ਜੇਲ੍ਹ ’ਚੋਂ ਰਿਹਾਈ ਬਾਅਦ ‘ਮੰਨਤ’ ਪਹੁੰਚਿਆ ਆਰੀਅਨ

ਜੇਲ੍ਹ ’ਚੋਂ ਰਿਹਾਈ ਬਾਅਦ ‘ਮੰਨਤ’ ਪਹੁੰਚਿਆ ਆਰੀਅਨ

ਮੁੰਬਈ : ਕਰੂਜ਼ ਡਰੱਗਜ਼ ਕੇਸ ’ਚ ਆਰਥਰ ਜੇਲ੍ਹ ਅੰਦਰ ਬੰਦ ਬੌਲੀਵੁੱਡ ਸਟਾਰ ਸ਼ਾਹਰੁਖ ਖ਼ਾਨ ਦਾ ਪੁੱਤਰ ਆਰੀਅਨ ਖ਼ਾਨ (23) ਅੱਜ 22 ਦਿਨਾਂ ਬਾਅਦ ਜ਼ਮਾਨਤ ’ਤੇ ਘਰ ਪਰਤ ਆਇਆ। ਨਾਰਕੋਟਿਕਸ ਕੰਟਰੋਲ ਬਿਊਰੋ (ਐੱਨਸੀਬੀ) ਨੇ ਉਸ ਨੂੰ 3 ਅਕਤੂਬਰ ਨੂੰ ਗ੍ਰਿਫ਼ਤਾਰ ਕੀਤਾ ਸੀ। ਉਹ ਸਵੇਰੇ 11 ਵਜੇ ਆਰਥਰ ਜੇਲ੍ਹ ’ਚੋਂ ਬਾਹਰ ਨਿਕਲਿਆ ਅਤੇ ਗੇਟ ’ਤੇ ਖੜ੍ਹੀ ਕਾਰ ’ਚ ਬੈਠ ਕੇ ਆਪਣੇ ਘਰ ‘ਮੰਨਤ’ ਲਈ ਰਵਾਨਾ ਹੋ ਗਿਆ। ਸ਼ਾਹਰੁਖ ਦੇ ਬੰਗਲੇ ‘ਮੰਨਤ’ ’ਤੇ ਪੰਜ ਦਿਨ ਪਹਿਲਾਂ ਹੀ ਦੀਵਾਲੀ ਵਰਗਾ ਮਾਹੌਲ ਨਜ਼ਰ ਆਇਆ। ਇਸ ਤੋਂ ਅੱਧਾ ਘੰਟਾ ਪਹਿਲਾਂ ਸ਼ਾਹਰੁਖ ਦਾ ਬਾਡੀਗਾਰਡ ਸਫ਼ੈਦ ਰੰਗ ਦੀ ਰੇਂਜ ਰੋਵਰ ਕਾਰ ’ਚ ਆਇਆ ਅਤੇ ਉਹ ਜੇਲ੍ਹ ਦੇ ਦਰਵਾਜ਼ੇ ਕੋਲ ਆਰੀਅਨ ਦੇ ਬਾਹਰ ਨਿਕਲਣ ਦੀ ਉਡੀਕ ਕਰਦਾ ਰਿਹਾ। ਕਾਰ ਸਵੇਰੇ 9 ਵਜੇ ਹੀ ‘ਮੰਨਤ’ ਤੋਂ ਨਿਕਲ ਕੇ ਜੇਲ੍ਹ ਨੇੜੇ ਪਹੁੰਚ ਗਈ ਸੀ। ਸ਼ਾਹਰੁਖ ਖ਼ਾਨ ਦੇ ਪ੍ਰਸ਼ੰਸਕਾਂ ਦੀ ਵੱਡੀ ਗਿਣਤੀ ਸਵੇਰ ਤੋਂ ਹੀ ਜੇਲ੍ਹ ਦੇ ਬਾਹਰ ਇਕੱਤਰ ਹੋ ਗਈ ਸੀ। ਇਸ ਮੌਕੇ ਵੱਡੀ ਗਿਣਤੀ ’ਚ ਮੀਡੀਆ ਕਰਮੀ ਵੀ ਆਰੀਅਨ ਦੀ ਰਿਹਾਈ ਨੂੰ ਕਵਰ ਕਰਨ ਲਈ ਤਾਇਨਾਤ ਸਨ। ਲੋਕ ਸ਼ਾਹਰੁਖ ਅਤੇ ਆਰੀਅਨ ਦੀ ਇਕ ਝਲਕ ਦੇਖਣ ਲਈ ਹੱਥ-ਪੈਰ ਮਾਰਦੇ ਰਹੇ ਪਰ ਉਨ੍ਹਾਂ ਨੂੰ ਨਿਰਾਸ਼ਾ ਹੀ ਹੱਥ ਲੱਗੀ। ਲੋਕਾਂ ਦਾ ਮੰਨਣਾ ਸੀ ਕਿ ਸ਼ਾਹਰੁਖ ਕਾਰ ਅੰਦਰ ਮੌਜੂਦ ਸੀ। ਉਧਰ ਆਰੀਅਨ ਦੀ ਘਰ ਵਾਪਸੀ ਦਾ ਜ਼ਸਨ ਮਨਾਉਣ ਲਈ ਸ਼ਾਹਰੁਖ ਦੇ ਘਰ ‘ਮੰਨਤ’ ਦੇ ਬਾਹਰ ਵੀ ਲੋਕ ਇਕੱਠੇ ਹੋ ਗਏ ਜਿਸ ਕਾਰਨ ਸੜਕ ਜਾਮ ਹੋ ਗਈ। ਪੁਲੀਸ ਅਤੇ ਸ਼ਾਹਰੁਖ ਖ਼ਾਨ ਦੀ ਪ੍ਰਾਈਵੇਟ ਸੁਰੱਖਿਆ ਨੂੰ ਆਰੀਅਨ ਦੀ ਕਾਰ ਨੂੰ ਘਰ ਅੰਦਰ ਜਾਣ ਲਈ ਲੋਕਾਂ ਨੂੰ ਪਿੱਛੇ ਹਟਾਉਣਾ ਪਿਆ। ਜ਼ਿਕਰਯੋਗ ਹੈ ਕਿ ਆਰੀਅਨ ਦੀ ਜ਼ਮਾਨਤ ’ਤੇ ਰਿਹਾਈ ਵਾਲੀ ਚਿੱਠੀ ਕੱਲ ਦੇਰ ਨਾਲ ਪੁੱਜਣ ਕਾਰਨ ਉਹ ਜੇਲ੍ਹ ’ਚੋਂ ਬਾਹਰ ਨਹੀਂ ਆ ਸਕਿਆ ਸੀ। ਜੇਲ੍ਹ ਅਧਿਕਾਰੀਆਂ ਨੇ ਅੱਜ ਸਵੇਰੇ ਸਾਢੇ 5 ਵਜੇ ਜ਼ਮਾਨਤੀ ਡਾਕ ਪੇਟੀ ’ਚੋਂ ਆਰੀਅਨ ਦੀ ਰਿਹਾਈ ਦੇ ਹੁਕਮਾਂ ਵਾਲੀ ਚਿੱਠੀ ਕੱਢੀ ਅਤੇ ਉਸ ਨੂੰ ਛੱਡਣ ਦਾ ਅਮਲ ਸ਼ੁਰੂ ਹੋਇਆ। ਜੇਲ੍ਹ ਸੁਪਰਡੈਂਟ ਨਿਤਿਨ ਵੇਅਚਲ ਨੇ ਕਿਹਾ ਸੀ ਕਿ ਆਰੀਅਨ ਨੂੰ ਸਵੇਰੇ 10 ਤੋਂ 12 ਵਜੇ ਵਿਚਕਾਰ ਰਿਹਾਅ ਕੀਤਾ ਜਾਵੇਗਾ ਕਿਉਂਕਿ ਹੋਰ ਮੁਲਜ਼ਮਾਂ ਨੂੰ ਵੀ ਉਸ ਨਾਲ ਰਿਹਾਅ ਕੀਤਾ ਜਾਣਾ ਹੈ। ਆਰੀਅਨ ਨਾਲ ਗ੍ਰਿਫ਼ਤਾਰ ਕੀਤੇ ਗਏ ਅਰਬਾਜ਼ ਮਰਚੈਂਟ ਦੇ ਪਿਤਾ ਨੇ ਦੱਸਿਆ ਕਿ ਉਸ ਦੇ ਪੁੱਤਰ ਨੂੰ ਸ਼ਾਮ ਸਮੇਂ ਰਿਹਾਅ ਕੀਤਾ ਜਾਵੇਗਾ।  
ਕਰੂਜ਼ ਡਰੱਗਜ਼ ਕੇਸ: ਨੌਂ ਹੋਰਾਂ ਨੂੰ ਵੀ ਜ਼ਮਾਨਤ ਮਿਲੀ
ਇਥੋਂ ਦੀ ਐੱਨਡੀਪੀਐੱਸ ਅਦਾਲਤ ਨੇ ਕਰੂਜ਼ ਡਰੱਗਜ਼ ਕੇਸ ’ਚ ਗ੍ਰਿਫ਼ਤਾਰ ਅਚਿਤ ਕੁਮਾਰ ਸਮੇਤ ਨੌਂ ਹੋਰਾਂ ਨੂੰ ਅੱਜ ਜ਼ਮਾਨਤ ਦੇ ਦਿੱਤੀ ਹੈ। ਇਸ ਕੇਸ ’ਚ ਹੁਣ ਤੱਕ 20 ’ਚੋਂ 14 ਵਿਅਕਤੀਆਂ ਨੂੰ ਜ਼ਮਾਨਤ ਮਿਲ ਚੁੱਕੀ ਹੈ। ਐੱਨਡੀਪੀਐੱਸ ਅਦਾਲਤ ਨੇ ਆਰੀਅਨ ਖ਼ਾਨ ਨੂੰ ਜ਼ਮਾਨਤ ਦੇਣ ਤੋਂ ਇਨਕਾਰ ਕਰ ਦਿੱਤਾ ਸੀ ਪਰ ਬੰਬੇ ਹਾਈ ਕੋਰਟ ਨੇ ਉਸ ਨੂੰ ਜ਼ਮਾਨਤ ਦੇ ਦਿੱਤੀ ਸੀ। 

ad