੀ ਗੱਲ ਅੱਗੇ ਤੁਰੀ ਹੈ। ਇਜ਼ਰਾਈਲ ਦੇ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਨੇ ਜੰਗਬੰਦੀ ਦੇ ਦੂਜੇ ਪੜਾਅ ਲਈ ਵਫ਼ਦ ਕਤਰ ਭੇਜਿਆ ਹੈ। ਮਿਸ਼ਨ ’ਚ ਹੇਠਲੇ ਪੱਧਰ ਦੇ ਅਧਿਕਾਰੀ ਸ਼ਾਮਲ ਕੀਤੇ ਗਏ ਹਨ ਜਿਸ ਨਾਲ ਜੰਗਬੰਦੀ ਸਮਝੌਤਾ ਅੱਗੇ ਨਾ ਵਧਣ ਦਾ ਖ਼ਦਸ਼ਾ ਜਤਾਇਆ ਜਾ ਰਿਹਾ ਹੈ। ਨੇਤਨਯਾਹੂ ਵੱਲੋਂ ਸਮਝੌਤੇ ਦੇ ਦੂਜੇ ਪੜਾਅ ਬਾਰੇ ਇਸ ਹਫ਼ਤੇ ਕੈਬਨਿਟ ਮੰਤਰੀਆਂ ਦੀ ਮੀਟਿੰਗ ਸੱਦੇ ਜਾਣ ਦੀ ਵੀ ਸੰਭਾਵਨਾ ਹੈ। ਨੇਤਜ਼ਰੀਮ ਤੋਂ ਕਾਰਾਂ ਰਾਹੀਂ ਲੋਕਾਂ ਨੂੰ ਲੰਘਣ ਦੀ ਇਜਾਜ਼ਤ ਦਿੱਤੀ ਗਈ ਹੈ। ਇਜ਼ਰਾਇਲੀ ਅਧਿਕਾਰੀਆਂ ਨੇ ਇਹ ਖ਼ੁਲਾਸਾ ਨਹੀਂ ਕੀਤਾ ਕਿ ਕਿੰਨੇ ਜਵਾਨ ਉਥੋਂ ਹਟਾਏ ਗਏ ਹਨ। ਇਸ ਮਾਮਲੇ ਤੋਂ ਵੱਖ ਫਲਸਤੀਨੀ ਸਿਹਤ ਮੰਤਰਾਲੇ ਨੇ ਕਿਹਾ ਕਿ ਐਤਵਾਰ ਨੂੰ ਇਕ 23 ਸਾਲਾਂ ਦੀ ਫਲਸਤੀਨੀ ਮਹਿਲਾ, ਜੋ ਅੱਠ ਮਹੀਨਿਆਂ ਦੀ ਗਰਭਵਤੀ ਸੀ, ਕਬਜ਼ੇ ਵਾਲੇ ਪੱਛਮੀ ਕਿਨਾਰੇ ’ਚ ਇਜ਼ਰਾਈਲ ਵੱਲੋਂ ਕੀਤੀ ਗਈ ਗੋਲੀਬਾਰੀ ’ਚ ਮਾਰੀ ਗਈ। ਇਜ਼ਰਾਈਲ ਵੱਲੋਂ ਇਲਾਕੇ ’ਚ ਵਿਸ਼ੇਸ਼ ਅਪਰੇਸ਼ਨ ਚਲਾਇਆ ਜਾ ਰਿਹਾ ਹੈ।